ਤੁਸੀਂ ਪੜ੍ਹ ਚੁੱਕੇ ਹੋ ਕਿ ਛਿੰਦਾ ਆਪਣੀ ਵੱਡੀ ਭਾਬੀ ਕੋਲ ਬੈਠਾ ਰੋਟੀ ਖਾ ਰਿਹਾ ਸੀ ਤੇ ਗੱਲਾਂ ਗੱਲਾਂ ਵਿੱਚ ਹੀ ਭਾਬੀ ਨੇ ਉਸ ਦੇ ਵਿਆਹ ਦੀ ਗੱਲ ਤੋਰ ਦਿੱਤੀ। ਹੁਣ ਅੱਗੇ ਪੜ੍ਹੋ……
“ਦੱਸ ਭਾਬੀ ਅੱਜ ਮੇਰੇ ਵਿਆਹ ਦਾ ਖਿਆਲ ਕਿੱਥੋਂ ਆ ਗਿਆ….”
“ਵੇਖ ਛਿੰਦੇ,ਤੂੰ ਹੁਣ ਤੀਹਾਂ ਤੋਂ ਟੱਪ ਗਿਆ।ਤੇਰੀ ਵਿਆਹ ਦੀ ਉਮਰ ਲੰਘਦੀ ਜਾਂਦੀ ਆ,ਨਾਲੇ ਲੋਕਾਂ ਅਤੇ ਸ਼ਰੀਕੇ ਭਾਈਚਾਰੇ ਨੇ ਵੀ ਗੱਲਾਂ ਬਣਾਉਣੀਆਂ ਹਨ ਕਿ ਆਪਣੇ ਮਤਲਬ ਲਈ ਭਰਾਵਾਂ ਅਤੇ ਭਾਬੀਆਂ ਨੇ ਛਿੰਦੇ ਨੂੰ ਛੜਾ ਰੱਖ ਲਿਆ।”
“ਲੋਕਾਂ ਨੂੰ ਕਹੀ ਜਾਣ ਦੇ ਭਾਬੋ,ਮੈਂ ਤੇ ਜਾਣਦਾ ਹਾਂ ਕਿ ਤੁਸੀਂ ਸਾਰੇ ਮੇਰਾ ਕਿੰਨਾ ਕਰਦੇ ਜੇ।ਲੋਕਾਂ ਦੇ ਪਿੱਛੇ ਲੱਗਣਾ ਹੁੰਦਾ ਤਾਂ ਮੈਂ ਕਦੋਂ ਦਾ ਜੁੱਲੀ ਬਿਸਤਰਾ ਲੈ ਕੇ ਵੱਖਰਾ ਹੋ ਜਾਂਦਾ।
“ਪਰ ਛਿੰਦੇ,ਸਚਾਈ ਤੋਂ ਮੂੰਹ ਵੀ ਨਹੀਂ ਮੋੜਿਆ ਜਾ ਸਕਦਾ।ਤੂੰ ਆਪਣਾ ਘਰ ਬਾਰ ਵਸਾ ਲਵੇਂਗਾ ਤਾਂ ਅਸੀਂ ਵੀ ਆਪਣੀ ਜਿੰਮੇਵਾਰੀ ਤੋਂ ਸੁਰੂਖਰੂ ਹੋ ਜਾਂਦੇ।ਜੇ ਕਿਤੇ ਬੇਬੇ ਬਾਪੂ ਜੀਂਦੇ ਹੁੰਦੇ ਤਾਂ ਹੋਰ ਗੱਲ ਸੀ।”ਬੇਬੇ ਬਾਪੂ ਦੀ ਗੱਲ ਕਰਦਿਆਂ ਦੋਹਾਂ ਦੀਆਂ ਅੱਖਾਂ ਸਿੱਲੀਆਂ ਹੋ ਗਈਆ।
“ਭਾਬੀ,ਮੈਂ ਖੁਸ਼ਕਿਸਮਤ ਹਾਂ ਕਿ ਮੈਨੂੰ ਤੁਹਾਡੇ ਵਰਗੇ ਵੀਰ ਭਾਬੀਆਂ ਮਿਲੇ,ਜਿੰਨਾ ਕਦੇ ਵੀ ਮਾਪਿਆਂ ਦੀ ਕਮੀ ਮਹਿਸੂਸ ਨਹੀਂ ਹੋਣ ਦਿੱਤੀ।ਬਾਕੀ ਜਦੋਂ ਕੋਈ ਤੇਰੇ ਸੁਭਾਅ ਨਾਲ ਮੇਲ ਖਾਂਦੀ ਮਿਲ ਗਈ ਤਾਂ ਫਿਰ ਤੁਸੀਂ ਜਿਵੇਂ ਕਹੋਗੇ ਮੈਂ ਕਰੂਗਾਂ।ਚੰਗਾ ਮੈਂ ਆਪਣੇ ਕਮਰੇ ਵਿੱਚ ਚੱਲਦਾਂ।”
“ਦੁੱਧ ਕਦੋਂ ਪੀਵੇਂਗਾ…..?
“ਅੰਦਰ ਹੀ ਘੱਲ ਦਿਊ….।”
ਛਿੰਦਾ ਜਦੋਂ ਆਪਣੇ ਕਮਰੇ ਵੱਲ ਨੂੰ ਜਾ ਰਿਹਾ ਸੀ ਤਾਂ ਉਸ ਨੇ ਵੇਖਿਆ ਕਿ ਬੱਚੇ ਬਹੁਤ ਰੌਲਾ ਪਾ ਰਹੇ ਸਨ,ਉਹ ਬੱਚਿਆਂ ਦੇ ਕਮਰੇ ਵੱਲ ਚਲਾ ਜਾਂਦਾ ਹੈ,
“ਉਹ ਬੱਚਾ ਪਲਟਨ ਕੀ ਰੌਲਾ ਪਾਇਆ,ਦਿਨੇ ਸਕੂਲ ਨਈਂ ਜਾਣਾ,ਬੰਦੇ ਬਣ ਕੇ ਸੌਂ ਜਾਉ।ਉਹ ਬੱਚਿਆਂ ਨੂੰ ਬਣਾਉਟੀ ਜਿਹਾ ਗੁੱਸੇ ਹੋ ਕੇ ਉਹਨਾਂ ਦੇ ਕੋਲ ਜਾ ਬੈਠਾ।ਸਾਰੇ ਬੱਚੇ ਇਕੱਠੇ ਬੋਲੇ,
“ਸਾਸਰੀ ਕਾਲ ਛਿੰਦੇ ਚਾਚੇ….।”
“ਸਾਸਰੀ ਕਾਲ ਨਹੀਂ,ਸਤਿ ਸ੍ਰੀ ਅਕਾਲ ਹੁੰਦੀ ਆ।ਤਾਹਨੂੰ ਤੁਹਾਡੇ ਮਾਸਟਰ ਨਹੀਂ ਦੱਸਦੇ ਕਿ ਕਿਸੇ ਨਾ ਕਿਸ ਤਰਾਂ ਬੋਲਣਾ।ਫਿਰ ਸਾਰੇ ਬੋਲੇ,
“ਸਤਿ ਸ੍ਰੀ ਅਕਾਲ ਚਾਚੇ….।”
“ਹੁਣ ਬਣੀ ਆ ਗੱਲ,ਸਾਰਿਆਂ ਨੂੰ ਸਤਿ ਸ੍ਰੀ ਅਕਾਲ।ਹੁਣ ਦੱਸੋ ਕੀ ਕਰਦੇ ਸੀ।
“ਚਾਚੇ,ਅਸੀਂ ਤਾਂ ਪੜ੍ਹਦੇ ਸੀ।”ਸਾਰਿਆਂ ਤੋਂ ਵੱਡੀ ਜੱਸ ਨੇ ਕਿਹਾ।
“ਲਿਆਉ ਮੈਨੂੰ ਵਿਖਾਉ ਕੀ ਪੜ੍ਹਦੇ ਸੀ,ਨਾਲੇ ਤੁਹਾਡਾ ਟੈਸਟ ਲਈਏ….।”
ਸਾਰੇ ਬੱਚੇ ਇੱਕ ਦਮ ਠਠੰਬਰ ਗਏ ਕਿਉਂਕਿ ਉਹ ਪੜ੍ਹਨ ਦੀ ਬਜਾਏ ਪਰਚੀਆਂ ਨਾਲ ਚੋਰ ਸਿਪਾਹੀ ਖੇਡ ਰਹੇ ਸਨ।ਛਿੰਦੇ ਨੇ ਉਹਨਾਂ ਹੱਥੋਂ ਕਾਪੀ ਫੜੀ ਅਤੇ ਬੋਲਿਆ,
“ਅੱਛਾ ਤੇ ਆਹ ਪੜ੍ਹਾਈਆਂ ਹੋ ਰਹੀਆਂ ਨੇ,ਮਾਰਾਂ ਤੁਹਾਡੀਆਂ ਮਾਵਾਂ ਨੂੰ ਆਵਾਜ਼….।”
“ਨਈਂ ਚਾਚੇ,ਇੱਕ ਵਾਰ ਮਾਫ ਕਰ ਦੇ ਫਿਰ ਝੂਠ ਨਹੀਂ ਬੋਲਦੇ।” ਜੱਸ ਤੋਂ ਛੋਟਾ ਅਮਨ ਕੰਨ ਫੜਦਾ ਹੋਇਆ ਬੋਲਿਆ…।”
ਉਸ ਨੂੰ ਕੰਨ ਫੜ ਕੇ ਬੈਠਕਾਂ ਮਾਰਦੇ ਨੂੰ ਵੇਖ ਕੇ ਛਿੰਦੇ ਦਾ ਹਾਸਾ ਨਿੱਕਲ ਗਿਆ,
