ਅਣਮੁੱਲੀਆਂ ਯਾਦਾਂ – ਭਾਗ ਪਹਿਲਾ | anmulliyan yaada part 1

ਤਾੲਿਅਾ ਬਿਸ਼ਨ ਸਿਓਂ ਬੜਾ ਰੌਣਕੀ ਬੰਦਾ ਸੀ ਪਰ ਕਈ ਮਾੜੀਆਂ ਆਦਤਾਂ ਕਰਕੇ ਘਰਦਿਆਂ ਨੂੰ ਵਖਤ ਪਾਈ ਰੱਖਦਾ ਸੀ ।ਖਾਸ ਤੌਰ ਤੇ ਨਵੀਂ ਮੰਡੀਰ ਕਈ ਵਾਰ ਤਾਏ ਦਵਾਲੇ ਏਦਾਂ ਜੁੜ ਕੇ ਬੈਠ ਜਾਂਦੀ,ਜਿਦਾਂ ਝਿੜੀ ਵਾਲੇ ਬਾਬੇ ਦਵਾਲੇ ਸੰਗਤਾਂ।
ਇਦਾ ਹੀ ਇਕ ਵਾਰ ਤਾਇਆ ਤੇ ਤਾਏ ਦਾ ਬੇਲੀ ਕੈਲਾ ਬੁੱੜਾ,ਦੋਵੇਂ ਗੱਜਣ ਕੀਆਂ ਦੇ ਵਿਆਹ ਵੇਲੇ,ਰਾਤ ਨੂੰ ਜਾਗੋ ਮਗਰੋਂ,ਮੰਡੀਰ ਦੇ ਹੱਥੇ ਚੜ ਗਏ। ਲਉ ਜੀ ,ਡੱਟ ਖੁਲ ਗਏ,ਕੁਕੜ ਵੀ ਆ ਗਏ ਤੇ ਗੱਜਣ ਹੁਣਾ ਦੇ ਕੋਠੇ ਤੇ ਮੰਜਿਅਾਂ ਤੇ ਕੁਰਸੀਆਂ ਤੇ ਮਹਿਫ਼ਿਲ ਲਗ ਗਈ।
ਬਿਸ਼ਨੇ ਤਾਏ ਨੇ ਲੋਰ ਵਿਚ ਆਉਂਦੀਆਂ ,ਪਹਿਲਾਂ ਗੱਲ ਸ਼ੁਰੂ ਕੀਤੀ ਆਪਣੀ ਜਵਾਨੀ ਦੇ ਦਿਨਾਂ ਦੀ ,ਜਦ ਉਹ ਕੁਆਰਾ ਸੀ । ਤਾਏ ਦਾ ਬਾਪੂ ਅੱੜਬ ਬਹੁਤ ਸੀ ਤੇ ਤਾਏ ਸਣੇ,ਚਾਰੇ ਭਰਾ ਬਾਪੂ ਦਾ ਬਹੁਤ ਖੌਫ ਖਾਂਦੇ ਸੀ ।ਪੀਣੀ ਤਾ ਦੂਰ ,ਬਾਪੂ ਘਰੇ ਨਾਮ ਵੀ ਨੀ ਲੈਣ ਦਿੰਦਾ,ਮਰਿਆਦਾ ਦਾ ਪੱਕਾ ਸੀ।
ਇਧਰ ਜਵਾਨੀ ਦੇ ਹੁਲਾਰਿਆਂ ਚ ਝੂਟੇ ਲੈਂਦਾ ਤਾਇਆ ਨਾਲ ਦੇ ਪਿੰਡ ਦੀ ਇਕ ਕੁੜੀ ਤੇ ਅੱਖ ਰੱਖ ਬਹਿ ਗਿਆ।ਜਦੋਂ ਸਵੇਰੇ ਇਧਰੋਂ ਤਾਇਆ ਰਿਹੜਾ ਜੋੜ ਖੇਤ ਨੂੰ ਜਾਇਆ ਕਰੇ ,ਓਧਰੋਂ ਸਿਮਰੋ ਸਿਰ ਤੇ ਪੱਠਿਆਂ ਦੀ ਪੰਡ ਚੁੱਕੀ ਕੋਲੋਂ ਲੰਘਦੀ,ਕਦੇ ਅੱਖ ਮਟਕਾ ਤੇ ਕਦੇ ਟਾਂਚ ਮਾਰ ਜਾਇਆ ਕਰੇ।