ਡਿਪਲੋਮੇ ਮਗਰੋਂ ਗੁਰਦਾਸ ਅਕੈਡਮੀ ਟੀਚਰ ਲੱਗ ਗਿਆ..ਚੜ੍ਹਦੀ ਉਮਰ..ਬਾਬੇ ਜੀ ਵਰਗਾ ਰੰਗ ਕਦ ਕਾਠ..ਰੋਹਬਦਾਰ ਸ਼ਖਸ਼ੀਤ..ਉੱਤੋਂ ਘਰੋਂ ਛੋਟਾ ਹੋਣ ਕਾਰਨ ਅੰਤਾਂ ਦੀ ਬੇਪਰਵਾਹੀ..ਮੈਂ ਤੁਰਦਾ ਨਹੀਂ ਸਗੋਂ ਉੱਡਦਾ ਹੁੰਦਾ ਸਾਂ!
ਉਸ ਨੇ ਵੀ ਮੈਥੋਂ ਮਹੀਨਾ ਕੂ ਮਗਰੋਂ ਹੀ ਬਤੌਰ ਸਾਇੰਸ ਟੀਚਰ ਜੋਇਨ ਕੀਤਾ ਸੀ..ਹਲਕੇ ਗੁਲਾਬੀ ਰੰਗ ਦਾ ਭਾਅ ਮਾਰਦਾ ਗੋਰਾ ਨਿਛੋਹ ਰੰਗ..ਦਰਮਿਆਨਾ ਕਦ..ਉਹ ਚੰਬੇ ਦੀ ਕਲੀ ਹਮੇਸ਼ਾਂ ਸੂਰਜ ਵੱਲ ਪਿੱਠ ਕਰਕੇ ਹੀ ਬੈਠਦੀ..ਨਹੀਂ ਤਾਂ ਮੂੰਹ-ਮੁਹਾਂਦਰਾਂ ਤੰਦੂਰ ਵਾਂਙ ਭਖਣ ਜੂ ਲੱਗਦਾ..ਸ਼ਾਇਦ ਡਰ ਵੀ ਜਾਂਦੀ ਕੇ ਸਭ ਕੁਝ ਕਿਧਰੇ ਪਿਘਲ ਕੇ ਭੋਏਂ ਤੇ ਹੀ ਨਾ ਜਾ ਡਿੱਗੇ..ਸਿਰ ਤੇ ਹਮੇਸ਼ਾਂ ਹੀ ਲਿਆ ਹੋਇਆ ਦੁੱਪਟਾ ਉਸਦੇ ਪਰਿਵਾਰਿਕ ਸੰਸਕਾਰਾਂ ਦਾ ਹਾਣੀ ਬਣ ਜਾਇਆ ਕਰਦਾ..!
ਮੈਂ ਜਦੋਂ ਵੀ ਤੱਕਦਾ ਮੇਰੀ ਧੜਕਣ ਵੱਧ ਜਾਂਦੀ..ਕਦੇ ਕਦਾਈਂ ਗੱਲ ਕਰਦਿਆਂ ਆਪ ਮੁਹਾਰੇ ਹੀ ਉਭਰ ਆਉਂਦੀ ਇੱਕ ਅਜੀਬ ਜਿਹੀ ਅਸਹਿਜਤਾ ਦੋ ਪਾਸੜ ਸੀ..ਅਧਿਆਪਨ ਸਬੰਧੀ ਗੱਲ ਬਾਤ ਮੁੱਕਣ ਮਗਰੋਂ ਉਹ ਇੰਤਜਾਰ ਕਰਦੀ ਰਹਿੰਦੀ..ਸ਼ਾਇਦ ਮੈਂ ਕੋਈ ਹੋਰ ਗੱਲ ਕਰਾਂਗਾ ਪਰ ਮੈਨੂੰ ਕੋਈ ਹੋਰ ਗੱਲ ਅਹੁੜਦੀ ਹੀ ਨਾ..ਅਖੀਰ ਅਲਵੀਦਾਈ ਦੀ ਕੰਨੀਂ ਫੜ ਓਥੋਂ ਖਿਸਕ ਜਾਂਦਾ..ਮਗਰੋਂ ਬਾਕੀ ਦਾ ਸਾਰਾ ਦਿਨ ਖੁਦ ਨੂੰ ਕੋਸਣ ਵਿਚ ਹੀ ਲੰਘ ਜਾਂਦਾ..!
