ਸਾਡੀ ਕਲਾਸ ਤੇ ਸਾਡੇ ਤੋਂ ਇਕ ਸਾਲ ਸੀਨੀਅਰ ਕਲਾਸ ਦਾ ਟੂਰ ਤੇ ਸ਼ਿਮਲੇ ਜਾਣ ਦਾ ਪ੍ਰੋਗਰਾਮ ਬਣ ਗਿਆ। ਸ਼ਿਮਲੇ ਘੁੰਮਦਿਆਂ ਸਾਰੇ ਇੱਕ ਆਈਸ ਕਰੀਮ ਦੀ ਦੁਕਾਨ ਚ ਵੜ ਗਏ ਤੇ ਕੁਰਸੀਆਂ ਮੱਲ ਬੈਠ ਗਏ। ਤੇ ਬਹਿਰਾ ਵਾਰੋ ਵਾਰੀ ਟੇਬਲਾਂ ਤੇ ਆ ਕੇ ਪੁੱਛੇ ਕਿ ਕਿਹੜੀ ਆਈਸ ਕਰੀਮ ਖਾਓਗੇ? ਕੋਈ ਕਹੇ,” ਅੰਕਲ ਹਮੇਂ ਨਾ ‘ਬੱਟਰ ਸਕਾਚ’ ਲਾ ਦੋ”।
ਦੂਜੇ ਟੇਬਲ ਵਾਲੇ ਕਹਿਣ,” ਹਮੇਂ ‘ਵਨੀਲਾ’ ਲਾ ਦੋ”।
ਇਹ ਸੱਭ ਸੁਣ ਕੇ ਸਾਡੇ ਵਾਲੇ ਟੇਬਲ ਤੇ ਬੈਠਿਆ ਦੀ ਭਾਅ ਦੀ ਬਣ ਗਈ। ਅਸੀਂ ਸਾਰੇ ਪਿੰਡਾਂ ਵਾਲੇ ਸਾਂ ਤੇ ਆਹ ਆਈਸ ਕਰੀਮਾਂ ਦੇ ਨਾਂ ਪਹਿਲੀ ਵਰੀ ਸੁਣ ਰਹੇ ਸਾਂ। ਅਸੀਂ ਤਾਂ ਪਿੰਡਾ ਵਾਲੇ ਹੁਣ ਤੱਕ ਆਈਸ ਕਰੀਮ ਨੂੰ ਵੀ “ਐਸ ਕਰੀਮ” ਹੀ ਕਹਿੰਦੇ ਹੁੰਨੇ ਸਾਂ,ਆਹ ਨਾਂ ਪਹਿਲੀ ਵਾਰ ਸੁਣ ਰਹੇ ਸਾਂ। ਕਰਦੇ ਕਰਾੳਦੇ ਨੂੰ ਬਹਿਰਾ ਜਦੋਂ ਸਾਡੇ ਟੇਬਲ ਦੇ ਨਾਲ ਵਾਲੇ ਟੇਬਲ ਤੇ ਆ ਗਿਆ ਤਾਂ ਅਸੀਂ ਉਧਰ ਕੰਨ ਕਰ ਲਿਆ ਕਿ ਇਹ ਕੀ ਕਹਿੰਦੇ ਤਾਂ ਉਨਾਂ ਚਾਕਲੇਟ ਵਾਲੀ ਮੰਗ ਲਈ।
ਹੁਣ ਸਾਨੂੰ ਆਈਸ ਕਰੀਮ ਦਾ ਚਾਅ ਘੱਟ ਤੇ ਇਹ ਡਰ ਸੱਤਾ ਰਿਹਾ ਸੀ ਕਿ ਕਿਹੜੀ ਆਈਸ ਕਰੀਮ ਆਰਡਰ ਕਰਨੀ ਹੈ ਕਿੳਕਿ ਹੁਣ ਤੱਕ ਸਾਨੂੰ ਨਾਂ ਬੋਲਣੇ ਵੀ ਨਹੀਂ ਸੀ ਆਉਂਦੇ ਕਿੳਕਿ ਸੁਣੇ ਹੀ ਪਹਿਲੀ ਵਾਰ ਸੀ ਤੇ ਡਰਦੇ ਸਾਂ ਕਿ ਕਿਤੇ ਗਲਤ ਬੋਲਣ ਨਾਲ ਹਾਸੇ ਦੇ ਪਾਤਰ ਨਾਂ ਬਣ ਜਾਈਏ।