ਤਾਏ ਦੇ ਕੁਤਕੁਤਾਰੀਆਂ ਜਿਹੀਆਂ ਨਿਕਲਣ ਲਗ ਜਾਇਆ ਕਰਨ।ਗੱਲ ਕੀ ,ਤਾਇਆ ਸ਼ੋਲੇ ਫਿਲਮ ਦੇ ਧਰਮਿੰਦਰ ਵਾਂਗੂ ਪੂਰੇ ਲੋਰ ਚ ਹੋ ਗਿਆ ਸੀ ਤੇ ਰਾਤੀ ਕੋਠੇ ਤੇ ਮੰਜਾ ਡਾਹ,ਪਤਾ ਨੀ ਤਾਰਿਆਂ ਨਾਲ ਕੀ ਗੱਲਾਂ ਜਿਹਿਆਂ ਕਰੀ ਜਾਇਆ ਕਰੇ।
ਤਾਏ ਦੀਆਂ ਹਰਕਤਾਂ ਦੇਖ ,ਓਧਰ ਬੀਬੀ ਅੱਡ ਦੁਖੀ ਕਿ ਪਤਾ ਨੀ ਮੇਰਾ ਪੁੱਤ ਕਿਹੜਾ ਟੁਣਾ ਟੱਪ ਆਇਆ ਆ।ਸਿਮਰੋ ਤੇ ਨਾਲ ਦੀਆਂ ਸਲਾਹ ਬਣਾ ਤਾਏ ਕੋਲੋਂ ਕਦੇ ਸਾਗ ਤੁੜਾ ਤੇ ਕਦੇ ਮੁੱਲੀਆਂ ,ਸ਼ਲਗਮ ਪਟਾ ਪੰਡ ਚ ਹੀ ਦੇ ਲਿਆ ਕਰਨ ।ਬਾਪੂ ਅੱਡ ਪ੍ਰੇਸ਼ਾਨ ਕੀ ਹੁੰਦਾ ਕਿ ਆ ?ਖੇਤਾਂ ਚੋਂ ਖਬਰੇ ਕੋਈ ਚੋਰੀ ਚੋਰੀ ਚੀਜਾਂ ਪਟ ਲਿਜਾਈ ਜਾਂਦਾ।ਖੈਰ ਸਾਰੇ ਹਾਲਤਾਂ ਨੂੰ ਮਦੇ ਨਜਰ ਰੱਖਦੇ ਹੋਏ ,ਬਾਪੂ ਨੇ ਚੋਰੀ ਨਿਗਾ ਰੱਖਣੀ ਸ਼ੁਰੂ ਕੀਤੀ ਤੇ ਇਨਕਮ ਟੈਕਸ ਵਾਲਿਆਂ ਵਾਂਗੂ ਦੱਬੇ ਪੈਰੀ,ਖੂਹ ਤੇ ਅਚਾਨਕ ਰੇਡ ਮਾਰ ਦਿਤੀ ।ਲਓ ਜੀ ,ਸਿਮਰੋ ਹੁਣੀਂ ਤਾਂ ਬਾਪੂ ਨੂੰ ਦੇਖ ਇਦਾ ਭੱਜੀਆਂ ਪੰਡਾਂ ਚੁੱਕ,ਜਿਵੇਂ ਬੁਲੇਟ ਟ੍ਰੇਨ ਪਟੜੀ ਤੇ ਭੱਜਦੀ ਹੁੰਦੀ।ਅਚਾਨਕ ਹੋਏ ਹੱਲੇ ਤੋਂ ਤਾਇਆ ਬੌਂਦਲ ਗਿਆ ਪਰ ਬਾਪੂ ਨੇ ਤਾਏ ਨੂੰ ਖੇਤਾਂ ਚ ਹੀ ਢਾਹ ਲਿਆ ਤੇ ਅਜਿਹੀ ਪ੍ਰੈਣ ਵਾਹੀ ਕਿ ਤਾਇਆ ਬੀਨ ਤੇ ਕਿਲੀ ਸੱਪਣੀ ਵਾਂਗੂ ਮੇਲਦਾ ਫਿਰੇ ।