ਜਿੱਦਾਂ ਆਖਦੇ ਹੁੰਦੇ ਕੇ ਇਸ਼ਕ ਤੇ ਮੁਸ਼ਕ ਭਾਵੇਂ ਜਿਹੜੇ ਮਰਜੀ ਭਾਂਡੇ ਰਿੱਝਣ ਧਰ ਦੇਈਏ..ਆਸੇ ਪਾਸੇ ਨੂੰ ਖੁਸ਼ਬੂ ਆ ਹੀ ਜਾਂਦੀ..ਇੰਝ ਹੀ ਸਾਰਾ ਸਟਾਫ ਕੰਸੋਵਾਂ ਲੈਂਦਾ ਰਹਿੰਦਾ..ਕੁਝ ਮੁਸ਼ਕੜੀਆਂ ਵਿਚ ਹੱਸ ਵੀ ਪੈਂਦੇ..ਕੁਝ ਦਾ ਸਾਰਾ ਧਿਆਨ ਦੋਹਾਂ ਦੇ ਹਾਵ ਭਾਵ ਵੇਖਣ ਤੱਕ ਹੀ ਕੇਂਦਰਿਤ ਹੁੰਦਾ..!
ਦੂਜੇ ਪਾਸੇ ਸੱਚੇ-ਸੁੱਚੇ ਇਸ਼ਕਾਂ ਦੇ ਕੁਝ ਕੂ ਸੁਹਿਰਦ ਕਦਰਦਾਨ ਦਿਲੋਂ ਇਹ ਵੀ ਚਾਹੁੰਦੇ ਸਨ ਕੇ ਇਹ ਸਿਲਸਿਲਾ ਹੋਰ ਅੱਗੇ ਤੀਕਰ ਵਧੇ ਅਤੇ ਤੋੜ ਤੀਕਰ ਪ੍ਰਵਾਨ ਚੜੇ ਅਤੇ ਗ੍ਰਹਿਸਥ ਵਾਲੇ ਦਸਮ ਦਵਾਰ ਵੀ ਖੁਦ-ਬੇਖ਼ੁਦ ਖੁੱਲ ਜਾਵਣ..ਪਰ ਸਾਡੀ ਦੋਹਾ ਦੀ ਹਿਚਕਿਚਾਹਟ ਅਤੇ ਦੋਵੇਂ ਪਾਸੇ ਵਿਚਰਦੀ ਇਹ ਮਾਨਸਿਕਤਾ ਕੇ ਪਹਿਲ ਹਮੇਸ਼ਾਂ ਦੂਜੀ ਧਿਰ ਵੱਲੋਂ ਹੀ ਕੀਤੀ ਜਾਵੇ..ਪਰਨਾਲਾ ਹਮੇਸ਼ ਓਥੇ ਦਾ ਓਥੇ ਹੀ ਰਹਿੰਦਾ!
