ਮੇਰੇ ਨਾਲਦੇ ਦੀ ਆਪਣੇ ਬਾਪ ਯਾਨੀ ਕੇ ਮੇਰੇ ਸਹੁਰਾ ਸਾਬ ਨਾਲ ਕਦੇ ਨਹੀਂ ਸੀ ਬਣੀ ਤੇ ਨਾ ਹੀ ਮਗਰੋਂ ਮੇਰੇ ਵੱਡੇ ਪੁੱਤ ਦੀ ਆਪਣੇ ਬਾਪ ਨਾਲ..ਦੋਹਾਂ ਨੂੰ ਆਪਸੀ ਕਲਾ ਕਲੇਸ਼ ਸ਼ਾਇਦ ਵਿਰਾਸਤ ਵਿਚ ਹੀ ਮਿਲਿਆ ਸੀ..!
ਨਿੱਕੀ ਜਿਹੀ ਬਹਿਸ ਤੋਂ ਸ਼ੁਰੂ ਹੁੰਦਾ ਫੇਰ ਦੂਰ ਤੀਕਰ ਖਿੱਲਰ ਜਾਂਦਾ ਤੇ ਮੁੜਕੇ ਸੰਭਾਲਣਾ ਬੜਾ ਔਖਾ ਹੁੰਦਾ..ਮੈਨੂੰ ਅਣਗਿਣਤ ਹੰਝੂ ਵਗਾਉਣੇ ਪੈਂਦੇ..ਵਾਸਤੇ ਪੌਣੇ ਪੈਂਦੇ..ਖੂਨ ਸਾੜਨਾ ਪੈਂਦਾ..ਫੇਰ ਜਾ ਕੇ ਸੁਲਹ ਹੁੰਦੀ..ਮੈਨੂੰ ਹਮੇਸ਼ਾਂ ਵਿਚਕਾਰਲੀ ਕੜੀ ਵੱਜੋਂ ਕੰਮ ਕਰਨਾ ਪੈਂਦਾ..ਜਿਸਨੂੰ ਵੀ ਸਮਝਾਉਂਦੀ ਉਹ ਆਖਦਾ ਦੂਜੇ ਦਾ ਹੀ ਕਸੂਰ ਏ..!
ਕਈ ਵੇਰ ਧੀ ਦੀ ਕਮੀ ਬਹੁਤ ਖਲਕਦੀ..ਜੇ ਕੋਲ ਹੁੰਦੀ ਤਾਂ ਦਿਲ ਫਰੋਲ ਲਿਆ ਕਰਦੀ..ਮਾਂ ