ਅਸੀਂ ਪੰਜ ਭਰਾ ਹੋਣ ਕਰਕੇ ਅਤੇ ਬਚਪਨ ਵਿੱਚ ਸ਼ਰਾਰਤੀ ਹੋਣ ਕਰਕੇ ਬਚਪਨ ਵਿੱਚ ਸਾਡੇ ਘਰੇ ਮਰਾਸੀਆਂ ਦੇ ਘਰ ਵਰਗਾ ਮਹੌਲ ਹੀ ਰਹਿੰਦਾ ਸੀ !
ਘਰ ਵਿੱਚ ਇੱਕ ਹੀ ਇਕਲੌਤਾ ਟੈਲੀਵਿਜ਼ਨ ਸੀ !
ਦਿਨੇ ਤਾਂ ਅਸੀਂ ਸਾਰੇ ਭਰਾ ਰਲ ਕੇ ਟੀ.ਵੀ. ਦੇਖ ਲੈਂਦੇ ਪਰ ਜਦੋਂ ਡੈਡੀ ਸ਼ਾਮ ਨੂੰ ਡਿਊਟੀ ਤੋਂ ਘਰ ਆ ਜਾਂਦਾ ਤਾਂ ਆਥਣੇ ਛੇ ਵਜੇ ਤੋਂ ਬਾਅਦ ਟੀ.ਵੀ. ਦੇਖਣਾ ਮੱਛੀ ਦੀ ਅੱਖ ਦੇਖਣ ਬਰਾਬਰ ਸੀ ! ਡੈਡੀ ਡਿਊਟੀ ਵਾਲੇ ਕੱਪੜੇ ਬਦਲ ਕੇ ਦੋ ਤਿੰਨ ਮੋਟੇ ਜਿਹੇ ਪੈੱਗ ਠੋਕ ਕੇ ਕਮਰੇ ਵਿੱਚ ਆ ਕੇ ਥਾਣੇਦਾਰ ਵਾਂਗੂੰ ਰੋਹਬ ਮਾਰਦਾ,
“ਬੰਦ ਕਰੋ ਓਏ ਇਹਨੂੰ, ਸਾਲੇ ਸਾਰਾ ਦਿਨ ਇਹਦੇ ਸਿਰ੍ਹਾਣੇ ਬੈਠੇ ਰਹਿੰਦੇ ਆ !”
ਅਤੇ ਓਦੋਂ ਟੀ.ਵੀ. ਬੰਦ ਹੋ ਜਾਂਦਾ ਅਤੇ ਅਸੀਂ ਡਰਦੇ ਕਮਰੇ ਵਿੱਚੋਂ ਬਾਹਰ ਭੱਜ ਜਾਂਦੇ !
ਅਸੀਂ ਡਿਸ਼ ਰਿਸੀਵਰ ਦਾ ਰਿਮੋਟ ਹਮੇਸ਼ਾ ਆਪਣੇ ਕੋਲ ਲੁਕੋ ਕੇ ਰੱਖਦੇ ਸੀ !
ਅਤੇ ਕਮਰੇ ਵਿੱਚ ਆ ਕੇ ਉਹਦਾ ਇੱਕ ਹੋਰ ਡਾਇਲਾਗ ਹੁੰਦਾ ਸੀ,
“ਆਹ ਰਿਮੋਟ ਜਿਹਾ ਕਿੱਥੇ ਆ ਓਏ ?
ਫੜਾਓ ਮੈਨੂੰ !”
ਅਸੀਂ ਮਜ਼ਬੂਰੀ ਵਿੱਚ ਨਾ ਚਹੁੰਦੇ ਹੋਏ ਵੀ ਰਿਮੋਟ ਫੜਾ ਦਿੰਦੇ | ਫਿਰ ਡੈਡੀ ਸਾਡੀ ਫਿਲਮ ਵਾਲਾ ਚੈਨਲ ਬਦਲ ਕੇ ਖਬਰਾਂ ਲਗਾ ਲੈਂਦਾ | ਉਸ ਸਮੇਂ ਡੈਡੀ ਕੋਲੋਂ ਰਿਮੋਟ ਪ੍ਰਾਪਤ ਕਰਨਾ ਸ਼ੇਰ ਦੇ ਮੂੰਹ ਵਿੱਚੋਂ ਹੱਡੀ ਕੱਢਣ ਦੇ ਬਰਾਬਰ ਸੀ ! ਸਾਡੀ ਫਿਲਮ ਜਾਂ ਨਾਟਕ ਅਧੂਰਾ ਹੀ ਰਹਿ ਜਾਂਦਾ ਅਤੇ ਅਸੀਂ ਰੋਣਹਾਕੇ ਜਿਹੇ ਹੋ ਕੇ ਦੂਜੇ ਕਮਰੇ ਵਿੱਚ ਚਲੇ ਜਾਂਦੇ !
