“ਤੂੰ ਤਾਂ ਬੜੀ ਭੋਲੀ ਨਿਕਲੀ, ਮੈਂ ਤਾਂ ਤੈਨੂੰ ਬੜੀ ਸਿਆਣੀ ਸਮਝਦੀ ਸੀ। ਭਲਾ ਏਦਾਂ ਵੀ ਕੋਈ ਕਰਦਾ।” ਸੀਮਾ ਨੇ ਕਿਹਾ
“ਏਦਾਂ ਕਿਉਂ ਕਹਿੰਦੀ ਆਂ ?” ਸ਼ਾਰਦਾ ਬੋਲੀ
“ਹੋਰ ਕੀ, ਤੈਨੂੰ ਤਾਂ ਉਹ ਬੇਵਕੂਫ ਬਣਾ ਕੇ ਚਲੀ ਗਈ।” ਸੀਮਾ ਨੇ ਮਜ਼ਾਕ ਉਡਾਉਂਦੇ ਹੋਏ ਸ਼ਾਰਦਾ ਨੂੰ ਕਿਹਾ
“ਬੇਵਕੂਫੀ ਦੀ ਗੱਲ ਨਹੀਂ, ਉਹਨੂੰ ਚਾਹੀਦੇ ਸੀ ਪੈਸੇ।” ਸ਼ਾਰਦਾ ਨੇ ਕਿਹਾ
“ਉਹਨੇ ਕਿਹਾ ਪੈਸੇ ਚਾਹੀਦੇ ਤੇ ਤੂੰ ਮੰਨ ਲਿਆ ਤੇ ਦੇ ਵੀ ਦਿੱਤੇ। ਇਹ ਤਾਂ ਕੰਮ ਵਾਲੀਆਂ ਦੇ ਢੰਗ ਹੁੰਦੇ ਆ ਪੈਸੇ ਲੈਣ ਦੇ। ਤੈਨੂੰ ਪਤਾ ਨਹੀਂ।” ਸੀਮਾ ਨੇ ਕਿਹਾ
ਫੇਰ ਕੁਝ ਸੋਚ ਕੇ ਬੋਲੀ,”ਤੂੰ ਤਾਂ ਕੰਮ ਵਾਲੀ ਵੀ ਪਹਿਲੀ ਵਾਰ ਰੱਖੀ ਆ। ਅਜੇ ਦੋ ਮਹੀਨੇ ਹੀ ਹੋਏ ਆ ਨਾ ?”
“ਹਾਂ……”ਸ਼ਾਰਦਾ ਨੇ ਕਿਹਾ
“ਤਦੇ….ਈ….. ਚਲ ਕੋਈ ਨਾ ਹੌਲੀ ਹੌਲੀ ਆਪੇ ਪਤਾ ਲੱਗ ਜਾਉ …… ਚੰਗਾ ਮੈਂ ਚਲਦੀ ਆਂ।” ਕਹਿ ਕੇ ਸੀਮਾ ਆਪਣੇ ਘਰ ਚਲੀ ਗਈ।
ਸ਼ਾਰਦਾ ਨੇ ਦੋ ਮਹੀਨੇ ਪਹਿਲਾਂ ਹੀ ਘਰ ਦੀ ਸਫ਼ਾਈ ਕਰਨ ਲਈ ਤਾਰਾ ਨੂੰ ਲਗਾਇਆ ਸੀ। ਦੋ ਦਿਨ ਪਹਿਲਾਂ ਤਾਰਾ ਨੇ ਸ਼ਾਰਦਾ ਨੂੰ ਕਿਹਾ ਕਿ ਉਸ ਦੇ ਸਹੁਰੇ ਦੀ ਮੌਤ ਹੋ ਗਈ ਹੈ, ਉਸ ਨੂੰ ਇਕ ਹਫ਼ਤੇ ਦੀ ਛੁੱਟੀ ਤੇ ਅਗਲੇ ਮਹੀਨੇ ਦੀ ਤਨਖਾਹ ਵੀ ਪੇਸ਼ਗੀ ਚਾਹੀਦੀ ਹੈ। ਕਿਉਂਕਿ ਉਸਨੂੰ ਪਿੰਡ ਜਾ ਕੇ ਉਥੇ ਖ਼ਰਚਾ ਕਰਨਾ ਪਵੇਗਾ। ਸ਼ਾਰਦਾ ਉਸਦੀ ਮੁਸ਼ਕਲ ਸਮਝਕੇ ਉਸਨੂੰ ਪੈਸੇ ਦੇ ਦਿੰਦੀ ਹੈ।