ਈਕੇਰਾਂ ਡਲਹੌਜੀ ਲੱਗੇ ਕੈਂਪ ਵਿਚ ਸਾਰੇ ਸਟਾਫ ਨੂੰ ਜਾਣਾ ਪਿਆ..ਕੁਝ ਵਿਆਹਿਆਂ ਦੇ ਪਰਿਵਾਰਿਕ ਮੈਂਬਰ ਵੀ..ਇੱਕ ਸ਼ਾਮ ਗਾਂਧੀ ਚੌਂਕ ਤੁਰੇ ਜਾਂਦਿਆਂ ਇੱਕ ਮੈਡਮ ਦੀ ਨਿਕੀ ਧੀ ਰੋਣ ਲੱਗ ਪਈ..ਉਸਨੇ ਪਹਿਲੋਂ ਮੇਰੇ ਵੱਲ ਤੱਕਿਆ ਤੇ ਫੇਰ ਰੋਂਦੀ ਹੋਈ ਧੀ ਨੂੰ ਉਸਦੇ ਕੁੱਛੜ ਚਾੜ ਆਖਣ ਲੱਗੀ..”ਗੁਰਜੀਤ ਪਲੀਜ ਇਸਨੂੰ ਵਾਪਿਸ ਹੋਟਲ ਦੇ ਕਮਰੇ ਵਿਚ ਖੜ ਕੇ ਸੰਵਾ ਦੇ..ਫੇਰ ਮੈਨੂੰ ਵੀ ਏਨੀ ਗੱਲ ਆਖ ਉਸਦੇ ਨਾਲ ਹੀ ਤੋਰ ਦਿੱਤਾ ਕੇ ਇਹ ਕੱਲੀ ਕਿਥੇ ਜਾਂਦੀ ਫਿਰੇਗੀ..ਜਾ ਤੂੰ ਵੀ ਨਾਲ ਚਲਾ ਜਾ ਰਾਖੀ ਲਈ..!
ਅਚਨਚੇਤ ਵਾਪਰੇ ਇਸ ਘਟਨਾ ਕਰਮ ਨੇ ਮੈਨੂੰ ਚਾਬੀ ਵਾਲਾ ਖਿਡੌਣਾ ਜਿਹਾ ਬਣਾ ਦਿੱਤਾ ਤੇ ਅਸੀਂ ਤਿੰਨੋਂ ਚੁੱਪ-ਚੁਪੀਤੇ ਕਮਰੇ ਵਿਚ ਜਾ ਅੱਪੜੇ..ਬੱਚੀ ਨਿੱਕੀ ਜਿਹੀ ਥਾਪੜ ਲੋਰੀ ਮਗਰੋਂ ਹੀ ਗੂੜੀ ਨੀਂਦਰ ਸੋਂ ਗਈ..!
ਬਾਹਰ ਨੂੰ ਖੁੱਲਦੀ ਬਾਰੀ ਥਾਣੀ ਸੰਘਣੇ ਜੰਗਲ ਨੂੰ ਇੱਕਟੱਕ ਵੇਖਦੇ ਹੋਏ ਨੂੰ ਮੈਨੂੰ ਕੋਈ ਹੋਰ ਗੱਲ ਨਹੀਂ ਸੀ ਅਹੁੜ ਰਹੀ..ਅਖੀਰ ਵਜੂਦ ਤੇ ਪਿਆ ਭਾਰ ਲਾਹੁਣ ਖਾਤਿਰ ਆਖ ਦਿੱਤਾ..ਕਿੱਡਾ ਸੋਹਣਾ ਜੰਗਲ ਏ..ਹਰਾ ਭਰਿਆ..ਉਹ ਅੱਗਿਓਂ ਹਾਂਜੀ ਆਖ ਚੁੱਪ ਕਰ ਗਈ..ਸ਼ਾਇਦ ਮੇਰੇ ਮੂਹੋਂ ਕੁਝ ਹੋਰ ਸੁਣਨਾ ਚਾਹੁੰਦੀ ਸੀ!
ਪਰ ਮੇਰਾ ਏਨਾ ਹੀਆ ਵੀ ਨਾ ਪਿਆ ਕੇ ਓਧਰ ਨੂੰ ਵੇਖ ਹੀ ਲਵਾਂ..ਫੇਰ ਲੰਮੇ ਸੰਨਾਟੇ..ਚੁੱਪ..ਇੱਕਾਗ੍ਰਤਾ ਅਤੇ ਇਕੱਲਤਾ ਦੇ ਖਿੱਲਰ ਜਾਂਦੇ ਪਸਾਰੇ ਨੂੰ ਵੀ ਮੈਨੂੰ ਹੀ ਤੋੜਨਾ ਪੈਂਦਾ..ਕਦੀ ਫੁੱਲਾਂ ਦੇ ਹਵਾਲੇ ਦੇ ਕੇ..ਤੇ ਕਦੇ ਬੱਦਲਾਂ ਘਟਾਵਾਂ ਦਾ ਜਿਕਰ ਕਰ ਕੇ..ਇੰਝ ਪਤਾ ਹੀ ਨਾ ਲੱਗਾ ਕਦੋਂ ਪੌਣਾ ਘੰਟਾ ਨਿੱਕਲ ਗਿਆ..ਪਰ ਉਸਦੇ ਕੰਨ ਜੋ ਸੁਣਨਾ ਚਾਹੁੰਦੇ ਸਨ ਉਹ ਮੇਰੀ ਜੁਬਾਨ ਬਿਆਨ ਨਾ ਕਰ ਸਕੀ!
ਮਗਰੋਂ ਨਿੱਕੀ ਜਾਗ ਪਈ ਤੇ ਟਰੈਕਿੰਗ ਤੇ ਗਿਆ ਸਾਰਾ ਗਰੁੱਪ ਵੀ ਵਾਪਿਸ ਪਰਤ ਆਇਆ..ਤੇ ਮੇਰੇ ਕੋਲ ਬੈਠੀ ਉਹ ਵੀ ਇੱਕ ਲੰਮਾ ਸਾਰਾ ਸਾਹ ਲੈ ਓਥੋਂ ਰਵਾਨਗੀ ਪਾ ਗਈ..!
ਮਗਰੋਂ ਮੈਂ ਆਪਣਾ ਮੂੰਹ ਗੋਡਿਆਂ ਤੇ ਰੱਖੀਆਂ ਦੋਵੇਂ ਕੂਹਣੀਆਂ ਦੇ ਸਿਰਿਆਂ ਤੇ ਬਣ ਗਈ ਪੰਜਿਆਂ ਦੀ ਇੱਕ ਚੌੜੀ ਚਾਦਰ ਵਿਚ ਲੁਕੋ ਕਿੰਨੀ ਦੇਰ ਗੁੰਮ-ਸੁੰਮ ਓਥੇ ਹੀ ਬੈਠਾ ਰਿਹਾ..!
ਬਾਡਰ ਇਲਾਕੇ ਦਾ ਮਝੈਲ..ਸ਼ਾਇਦ ਬਾਪੂ ਦੇ ਛਿੱਤਰ ਅਤੇ ਮਾਂ ਦੀਆਂ ਨਸੀਹਤਾਂ ਦਾ ਚੰਡਿਆ ਹੋਇਆ ਇਹਨਾਂ ਕੰਮਾਂ ਲਈ ਬਣਿਆ ਹੀ ਨਹੀਂ ਸਾਂ..!
ਫੇਰ ਇੱਕ ਦਿਨ ਦਿੱਲ ਤੇ ਇੱਕ ਵੱਡੀ ਸਿਲ ਰੱਖ ਓਸੇ ਮੈਡਮ ਰਾਹੀ ਉਸਨੂੰ ਇੱਕ ਸੁਨੇਹਾਂ ਘੱਲ ਦਿੱਤਾ..ਪਰ ਇਥੇ ਵੀ ਸਾਰੀ ਬਾਜੀ ਪੁੱਠੀ ਪੈ ਗਈ..ਪੀ.ਟੀ ਕਰਾਉਂਦੇ ਕੋਲ ਆ ਕੇ ਲਾਲ ਸੁਰਖ ਅੱਖਾਂ ਨਾਲ ਆਖਣ ਲੱਗੀ ਕੇ ਜੇ ਖੁਦ ਕੁਝ ਆਖਣ ਦੀ ਹਿੰਮਤ ਨਾ ਹੋਵੇ ਤਾਂ ਵਿਚੋਲੇ ਨਹੀਂ ਪਾਈਦੇ..!