“ਖੇਡਣਾ ਕੋਈ ਮਾੜੀ ਗੱਲ ਨਹੀਂ ਪਰ ਝੂਠ ਬੋਲ ਕੇ ਪੜ੍ਹਨ ਦੀ ਬਜਾਏ ਖੇਡਣਾ ਇਸ ਤੋਂ ਮਾੜੀ ਗੱਲ ਕੋਈ ਹੋਰ ਨਹੀਂ।ਚੱਲੋ ਹੁਣ ਸੌਂ ਜਾਉ,ਸਵੇਰੇ ਸਕੂਲ ਵੀ ਜਾਣਾ।”ਇਹ ਕਹਿ ਕੇ ਛਿੰਦਾ ਆਪਣੇ ਕਮਰੇ ਵਿੱਚ ਚੱਲਿਆ ਗਿਆ ਅਤੇ ਬੱਚੇ ਸਾਰੇ ਜਾਣੇ ਮੂੰਹ ਉੱਤੇ ਕੱਪੜਾ ਲੈ ਕੇ ਸੌਂਣ ਦਾ ਨਾਟਕ ਕਰਨ ਲੱਗੇ।ਉਹ ਕੱਪੜੇ ਵਿੱਚ ਵੀ ਕੰਨਾਂ ਫੁਸਰ ਕਰ ਰਹੇ ਸਨ ਤਾਂ ਛਿੰਦਾ ਫਿਰ ਕਹਿੰਦਾ,
“ਤੁਸੀਂ ਸੁੱਤੇ ਨਹੀਂ ਅਜੇ….।”
“ਸੌਂ ਜਾਉ ਸੌਂ ਜਾਉ,ਸੇਰ ਆ ਗਿਆ।”ਜੱਸ ਤੋਂ ਛੋਟੀ ਰਿੰਪੀ ਬੋਲੀ ਤਾਂ ਸਾਰੇ ਜਾਣੇ ਹੱਸਣੋਂ ਨਾ ਰਹਿ ਸਕੇ ਤੇ ਛਿੰਦੇ ਦਾ ਵੀ ਕੱਲੇ ਬੈਠੇ ਦਾ ਹਾਸਾ ਨਿੱਕਲ ਗਿਆ।
“ਵੇ ਛਿੰਦੇ ਸੌਂ ਗਿਆ ਕਿ ਜਾਗਦਾਂ ਏਂ…..? ਛੋਟੀ ਭਾਬੀ ਨੇ ਛਿੰਦੇ ਦੇ ਕਮਰੇ ਦਾ ਦਰਵਾਜ਼ਾ ਖੜਕਾਉਂਦੇ ਹੋਏ ਕਿਹਾ।
“ਆ ਜਾ ਭਾਬੋ ਆ ਜਾ,ਅਜੇ ਕਿੱਥੇ ਸੌਣਾ…..।”
“ਆ ਲੈ ਫੜ ਦੁੱਧ ਪੀ…..ਛਿੰਦੇ ਨੂੰ ਦੁੱਧ ਦਾ ਗਲਾਸ ਫੜਾ ਕੇ ਉਸ ਦੀ ਭਾਬੀ ਉਸ ਦੇ ਮੰਜੇ ਉੱਤੇ ਬੈਠ ਗਈ।
“ਭਾਬੀ ਤੂੰ ਜਾ ਕੇ ਆਰਾਮ ਕਰ,ਮੈਂ ਬਾਅਦ ਵਿੱਚ ਪੀਲਾਂਗਾ…”
“ਕਿਉਂ ਮੈਂ ਕਰੰਟ ਮਾਰਦੀ ਆਂ…? ਹਰ ਵੇਲੇ ਵੱਡੀ ਭਾਬੀ ਦੇ ਸਰਾਣੇ ਬੈਠਾ ਰਹਿੰਦਾ ਏਂ,ਕਿਤੇ ਮੇਰੇ ਨਾਲ ਵੀ ਦੋ ਬੋਲ ਸਾਂਝੇ ਕਰ ਲਿਆ ਕਰ….” ਭਾਬੀ ਨੇ ਛਿੰਦੇ ਦੇ ਹੋਰ ਨੇੜੇ ਹੋ ਕੇ ਕਿਹਾ।
“ਭਾਬੀ ਤੂੰ ਜੋ ਮਰਜ਼ੀ ਸਮਝ ਪਰ ਮੈਂ ਤਾਹਨੂੰ ਦੋਹਾਂ ਨੂੰ ਬਰਾਬਰ ਜਾਣਿਆ ਏ ਤੇ ਇੱਕੋ ਜਿਹਾ ਮਾਣ ਸਤਿਕਾਰ ਦਿੱਤਾ ਵਾ….”