ਫਿਰ ਅਸੀਂ ਇਸ ਸਮੱਸਿਆ ਤੋਂ ਮੁਕਤੀ ਪ੍ਰਾਪਤ ਕਰਨ ਲਈ ਮੀਟਿੰਗ ਕੀਤੀ ਅਤੇ ਮਤਾ ਪਕਾ ਕੇ ਫੈਸਲਾ ਕੀਤਾ ਕੇ ਪੈਸੇ ਜੋੜ ਕੇ ਇੱਕ ਹੋਰ ਰਿਮੋਟ ਲਿਆਂਦਾ ਜਾਵੇ !
ਫੈਸਲੇ ਉੱਪਰ ਅਮਲ ਹੋਇਆ ਅਤੇ ਅਸੀਂ ਪੈਸੇ ਜੋੜ ਕੇ ਹਫਤੇ ਕੁ ਵਿੱਚ ਹੀ ਡਿਸ਼ ਰਿਸੀਵਰ ਦਾ ਇੱਕ ਹੋਰ ਰਿਮੋਟ ਲੈ ਆਏ ਅਤੇ ਰਿਮੋਟ ਵਿੱਚ ਸੈੱਲ ਪਾ ਕੇ ਤਿਆਰ ਕਰਕੇ ਰੱਖ ਲਿਆ, ਜਿਵੇਂ ਪਿਸਤੌਲ ਵਿੱਚ ਗੋਲੀਆਂ ਪਾ ਕੇ ਤਿਆਰੀ ਕਰਦੇ ਨੇ !
ਆਥਣੇ ਅਸੀਂ ਕਮਰੇ ਵਿੱਚ ਬੈਠੇ ਟੀ.ਵੀ. ਦੇਖ ਰਹੇ ਸੀ !
ਡੈਡੀ ਨੇ ਰੋਜ਼ਾਨਾ ਡਿਊਟੀ ਵਾਲੇ ਕਪੜੇ ਉਤਾਰੇ ਅਤੇ ਪੈੱਗ ਵਾਲਾ ਸਟੀਲ ਦਾ ਗਲਾਸ ਹੱਥ ਵਿੱਚ ਫੜਕੇ ਕਮਰੇ ਵਿੱਚ ਆ ਕੇ ਬੋਲਿਆ,
“ਲਿਆਓ ਓਏ ਆਹ ਰਿਮੋਟ ਜਿਹਾ ਫੜਾਓ ਮੈਨੂੰ ਕਿੱਥੇ ਆ ?, ਸਾਲੇ ਸਾਰਾ ਦਿਨ ਫ਼ਿਲਮਾਂ ਈ ਦੇਖਦੇ ਰਹਿੰਦੇ ਆ !”
ਅਸੀਂ ਰਿਮੋਟ ਫੜਾ ਕੇ ਦੂਜੇ ਕਮਰੇ ਵਿੱਚ ਆ ਗਏ ਅਤੇ ਮੰਮੀ ਦੀ ਪੇਟੀ ਹੇਠ ਲੁਕੋਇਆ ਦੂਜਾ ਰਿਮੋਟ ਕੱਢ ਕੇ ਘਰੋਂ ਬਾਹਰ ਗਲੀ ਵਿੱਚ ਆ ਗਏ, ਜਿੱਥੇ ਕਮਰੇ ਦੀ ਖਿੜਕੀ ਸੀ ਜੋ ਟੀ.ਵੀ. ਦੇ ਸਾਹਮਣ੍ਹੇ ਸੀ ਅਤੇ ਡੈਡੀ ਦੀ ਪਿੱਠ ਵੱਲ ਸੀ !
ਅਸੀਂ ਉਸ ਖਿੜਕੀ ਵਿੱਚੋਂ ਰਿਮੋਟ ਨਾਲ ਰਿਸੀਵਰ ਦਾ ਚੈਨਲ ਬਦਲ ਦਿੱਤਾ !