ਅੱਜ ਜਦੋਂ ਸ਼ਾਰਦਾ ਦੀ ਗੁਆਂਢਣ ਸੀਮਾ ਆਈ ਤਾਂ ਗੱਲਾਂ ਗੱਲਾਂ ਵਿੱਚ ਸ਼ਾਰਦਾ ਨੇ ਸੀਮਾ ਨੂੰ ਇਹ ਸਭ ਦੱਸਿਆ। ਸੀਮਾ ਦਾ ਸੋਚਣਾ ਸੀ ਕਿ ਤਾਰਾ ਨੇ ਸ਼ਾਰਦਾ ਨੂੰ ਝੂਠ ਬੋਲ ਕੇ ਪੈਸੇ ਲੈ ਲਏ ਹਨ। ਹੁਣ ਤਾਰਾ ਵਾਪਸ ਨਹੀਂ ਆਏਗੀ।
ਸ਼ਾਰਦਾ ਸੋਚਦੀ ਹੈ ਚਲੋ ਜੋ ਹੋਏਗਾ ਦੇਖਿਆ ਜਾਏਗਾ।
ਇਕ ਹਫਤੇ ਬਾਅਦ ਤਾਰਾ ਨਹੀਂ ਆਈ। ਦੱਸ ਦਿਨ ਹੋ ਗਏ ਉਹ ਨਾ ਆਈ। ਉਹ ਫੋਨ ਵੀ ਨਹੀਂ ਚੁੱਕ ਰਹੀ ਸੀ। ਸ਼ਾਰਦਾ ਨੂੰ ਵੀ ਲੱਗਿਆ ਕਿ ਤਾਰਾ ਨੇ ਝੂਠ ਹੀ ਬੋਲਿਆ ਸੀ।
ਪੰਦਰਾਂ ਦਿਨਾਂ ਬਾਅਦ ਇਕ ਦਿਨ ਤਾਰਾ ਆਈ। ਉਸ ਦੇ ਸਰੀਰ ਤੇ ਸੱਟਾ ਦੇ ਨਿਸ਼ਾਨ ਸੀ। ਉਸਨੇ ਸ਼ਾਰਦਾ ਕੋਲੋਂ ਮਾਫੀ ਮੰਗਦੇ ਹੋਏ ਦੱਸਿਆ ਕਿ ਪਿੰਡ ਤੋਂ ਆਉਂਦਿਆਂ ਹੋਇਆਂ ਉਨਾਂ ਦਾ ਐਕਸੀਡੈਂਟ ਹੋ ਗਿਆ ਸੀ। ਉਹਦੇ ਤੇ ਘਰਵਾਲੇ ਤੇ ਕਾਫੀ ਸੱਟਾਂ ਲੱਗੀਆਂ। ਤਾਰਾ ਦਾ ਫੋਨ ਵੀ ਟੁੱਟ ਗਿਆ ਸੀ।
ਸ਼ਾਰਦਾ ਨੇ ਆਪਣੀ ਗੁਆਂਢਣ ਸੀਮਾ ਬਾਰੇ ਦੱਸਿਆ।
ਤਾਰਾ ਨੇ ਸ਼ਾਰਦਾ ਨੂੰ ਕਿਹਾ,”ਲੋਕ ਛੇਤੀ ਕਰਕੇ ਵਿਸ਼ਵਾਸ ਨਹੀਂ ਕਰਦੇ। ਤੁਸੀਂ ਮੇਰੇ ਤੇ ਭਰੋਸਾ ਕਰਕੇ ਮੇਰੀ ਮਦਦ ਕੀਤੀ। ਮੈਂ ਇਹ ਭਰੋਸਾ ਕਦੇ ਟੁੱਟਣ ਨਹੀਂ ਦੇਣਾ। ਸਾਰੇ ਇਕੋ ਜਿਹੇ ਨਹੀਂ ਹੁੰਦੇ। ਧੋਖਾ ਕੋਈ ਵੀ ਦੇ ਸਕਦਾ ਹੈ। ਧੋਖਾ ਦੇਣਾ ਸੌਖਾ ਹੁੰਦਾ ਭਰੋਸਾ ਜਿੱਤਣਾ ਔਖਾ ਹੈ। ਸ਼ਾਇਦ ਸੀਮਾ ਬੀਬੀ ਜੀ ਨਾਲ ਕਿਸੇ ਨੇ ਧੋਖਾ ਕੀਤਾ ਹੋਵੇ ਤਾਂ ਹੀ ਉਹ ਭਰੋਸਾ ਨਹੀਂ ਕਰਦੇ। ਘਰਾਂ ਵਿੱਚ ਕੰਮ ਕਰਨ ਵਾਲੇ ਵੀ ਇਮਾਨਦਾਰ ਹੁੰਦੇ ਹਨ।”
ਸ਼ਾਰਦਾ ਪੂਰੀ ਤਰ੍ਹਾਂ ਤਾਰਾ ਨਾਲ ਸਹਿਮਤ ਸੀ।
ਪਰਵੀਨ ਕੌਰ, ਲੁਧਿਆਣਾ
ਹਾਂ ਜੀ ਪੰਜੇ ਉਂਗਲਾਂ ਇੱਕੋ ਜੇਹੀਆਂ ਨਹੀਂ ਹੁੰਦੀਆਂ