ਅੱਜ ਸਵੇਰੇ ਜਦੋਂ ਥੋੜੀ ਕਵੇਲੇ ਬਾਹਰ ਨਿਕਲਿਆ ਤਾਂ ਰੋਜ ਦੀ ਤਰਾਂ ਵੇਖਿਆ ਕਿ ਦੋ ਕਾਰਾਂ ਧੋਣ ਵਾਲੇ ਲੜਕੇ ਮੇਰੇ ਗਵਾਂਢ ਵਿੱਚ ਪਾਇਪ ਲਾਕੇ ਕਾਰ ਧੋ ਰਹੇ ਸਨ। ਇਕ ਕਾਰ ਧੋਣ ਵਾਸਤੇ ਤਕਰੀਬਨ 10 ਮਿੰਟ ਲਗਦੇ ਹਨ, ਪਾਣੀ ਲਗਾਤਾਰ ਸੜਕ ਤੇ ਚਲਦਾ ਰਹਿੰਦਾ ਹੈ। ਇਹ ਲੜਕੇ ਪਾਇਪ ਉਦੋਂ ਹੀ ਬੰਦ ਕਰਦੇ ਹਣ ਜਦੋਂ ਗੱਡੀ ਸਾਫ ਹੋ ਜਾਂਦੀ ਹੈ।
ਉਹਨਾਂ ਨੂੰ ਵੇਖਕੇ ਹੌਲੀ ਹੌਲੀ ਯਾਦਾਂ ਬਚਪਨ ਵਿੱਚ ਤਕਰੀਬਨ 1964-65, ਜਦੋਂ ਮੈਂ ਪਿੰਡ ਦੂਜੀ ਜਾਂ ਤੀਜੀ ਜਮਾਤ ਵਿੱਚ ਪੜ੍ਹਦਾ ਸੀ, ਲੈ ਗਈਆਂ। ਸਾਡਾ ਪਿੰਡ ਅੱਜ ਦੇ ਹਰਿਆਣੇ ਵਿੱਚ ਹੈ। ਓਦੋਂ ਘਰਾਂ ਵਿੱਚ ਨਲਕੇ ਨਹੀਂ ਸਨ ਲੱਗੇ। ਪਿੰਡ ਵਿੱਚ ਦੋ ਤਰੀਕੇ ਦੀਆਂ ਖੂਹੀਆਂ ਸਨ ਇਕ ਮਿੱਠੇ ਪਾਣੀ ਵਾਲੀ ਅਤੇ ਦੂਜੀ ਖਾਰੇ ਪਾਣੀ ਵਾਲੀ। ਮੇਰੇ ਦਾਦੇ ਹੁਰੀਂ ਪੰਜ ਭਰਾ ਸਨ ਅਤੇ ਸਾਰੇ ਇਕ ਵੱਡੀ ਹਵੇਲੀ, ਜਿਹੜੀ ਸਾਨੂੰ ਪਾਕਿਸਤਾਨ ਦੀ ਵੰਡ ਤੋਂ ਬਾਅਦ ਮਿਲੀ ਸੀ, ਵਿੱਚ ਰਹਿੰਦੇ ਸਨ। ਪੀਣ ਵਾਲਾ ਮਿੱਠਾ ਪਾਣੀ ਪੈਂਚ ਚਾਚਾ, ਮਿੱਠੇ ਪਾਣੀ ਵਾਲੀ ਖੂਹੀ ਤੋਂ ਲਿਆਉਂਦੇ ਸਨ। ਉਹ ਵਹਿੰਗੀ ਤੇ ਇਕ ਗੇੜੇ ਵਿੱਚ ਚਾਰ ਪੀਪੇ ਲਿਆਉਂਦੇ ਸਨ ਦੋ ਪੀਪੇ ਅੱਗੇ ਤੇ ਦੋ ਪੀਪੇ ਪਿੱਛੇ। ਤਿੰਨ ਜਾਂ ਚਾਰ ਗੇੜੀਆਂ ਵਿੱਚ ਸਾਰੇ ਘਰਾਂ ਲਈ ਪੀਣ ਵਾਲਾ ਪਾਣੀ ਪੂਰਾ ਹੁੰਦਾ ਸੀ। ਵਹਿੰਗੀ ਚੁੱਕਣ ਵਾਸਤੇ ਮੋਢੇ ਤੇ ਪਰਨੇ ਨੂੰ ਦੋਹਰਾ ਕਰਕੇ ਰਖਦੇ ਸਨ, ਕਿੰਨੀ ਮਿਹਨਤ ਲਗਦੀ ਹੋਵੇਗੀ ਸਿਰਫ ਅੰਦਾਜਾ ਹੀ ਲਾਇਆ ਜਾ ਸਕਦਾ ਹੈ। ਨਹਾਉਣ ਵਾਸਤੇ ਸਵੇਰੇ ਸ਼ਾਮੀ ਅਸੀਂ ਆਪਣੇ ਬੁਜ਼ੁਰਗਾਂ ਨਾਲ ਲੱਜ ਬਾਲਟੀ ਲੈਕੇ ਖਾਰੀ ਖੂਹੀ ਤੇ ਜਾਂਦੇ ਸਾਂ। ਉਹਨਾਂ ਸਮਿਆਂ ਵਿੱਚ ਨਾ ਪੈਸੇ ਜਿਮੀਂਦਾਰ ਕੋਲ ਹੁੰਦੇ ਸੀ ਅਤੇ ਨਾਂ ਹੀ ਸਾਰੇ ਕਮਾਂ ਵਿੱਚ ਮੱਦਦ ਕਰਨ ਵਾਲੇ ਸੀਰੀ ਅਤੇ ਪੈਂਚ ਚਾਚੇ ਆਦਿ ਪੈਸੇ ਦੀ ਅਗਾਊਂ ਮੰਗ ਕਰਦੇ ਸਨ। ਹਾੜ੍ਹੀ ਸੌਣੀ ਫ਼ਸਲ ਪੱਕਣ ਤੇ ਉਹ ਬੋਹਲ਼ ਕੌਲ ਪੁਹੰਚ ਜਾਂਦੇ, ਬਾਪੂ ਜੀ ਉਹਨਾਂ ਨੂੰ, ਬਣਦੇ ਹੱਕ ਦੇ ਬਦਲੇ, ਅਨਾਜ ਦੇ ਦੇਂਦੇ ਸਨ। ਸਾਡੀ ਉਹ ਪੀੜ੍ਹੀ ਜਿਹਨਾਂ ਨੇ ਪਾਣੀ ਦੀ ਕਿੱਲਤ ਵੇਖੀ ਹੈ, ਪਾਣੀ ਦੀ ਕੀਮਤ ਸਮਝ ਸਕਦੀ ਹੈ।
ਪਿੱਛਲੇ ਸਾਲ ਤਕ ਮੇਰੇ ਬੇਟੇ ਦੇ ਬਾਹਰ ਜਾਣ ਤੋਂ ਪਹਿਲਾਂ ਸਾਡੇ ਕੋਲ ਦੋ ਕਾਰਾਂ ਸਨ, ਅਮਨਦੀਪ ਸਿੰਘ ਨੇ ਬਹੁਤ ਜੋਰ ਲਾਇਆ ਕਿ ਮੈਂ ਕਾਰ ਧੋਣ ਵਾਲਾ ਰਖ ਲਵਾਂ, ਪਰ ਮੈਂ ਨਹੀਂ ਮੰਨਿਆ, ਦੋਵੇਂ ਕਾਰਾਂ ਇਕ ਬਾਲਟੀ ਪਾਣੀ ਨਾਲ ਮੈਂ ਆਪ ਸਾਫ ਕਰਦਾ ਸੀ। ਨਾਲੇ ਪੁੰਨ ਤੇ ਨਾਲੇ ਫ਼ਲੀਆਂ, ਪਹਿਲਾਂ ਤਾਂ 1200 ਰੁਪਈਏ ਬੱਚਦੇ ਹਨ ਅਤੇ ਦੂਜਾ ਵਰਜਿਸ਼ ਹੋ ਜਾਂਦੀ ਹੈ। ਹੁਣ ਉਸਦੇ ਵਿਦੇਸ਼ ਜਾਣ ਤੋਂ ਬਾਅਦ ਵੀ, ਮੈਂ ਆਪਣੀ ਕਾਰ ਹਫ਼ਤੇ ਬਾਅਦ ਇਕ ਵਾਰੀ ਅੱਧੀ ਬਾਲਟੀ ਪਾਣੀ ਨਾਲ ਸਾਫ ਕਰਦਾ ਹਾਂ।
ਮੈਂ ਆਪ ਸਾਰੀਆਂ ਦੇ ਸਾਹਮਣੇ ਇਹ ਗਲ ਮੰਨਦਾ ਹਾਂ, ਕਿ ਮੈਂ ਅਜੇ ਵੀ ਕਦੇ ਕਦਾਈਂ ਲੋਕਾਂ ਦੇ ਵੇਖੋ ਵੇਖੀ ਕਾਰ ਪਾਇਪ ਲਾ ਕੇ ਧੋਂਦਾ ਹਾਂ। ਪਰ ਇਹ ਗਲਤ ਹੈ, ਵਾਹਿਗੁਰੂ ਜੀ ਪਾਸ ਅਰਦਾਸ ਹੈ ਕਿ ਅਸੀਂ ਸਾਰੇ ਇਸ ਅਮੁੱਲੀ ਦਾਤ ਪਾਣੀ ਦੀ ਕੀਮਤ ਨੂੰ ਸਮਝ ਸਕੀਏ ਅਤੇ ਇਸ ਦੀ ਦੂਰਵਰਤੋਂ ਰੋਕ ਸਕੀਏ।
ਵੀਰੇਂਦਰ ਜੀਤ ਸਿੰਘ ਬੀਰ
02.08.2023