ਫੇਰ ਇੱਕ ਦਿਨ ਮੈਂ ਚੁੱਪ ਚੁਪੀਤੇ ਫੌਜ ਵਿਚ ਭਰਤੀ ਹੋ ਗਿਆ..ਫੇਅਰਵੈਲ ਪਾਰਟੀ ਵਿਚ ਉਚੇਚਾ ਤੋਹਫ਼ਾ ਦੇਣ ਆਈ..ਅੱਖੀਆਂ ਵਿਚ ਹੰਝੂ ਸਨ..ਓਦੋਂ ਵੱਧ ਸ਼ਾਇਦ ਉਸਦਾ ਦਿਲ ਰੋ ਰਿਹਾ ਸੀ..ਇਸ ਪਛਤਾਵੇ ਕਰਕੇ ਕੇ ਜੇ ਇੱਕ ਘੋਗਲ ਕੰਨੇ ਨੂੰ ਅਕਲ ਨਹੀਂ ਸੀ ਤਾਂ ਮੈਨੂੰ ਹੀ ਪਹਿਲ ਕਰ ਲੈਣੀ ਚਾਹੀਦੀ ਸੀ..!
ਖੈਰ ਗੁਲਾਬੀ ਰੰਗ ਦੀ ਉਹ ਬੁਸ਼ਰ੍ਟ ਪਾਉਣ ਦਾ ਮੇਰਾ ਕਦੀ ਹੀਆ ਨਹੀਂ ਪਿਆ..ਉਂਝ ਦੀ ਉਂਝ ਹੀ ਲਫਾਫੇ ਵਿਚ ਬੰਦ..ਕਦੇ ਕਦੇ ਕੱਢ ਵੇਖ ਜਰੂਰ ਲਿਆ ਕਰਦਾ!
ਮੇਰੇ ਫੌਜੀ ਜੀਵਨ ਦੇ ਔਖੇ ਮਰਹਲੇ..ਬੰਬਾਂ ਗੋਲੀਆਂ ਦਾ ਸਾਥ..ਬੰਦੂਕਾਂ ਦੀਆਂ ਛਾਵਾਂ..ਸੰਗੀਨਾਂ ਦੀਆਂ ਨੋਕਾਂ..ਜੰਗਲ ਬੇਲੇ ਜਨੌਰ ਸੱਪ ਕੀਟ ਪਤੰਗੇ..ਇਸ ਸਭ ਕੁਝ ਦੇ ਵਿਚ ਉਸਦਾ ਚੇਤਾ ਆ ਜਾਂਦਾ ਤਾਂ ਮੋਮ ਵਾਂਙ ਪਿਘਲ ਜਾਂਦਾ..!
ਉਹ ਵਿਲੱਖਣ ਅਤੇ ਪਵਿੱਤਰ ਸੀ..ਉਸਦੀ ਸੋਚ ਸਪਸ਼ਟ ਸੀ..ਸੱਜਰੀ ਸੁਵੇਰ ਨੂੰ ਪੱਤੇ ਤੇ ਪਈ ਤ੍ਰੇਲ ਵਾਂਙ ਤਰੋ ਤਾਜਾ..ਹਵਾ ਦੇ ਬੁਲ੍ਹੇ ਵਾਂਙ..!
