ਉਸ ਦਾਤੇ ਦੀਆਂ ਦਾਤਾਂ ਨੇ ਤੇ ਸਾਡੇ ਕਰਮਾਂ ਦਾ ਫਲ ਹੈ।ਕਦੀ ਵਾਹਿਗੁਰੂ ਬਹੁਤ ਕੁਝ ਦਿੰਦਾ ਹੈ ਤੇ ਕਿਤੇ ਝੋਲੀ ਭਰ ਕੇ ਵੀ ਸੱਖਣੀ ਕਰ ਦਿੰਦਾ ਹੈ। ਮਨੁੱਖ ਦੇ ਹਥ ਵਸ ਕੁਝ ਨਹੀਂ, ਸਭ ਡੋਰਾਂ ਉਸੇ ਅਕਾਲ ਪੁਰਖ ਦੇ ਹੱਥ ਨੇ ।
ਮੇਰੀ ਕਲਾਸ ਦੀ ਬੱਚੀ ਕਈ ਦਿਨ ਬਾਅਦ ਆਈ ਤਾਂ ਉਸਦੇ ਫੁੱਫੜ ਜੀ ਨੇ ਦੱਸਿਆ, ਮੈਡਮ ਜੀ ਇਹ ਪਹਿਲਾ ਬੀਮਾਰ ਸੀ ਤੇ ਫਿਰ ਸਾਡੀ ਪੋਤੀ ਦਾ ਪਹਿਲਾ ਜਨਮ ਦਿਨ ਸੀ ਤਾਂ ਅਸੀਂ ਛੁੱਟੀਆਂ ਕਰਵਾਈਆਂ।ਆਪੇ ਦੱਸਣ ਲੱਗੇ ਮੇਰੇ ਮੁੰਡੇ ਘਰ ਕੋਈ ਬੱਚਾ ਨਹੀਂ ਹੋਇਆ ਤੇ ਉਹਨੇ ਆਪਣੀ ਸਾਲੀ ਦੀ ਕੁੜੀ ਝੋਲੀ ਪਵਾਈ ਸੀ ਤੇ ਹੁਣ ਉਸ ਬੱਚੀ ਦਾ ਪਹਿਲਾ ਜਨਮ ਦਿਨ ਸੀ। ਚਲੋ ਉਹ ਬੱਚੀ ਨੂੰ ਪਿਆਰ ਦੇ ਕੇ ,ਕਲਾਸ ਵਿਚ ਬਿਠਾ ਕੇ ਘਰ ਚਲੇ ਗਏ ਤੇ ਘੰਟੇ ਕੁ ਬਾਅਦ ਫਿਰ ਆ ਗਏ । ਉਹਨਾਂ ਹਮੇਸ਼ਾਂ ਗਲ ਫਤੂਹੀ ਪਾਈ , ਚਾਦਰਾ ਬੰਨਿਆ ਤੇ ਪਟਕਾ ਲਪੇਟਿਆ ਹੁੰਦਾ ਹੈ। ਹੁਣ ਪੱਗ ਬੰਨੀ ਹੋਈ ਤੇ ਕਲਾਸ ਵਿਚ ਆਉਂਦੇ ਦੇਖ ਅੰਦਾਜ਼ਾ ਲਾਇਆ ਕਿ ਸ਼ਾਇਦ ਕੋਈ ਚੀਜ ਦੇਣ ਆਏ ਨੇ ਪਰ ਆਉਂਦਿਆਂ ਸਾਰ ਕੁੜੀ ਨੂੰ ਛੁੱਟੀ ਦੇਣ ਲਈ ਆਖਿਆ।ਮੈਂ ਕਿਹਾ ਪਹਿਲਾਂ ਬਹੁਤ ਹੋ ਗਈਆਂ ਨੇ ,ਹੁਣ ਨਾ ਲੈ ਕੇ ਜਾਓ।ਅੱਖਾਂ ਭਰੀ ਖੜੇ ,ਕਹਿੰਦੇ ਮੈਡਮ ਜੀ ਮੇਰੇ ਭਰਾ ਦੀ ਨੂੰਹ ਪੂਰੀ ਹੋ ਗਈ । ਇਹਨੂੰ ਲੈ ਕੇ ਜਾਣਾ ।ਅਫਸੋਸ ਕੀਤਾ ਤੇ ਬਾਲ ਬੱਚੇ ਕਿੱਡੇ ਕੁ ਨੇ ,ਪੁੱਛਿਆ। ਕਹਿੰਦੇ ਕਲ 12,ਵਜੇ ਮੁੰਡਾ ਹੋਇਆ ਤੇ ਤੜਕੇ ਸਾਰ ਪੂਰੀ ਹੋ ਗਈ। ਅਜੇ ਤਾਂ ਮੁੰਡੇ ਨੂੰ ਗੋਦੀ ਚ ਨਹੀਂ ਲਿਆ।ਸੁਣਦਿਆਂ ਹੀ ਮੇਰਾ ਮਨ ਭਰ ਆਇਆ, ਅੱਖਾਂ ਨਮ ਹੋ ਗਈਆਂ। ਵਾਹਿਗੁਰੂ ਕੀ ਕਰਦਾ ਏਂ, ਹਾਏ ਰੱਬਾ ਬੱਚੇ ਨੂੰ ਮਾਂ ਨੂੰ ਦੇਖਣ ਤੋਂ ਪਹਿਲਾਂ ਹੀ ਵਿਛੋੜਾ ਪਾ ਦਿੱਤਾ। ਪਰ ਕੋਈ ਇੱਥੇ ਕੀ ਕਰੇ ,ਵਾਹਿਗੁਰੂ ਦੇ ਰੰਗ ਨੇ। ਉਸ ਦੀ ਰਜ਼ਾ ਵਿੱਚ ਰਹਿਣਾ ਈ ਪੈਣਾ।
ਮਨਦੀਪ ਕੌਰ ਰਤਨ