ਡੈਡੀ ਨੇ ਆਪਣੇ ਰਿਮੋਟ ਨਾਲ ਚੈਨਲ ਦੁਬਾਰਾ ਫਿਰ ਖਬਰਾਂ ਤੇ ਕਰ ਲਿਆ !
ਫਿਰ ਅਸੀਂ ਆਪਣੇ ਰਿਮੋਟ ਨਾਲ ਰਿਸੀਵਰ ਦੀ ਆਵਾਜ਼ ਬੰਦ ਕਰਕੇ ਖਿੜਕੀ ਤੋਂ ਓਹਲੇ ਹੋ ਗਏ !
ਡੈਡੀ ਨੇ ਦੁਬਾਰਾ ਆਵਾਜ਼ ਵੀ ਕਰ ਲਈ !
ਅਸੀਂ ਫਿਰ ਖਿੜਕੀ ਦੇ ਹੇਠਾਂ ਬੈਠ ਕੇ ਚੋਰੀ ਜਿਹੀ ਲਗਾਤਾਰ ਪੰਦਰਾਂ ਵੀਹ ਚੈਨਲ ਅਗਾਂਹ ਕੱਢ ਦਿੱਤੇ !
ਡੈਡੀ ਨੇ ਹੈਰਾਨ ਜਿਹਾ ਹੋ ਕੇ ਆਪਣੇ ਸੱਜੇ ਖੱਬੇ ਅਤੇ ਆਪਣੇ ਅੱਗੇ ਪਿੱਛੇ ਦੇਖਿਆ, ਪਰ ਕਮਰੇ ਵਿੱਚ ਕੋਈ ਨਹੀਂ ਸੀ ! ਡੈਡੀ ਨੇ ਬੜੀ ਮੁਸ਼ਕਿਲ ਨਾਲ ਦੁਬਾਰਾ ਖਬਰਾਂ ਵਾਲਾ ਚੈਨਲ ਲੱਭਿਆ, ਪਰ ਉਦੋਂ ਤੱਕ ਖਬਰਾਂ ਖਤਮ ਹੋ ਚੁੱਕੀਆਂ ਸਨ ਅਤੇ ਮਸਹੂਰੀਆਂ ਚੱਲ ਰਹੀਆਂ ਸਨ ! ਅਸੀਂ ਆਪਣੇ ਰਿਮੋਟ ਤੋਂ ਟੀ.ਵੀ. ਦੀ ਆਵਾਜ਼ ਪੂਰੀ ਫੁੱਲ ਚੱਕ ਦਿੱਤੀ ਅਤੇ ਹੇਠਾਂ ਬੈਠ ਗਏ !
ਇੰਨੀ ਉੱਚੀ ਆਵਾਜ਼ ਸੁਣ ਕੇ ਡੈਡੀ ਇੱਕਦਮ ਘਬਰਾ ਗਿਆ ਅਤੇ ਟੀ.ਵੀ. ਬੰਦ ਕਰਕੇ ਆਪਣੇ ਕਮਰੇ ਵਿੱਚ ਆ ਗਿਆ ਅਤੇ ਰੋਟੀ ਖਾ ਕੇ ਸੌ ਗਿਆ !
ਫਿਰ ਅਸੀਂ ਕਮਰੇ ਵਿੱਚ ਗਏ ਅਤੇ ਕਮਰੇ ਦਾ ਦਰਵਾਜ਼ਾ ਬੰਦ ਕਰਕੇ ਹੌਲੀ ਆਵਾਜ਼ ਵਿੱਚ ਟੀ.ਵੀ. ਚਲਾ ਲਿਆ !
ਫਿਰ ਅਸੀਂ ਆਪਣਾ ਹੱਕ ਪ੍ਰਾਪਤ ਕਰਨ ਲਈ ਹਰ ਰੋਜ਼ ਇਸੇ ਤਰਾਂ ਸੰਘਰਸ਼ ਕਰਦੇ ਰਹੇ ਅਤੇ ਡੈਡੀ ਨੂੰ ਕਦੇ ਪਤਾ ਨਹੀਂ ਲੱਗਿਆ ਕਿ ਆਥਣ ਵੇਲੇ ਟੀ.ਵੀ. ਨੂੰ ਕਿਹੜੀ ਕਸਰ ਹੋ ਜਾਂਦੀ ਸੀ !
– Tejinder Gill