ਉਸ ਦਿਨ ਮਗਰੋਂ ਤਾਏ ਦੇ ਖੇਤਾਂ ਚ ਜਾਣ ਤੇ ਅਾਰਜੀ ਪਬੰਦੀ ਲਾ ਦਿਤੀ ਗਈ।ਬਾਪੂ ਹੁਣਾਂ ਨੂੰ ਘਰ ਆ ਕੇ ਵੀ ਤਾਏ ਤੇ ਖਿਝ ਆਈ ਜਾਵੇ।ਉਹ ਤਾਂ ਬਿੰਬੋ ਭੂਆ ਰੱਬ ਬਣ ਬਹੁੜੀ ਤੇ ਆਪਣੇ ਭਤੀਜੇ ਨੂੰ ਕੁਛ ਦਿਨਾਂ ਲਈ ਨਾਲ ਹੀ ਲੈ ਗਈ । ਤਾਜੀ ਹੋਈ ਸਰਵੀਸ ਤੇ ਕੁਛ ਸਿਮਰੋ ਦੇ ਝੋਰੇ ਨੇ ਤਾਏ ਨੂੰ ਦੀਵਾਰ ਫਿਲਮ ਦੇ ਲੰਬੂ ਵਾਂਗੂ ਅੈਂਗਰੀ ਯੰਗ ਮੈਨ ਬਣਾ ਦਿਤਾ।ਭੂਆ ਦੇ ਮੁੰਡੇ ਤੇ ਹੋਰ ਦੋ ਤਿੰਨ ਜਾਣੇ,ਤਾਏ ਨੂੰ ਖੂਹ ਤੇ ਲੈ ਗਏ ਤੇ ਓਥੇ ਤਾਏ ਨੇ ਘਰ ਦੀ ਕੱਢੀ ਦਾ ਪਹਿਲੀ ਵਾਰ ਸਵਾਦ ਦੇਖਿਆ।ਥੋੜੇ ਚਿਰ ਮਗਰੋਂ ਸਾਰੀਆਂ ਬੋਤਲਾਂ ਖਾਲੀ ਤੇ ਸਭ ਟੈਟ ਹੋਏ ਫਿਰਨ ।
ਪਹਿਲੀ ਵਾਰ ਪੀਤੀ ਨੇ ਤੇ ਕੁਛ ਨਾਲ ਦੀਆਂ ਦੀ ਹਲਾਸ਼ੇਰੀ ਨੇ ਤਾਏ ਦੇ ਅੰਦਰ ਵਿਦਰੋਹ ਦਾ ਦੀਵਾ ਬਾਲ ਦਿੱਤਾ ਤੇ ਜੱਟ ਦੇ ਅੰਦਰਲਾ ਮਿਰਜ਼ਾ ਜਿਵੇਂ ਛਾਲਾਂ ਮਾਰਨ ਲਗ ਪਿਆ।ਉਸੇ ਰਾਤ ਫੈਸਲਾ ਹੋਇਆ ਤੇ ਮੱਤਾ ਪਕਾਇਆ ਗਿਆ ਕਿ ਹੁਣੇ ਸਾਈਕਲਾਂ ਤੇ ਚਾਲੇ ਪਾਏ ਜਾਣਗੇ ਤੇ ਸਿਮਰੋ ਭਾਬੀ ਨੂੰ ਅੱਜ ਹੀ ਤਾਏ ਨਾਲ ਮਿਲਵਾ ਕੇ ਪੁੰਨ ਖਟਿਆ ਜਾਵੇਗਾ ਤੇ ਪਿਆਰ ਲਈ ਜਿੰਦ ਵਾਰਨ ਦੀਆਂ ਕਸਮਾਂ ਖਾਂਦੇ ਹੋਏ ਤਾਏ ਨੇ ਇਕ ਵਾਰ ਤਾਂ ਜਿਉਣਾ ਮੋੜ ਵਾਲੀ ਫੀਲਿੰਗ ਲੈ ਲਈ ਤੇ ਸਭ ਤੋਂ ਮੋਹਰੇ ਹੋ ਸਾਈਕਲ ਤੇ ਸਵਾਰ ਹੋ ਪੈਡਲ ਮਾਰਨ ਲਗਾ ਤੇ ਪਿੱਛੋਂ ਇਕ ਜਾਣਾ ਉੱਚੀ ਹੇਕ ਵਿਚ ਮਿਰਜ਼ਾ ਗਾਉਣ ਹੀ ਲਗਾ ਸੀ ਕਿ ਪਤਾ ਨੀ ਕਿ ਹੋਇਆ ,ਤਾਏ ਵਾਲਾ ਸਾਈਕਲ ਸਿਧਾ ਵੱਟ ਤੋਂ ਉੱਤਰ ਕੇ ਪਾਣੀ ਲਗੇ ਹੋਏ ਖੇਤਾਂ ਵਿਚ ਜਾ ਵੜਿਆ।ਤਾਇਆ ਰੌਲ਼ਾ ਪਾਵੇ ਕਿ ਮੈ ਡੁੱਬ ਚਲਿਆਂ ,ਹਾਏ ਓਏ ,ਬਚਾ ਲੋ ਮੈਨੂੰ।
ਬੜੀ ਮੁਸ਼ਕਲ ਨਾਲ ਤਾਏ ਨੂੰ ਖੇਤ ਚੋ ਕੱਢ ਕੇ, ਚਲੇ ਚ ਦੋ ਤਿੰਨ ਵਾਰ ਡੋਬਾ ਦਿੱਤਾ ਤੇ ਫੇਰ ਸਾਈਕਲ ਤੇ ਸਵਾਰ ਕਰ ਦਿੱਤਾ ਗਿਆ ਤੇ ਫੇਰ ਚਾਲੇ ਪਾ ਦਿਤੇ।ਇਹ ਪਤਾ ਨੀ ਰਾਹੁ ਕੇਤੁ ਦੀ ਬੁਰੀ ਦ੍ਰਿਸ਼ਟੀ ਸੀ ਜਾ ਤਾਏ ਦੇ ਮਾੜੇ ਕਰਮ ਕਿ ਨਾਲ ਦੇ ਖੇਤਾਂ ਵਾਲੀ ਗੋਹਰੀ ਟਪਦੇ ਹੀ ਹੱਡਾ ਰੋੜੀ ਵਾਲੇ ਕੁੱਤੇ ਤਾਏ ਹੁਣਾ ਮਗਰ ਪੈ ਗਏ।ਸਾਰੇ ਜਾਣੇ ਸਾੲੀਕਲਾਂ ਨੂੰ ਥਾਂ ਤੇ ਹੀ ਛੱਡ , ਜਿਧਰ ਨੂੰ ਮੂੰਹ ਸੀ ,ਓਧਰ ਨੂੰ ਹੀ ਭੱਜ ਗਏ ਪਰ ਤਾਇਆ ਸਭ ਤੋਂ ਅਗੇ ਹੋਣ ਕਰਕੇ ਭੱਜ ਵੀ ਨੀ ਸਕਿਆ ਤੇ ਕੁੱਤਿਆਂ ਨੇ ਤਾਏ ਦਾ ਨਵਾਂ ਬੋਸਕੀ ਦਾ ਕੁੜਤਾ ਪਜਾਮਾ ਲੀਰੋ ਲੀਰ ਕਰ ਦਿੱਤਾ। ਕੁੱਤਿਆਂ ਨੇ ਤਾਏ ਦੀ ਸਾਰੀ ਲਾਹ ਦਿਤੀ ਤੇ ਉਸ ਨੂੰ ਮਿਲਖਾ ਸਿੰਘ ਬਣਾ ਦਿੱਤਾ।ਤਾਏ ਨੂੰ ਵੇਲੇ ਸਿਰ ਸੂਝ ਗਈ ਤੇ ਬਚਾਅ ਲਈ ਇਕ ਡੇਕ ਤੇ ਚੱੜ ਗਿਆ,ਖਬਰਨੀ ਕੁੱਤਿਆਂ ਨੂੰ ਤਰਸ ਆ ਗਿਆ,ਉਹ ਮੁੜ ਗਏ।