“ਤੇ ਫਿਰ ਮੇਰੇ ਕੋਲੋਂ ਦੂਰ ਦੂਰ ਕਿਉਂ ਭੱਜਦਾ ਏਂ……।”ਉਸ ਨੇ ਛਿੰਦੇ ਦੇ ਹੱਥ ਉੱਤੇ ਹੱਥ ਰੱਖ ਦਿੱਤਾ।
“ਵੇਖ ਭਾਬੋ,ਮੈਂ ਤਾਹਨੂੰ ਦੋਹਾਂ ਨੂੰ ਮਾਵਾਂ ਵਰਗਾ ਸਤਿਕਾਰ ਦਿੱਤਾ ਹੈ ਪਰ ਮੈਂ ਤੇਰੀਆਂ ਅੱਖਾਂ ਵਿੱਚ ਕੁਝ ਹੋਰ ਵੇਖ ਰਿਹਾਂ ਹਾਂ।
“ਜੇ ਵੇਖ ਰਿਹਾਂ ਏਂ ਤੇ ਫਿਰ ਹੁੰਗਾਰਾ ਕਿਉਂ ਨਹੀਂ ਭਰਦਾ,ਭਰੇ ਬਾਗ ਦਾ ਮਾਲੀ ਬਣ ਜਾ।ਸਾਰੀ ਉਮਰ ਰਾਜਾ ਬਣਾ ਕੇ ਰੱਖੂ।”ਭਾਬੀ ਨੇ ਦੋਵੇਂ ਬਾਹਾਂ ਛਿੰਦੇ ਦੇ ਮੋਢਿਆਂ ਉੱਤੇ ਰੱਖ ਦਿੱਤੀਆਂ ।
“ਇਹ ਪਾਪ ਮੇਰੇ ਤੋਂ ਨਹੀਂ ਹੋਣਾ ਭਾਬੀ,ਤੂੰ ਵੀਰ ਨਾਲ ਗੁਰੂ ਦੀ ਹਜ਼ੂਰੀ ਵਿੱਚ ਚਾਰ ਲਾਵਾਂ ਲਈਆਂ ਨੇ,ਗੁਰੂ ਤੋਂ ਅਤੇ ਆਪਣੇ ਪਤੀ ਤੋਂ ਬੇਮੁੱਖ ਨਾ ਹੋ ਬਾਕੀ ਵਾਹਿਗੁਰੂ ਸਭ ਭਲੀ ਕਰੂਗਾ…..।”ਛਿੰਦਾ ਥੋੜ੍ਹਾ ਪਿੱਛੇ ਖਿਸਕ ਗਿਆ ਸੀ।
“ਕਿਹੜੇ ਪਤੀ ਦੀ ਗੱਲ ਕਰਦਾ ਤੂੰ ਛਿੰਦੇ,ਉਹ ਪਤੀ ਜਿੰਨੂੰ ਘਰ ਪਰਿਵਾਰ ਨਾਲੋਂ ਬਾਹਰ ਰਹਿਣਾ ਚੰਗਾ ਲੱਗਦਾ।ਜਿਹੜਾ ਮਹੀਨਾ ਮਹੀਨਾ ਘਰ ਨਹੀਂ ਵੜਦਾ ਅਤੇ ਕਦੇ ਆ ਕੇ ਸੁੱਖ ਸਾਂਦ ਨਹੀਂ ਪੁੱਛੀ ਬਸ ਜਿਸਮ ਦਾ ਪੁਜਾਰੀ ਆ ਤੇਰਾ ਭਰਾ।”ਭਾਬੀ ਅੱਖਾਂ ਭਰਦੀ ਨੇ ਹੁਣ ਛਿੰਦੇ ਦੇ ਮੋਢੇ ਉੱਤੇ ਆਪਣਾ ਸਿਰ ਟਿਕਾ ਦਿੱਤਾ।