ਫੇਰ ਇੱਕ ਦਿਨ ਜਿਸ ਰੂਹ ਨਾਲ ਲਾਵਾਂ ਲਈਆਂ ਉਹ ਵੀ ਕਿਸੇ ਚਮਤਕਾਰ ਤੋਂ ਘੱਟ ਨਹੀਂ ਸੀ..ਦਿਲੋਂ ਪਿਆਰ ਕਰਨ ਵਾਲੀ..ਕਦੇ ਕਦਾਈਂ ਮੇਰੀ ਜਮੀਰ ਜੇ ਏਨੀ ਗੱਲ ਪੁੱਛ ਲਵੇ ਕੇ ਦੋਹਾਂ ਵਿਚੋਂ ਬੇਹਤਰ ਕੌਣ ਏ ਤਾਂ ਇਕ ਵੇਰ ਫੇਰ ਓਸੇ ਸ਼ਸ਼ੋਪੰਝ ਵਿਚ ਪੈ ਜਾਂਦਾ ਹਾਂ..ਜਿਸ ਨਾਲ ਕਦੇ ਡਲਹੌਜੀ ਸ਼ਹਿਰ ਦੇ ਹੋਟਲ ਵਿਚ ਦੋ ਚਾਰ ਹੋਇਆ ਸਾਂ!
ਅੱਜ ਵੀ ਜਦੋਂ ਕਦੇ ਕਿਸੇ ਖੁੱਲੀ ਤਾਕੀ ਵਿਚੋਂ ਉਸਦੇ ਜੰਮੂ ਸ਼ਹਿਰ ਵਾਲੇ ਪਾਸੇ ਵੱਲ ਝਾਤ ਮਾਰ ਲਵਾਂ ਤਾਂ ਇੱਕ ਪਰੀ ਲੋਕ ਵਿਚ ਅਪੜ ਜਾਂਦਾ ਹਾਂ..ਓਹੀ ਪਰੀ ਲੋਕ ਜਿਥੋਂ ਕਦੇ ਇੱਕ ਪਾਕ ਪਵਿੱਤਰ ਮੁਹੱਬਤ ਨੇ ਜਨਮ ਲਿਆ ਸੀ..ਉਹ ਮੁਹੱਬਤ ਜਿਸਦੇ ਮਾਈਨੇ ਕਦਰਾਂ ਕੀਮਤਾਂ ਅਤੇ ਮਿਆਰ ਅੱਜ ਬੇਸ਼ੱਕ ਇਕ ਸਾਜਿਸ਼ ਤਹਿਤ ਬਦਲ ਦਿੱਤੇ ਗਏ ਹਨ..ਪਰ ਹੱਥ ਆਏ ਅਤੇ ਵੱਸ ਪਏ ਸ਼ਿਕਾਰ ਦੇ ਮਾਨਸਿਕ ਅਤੇ ਸ਼ਰੀਰਕ ਸ਼ੋਸਣ ਨੂੰ ਇੱਕ ਵੱਡੀ ਪ੍ਰਾਪਤੀ ਵਾਂਙ ਦਰਸਾਉਂਦੇ ਇਸ ਆਲੇ ਦਵਾਲੇ ਵਿਚ ਮੈਨੂੰ ਖੁਦ ਤੇ ਮਾਣ ਏ ਕੇ ਮੈਥੋਂ ਕੋਈ ਵਧੀਕੀ ਨਹੀਂ ਸੀ ਹੋਈ..ਦਸਮ ਪਿਤਾ ਵੱਲੋਂ ਬਖਸ਼ਿਆ ਜਾਬਤਾ ਅਖੀਰ ਤੀਕਰ ਕਾਇਮ ਰਖਿਆ ਸਿਵਾਏ ਇਸ ਦੇ ਕੇ ਦਿੱਲੀਂ ਜੱਜਬਾਤ ਕਦੇ ਵੀ ਆਪਣੀ ਜੁਬਾਨ ਤੇ ਨਾ ਲਿਆ ਸਕਿਆ!
ਕਈ ਵੇਰ ਅਧੂਰੀ ਰਹਿ ਗਈ ਦਾ ਇਹਸਾਸ ਪੂਰੀ ਹੋ ਗਈ ਨਾਲੋਂ ਵੀ ਕਿਤੇ ਵੱਧ ਮਿੱਠਾ ਹੁੰਦਾ ਏ!
(ਸੱਚ ਵਾਪਰਿਆ ਬਿਰਤਾਂਤ)
ਹਰਪ੍ਰੀਤ ਸਿੰਘ ਜਵੰਦਾ