ਤਾਇਆ ਬੌਂਦਲਿਓ ਤਾਂ ਪਹਿਲਾਂ ਦਾ ਹੀ ਸੀ ।ਉਤਰਨ ਲੱਗੇ ਨੂੰ ਪਤਾ ਹੀ ਨੀ ਲਗਿਆ ਤੇ ਡੇਕ ਦੀ ਟਾਹਣੀ ਫੜ ਛਾਲ ਮਾਰਨ ਲਗਿਆ ਓਹਦੇ ਨਾਲ ਹੀ ਲਮਕ ਗਿਆ।
ਰਾਤ ਨੂੰ ਪਾਣੀ ਦੀ ਵਾਰੀ ਲਾਉਣ ਆਏ ਭੂਆ ਹੁਣਾ ਦੇ ਗਵਾਂਢੀ ਭੋਰੁ ਹੁਣਾਂ ਕੇ ਸੀਰੀ ਨੇ ਚੰਨ ਦੀ ਖਿਲਰੀ ਚਾਨਣੀ ਵਿਚ ਦੂਰੋਂ ਤਾਏ ਦਾ ਪ੍ਰੋਗਰਾਮ ਦੇਖਿਆ ਤਾਂ ਤਾਏ ਦੇ ਖੂਨ ਨਾਲ ਲਿਬੜੇ ਕਪੜੇ ਦੇਖ ਪ੍ਰੇਤ ਸਮਝ ਡਰ ਗਿਆ ਤੇ ਪੁੱਠੇ ਪੈਰੀ ਪਿੰਡ ਨੂੰ ਰੌਲ਼ਾ ਪਾਉਂਦਾ ਦੌੜ ਗਿਆ।ਤਾਏ ਨੇ ਪਹਿਲਾਂ ਧਰਤੀ ਤੇ ਸੇਫ ਲੈਂਡਿੰਗ ਕੀਤੀ,ਫੇਰ ਓਹਨੂੰ ਸਮਝਾਉਣ ਲਈ ਹਾਕਾਂ ਵੀ ਮਾਰੀਆਂ ਤੇ ਮਗਰ ਦੋੜਿਆ ਪਰ ਉਹ ਅਗਿਓਂ ਹੋਰ ਤੇਜ ਹੋਈ ਜਾਵੇ।
ਮੋਹਰਿਓਂ ਸੀਰੀ ਨੂੰ ਭੋਰੁ ਹੁਣੀ ਟੱਕਰ ਗਏ ਤੇ ਉਹਨਾਂ ਨੂੰ ਸਾਰੀ ਵਾਰਤਾ ਦੱਸੀ।ਉਹ ਦੋਨੋਂ ਭਾਈ ਡੋਰ ਭੋਰ ਹੋਏ ਖੇਤਾਂ ਵੱਲ ਨੂੰ ਹੋਏ ਹੀ ਸੀ ਕਿ ਤਾਏ ਹੁਣੀ ਮੋੜ ਤੋਂ ਭੱਜੇ ਆਉਂਦੇ ਠਾਹ ਕਰਦੇ ਭੋਰੁ ਚ ਵਜੇ।ਬੈਟਰੀ ਦੀ ਲੋਅ ਤਾਏ ਦੇ ਮੂੰਹ ਤੇ ਪਈ ਤਾਂ ਪਤਾ ਲਗਾ ਕਿ ਇਹ ਬਿੰਬੋ ਚਾਚੀ ਦਾ ਭਤੀਜਾ ਆ …
(ਬਾਕੀ ਅਗਲੇ ਭਾਗ ਚ )
**************
ਗੁਲਜਿੰਦਰ ਕੌਰ

Leave a Reply

Your email address will not be published. Required fields are marked *