ਛਿੰਦਾ ਉੱਠ ਕੇ ਨਾਲ ਲੱਗਦੀ ਕੁਰਸੀ ਉੱਤੇ ਬਹਿ ਗਿਆ ਅਤੇ ਭਾਬੀ ਨੂੰ ਸਮਝਾਉਦਾਂ ਹੋਇਆ ਬੋਲਿਆ,
“ਭਾਈ ਗੁਰਦਾਸ ਜੀ ਨੇ ਫੁਰਮਾਨ ਕੀਤਾ ਹੈ ਕਿ,
ਦੇਖ ਪਰਾਈਆਂ ਮਾਵਾਂ ਧੀਆਂ ਭੈਣਾਂ ਜਾਣੇ….!
“ਕੋਈ ਨਹੀਂ ਤੂੰ ਦਿਲ ਹੋਲਾ ਨਾ ਕਰ ਅਤੇ ਨਾ ਹੀ ਆਪਣੇ ਸਿੱਦਕ ਨੂੰ ਡੋਲਣ ਦੇ,ਇਸ ਵਾਰ ਸੀਤਲ ਨਾਲ ਗੱਲ ਖੋਲ ਲੈਨੇ ਆ।ਉਹ ਜਾਂ ਤਾਂ ਬਦਲੀ ਕਰਵਾ ਕੇ ਨੇੜੇ ਆ ਜਾਵੇ ਜਾਂ ਨੌਕਰੀ ਛੱਡ ਦੇਵੇ।ਵਾਹਿਗੁਰੂ ਦੀ ਕਿਰਪਾ ਨਾਲ ਬਹੁਤ ਕੁਝ ਆ ਆਪਣੇ ਕੋਲ….।”
“ਨਹੀਂ ਤੂੰ ਸੀਤਲ ਨਾਲ ਕੋਈ ਗੱਲ ਨਹੀਂ ਕਰਨੀ….ਨਹੀਂ ਤਾਂ ਉਸ ਨੇ ਵੱਢ ਖਾਣਿਆਂ ਵਾਂਗੂੰ ਪੈ ਜਾਣਾ,ਮੈਂ ਆਪੇ ਮੌਕਾ ਵੇਖ ਕੇ ਗੱਲ ਕਰੂ….।”ਛਿੰਦੇ ਦੀ ਭਾਬੀ ਇੱਕ ਹਾਰੇ ਹੋਏ ਖਿਡਾਰੀ ਵਾਂਗ ਮੂੰਹ ਲਮਕਾ ਕੇ ਕਮਰਿਉਂ ਬਾਹਰ ਹੋ ਗਈ।
ਛਿੰਦਾ ਹੱਥ ਜੋੜ ਕੇ ਰੱਬ ਦਾ ਲੱਖ ਲੱਖ ਸ਼ੁਕਰਾਨਾ ਕਰਨ ਲੱਗਾ ਕਿ ਹੇ ਵਾਹਿਗੁਰੂ !ਤੇਰਾ ਧੰਨਵਾਦ ਕਿ ਤੂੰ ਮੇਰਾ ਸਿੱਦਕ ਡੋਲਣ ਨਹੀਂ ਦਿੱਤਾ ਅਤੇ ਮੇਰੇ ਜ਼ਮੀਰ ਨੂੰ ਦਾਗ ਲੱਗਣ ਤੋਂ ਬਚਾ ਲਿਆ।ਹੁਣ ਛਿੰਦਾ ਬੇਫਿਕਰ ਸੀ ਅਤੇ ਉਹ ਕੀਰਤਨ ਸੋਹਲੇ ਦਾ ਪਾਠ ਕਰਕੇ ਸੌਂ ਗਿਆ।
ਚਲਦਾ…….
ਬਲਕਾਰ ਸਿੰਘ ਜੋਸਨ 9779010544