ਚਲੋ ਜੀ ਉਹ ਘੜੀ ਵੀ ਆ ਗਈ ਤੇ ਜਦੋਂ ਆਰਡਰ ਲੈਣ ਵਾਲੇ ਨੇ ਸਾਡੇ ਟੇਬਲ ਤੇ ਆ ਕੇ ਪੁੱਛਿਆਂ ਤਾਂ ਸਾਡੇ ਵਿੱਚ ਬੈਠਾ ਨੋਨੀ ਬੱਲ ਜੋ ਕਿ ਉਸ ਸਮੇਂ ਦੇ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਦਾ ਮੁੰਡਾ ਸੀ ਤੇ ਸਾਡੇ ਤੋ ਇਕ ਸਾਲ ਸੀਨੀਅਰ ਸੀ ਕਹਿੰਦਾ,” ਮੈਨੂੰ ਤਾਂ “ਟੂਟੀ ਫਰੂਟੀ” ਲਿਆ ਦੋ ਤੇ ਬਾਕੀ ਇਨਾਂ ਨੂੰ ਪੁੱਛ ਲੈ”।
ਸਾਡਾ ਸਾਰਿਆ ਦਾ ਇਹ ਨਿਵੇਕਲਾ ਜਿਹਾ ਨਾਂ ਸੁਣ ਕਿ ਹਾਸਾ ਨਿਕਲ ਗਿਆ ਤੇ ਹਾਸੇ ਵਿੱਚ ਹੀ ਵਲਟੋਹੇ ਵਾਲਾ ਭਾਊ ਨੇ ਮੌਕਾ ਸਾਂਭ ਲਿਆ ਤੇ ਉਸਨੂੰ ਹੱਸਦੇ ਹੋਏ ਕਹਿੰਦਾ,” ਭਰਾਵਾ ਸਾਨੂੰ ਵੀ ਇਹੋ ਟੁੱਟਿਆਂ ਫੁੱਟਿਆ ਜਿਹਾ ਲਿਆ ਦੇ “।
ਲਾਓ ਜੀ ਨਾਲੇ ਖਾਈ ਜਾਈਏ ਤੇ ਨਾਲੇ ਟੂਟੀ ਫਰੂਟੀ ਦਾ ਨਾਂ ਲੈ ਲੈ ਕੇ ਹੱਸੀ ਜਾਈਏ ਤੇ ਨਾਲ ਹੀ ਨੋਨੀ ਬੱਲ ਸਾਹਿਬ ਦਾ ਨਵਾਂ ਨਾਮਕਰਨ ਵੀ ਕਰ ਦਿੱਤਾ ‘ਬੱਲ ਟੂਟੀ ਫਰੂਟੀ’। ਸਾਰੇ ਉਨੂੰ ਉਹਦੀ ਪਿੱਠ ਪਿੱਛੇ ਇਸੇ ਨਾਂ ‘ਬੱਲ ਟੂਟੀ ਫਰੂਟੀ’ਨਾਲ ਬੁਲਾਉਣ ਲੱਗ ਪਏ। 😁
ਜੇ.ਪੀ.ਐਸ.ਕਾਹਲੋਂ
ਅਕਸਰ ਸਬ ਵੇ ਤੇ ਯ ਮੈਕ ਡੀ ਤੇ ਆਰਡਰ ਦੇਣ ਵੇਲੇ ਸਮੀਸਿਆ ਆਉਂਦੀ ਹੈ।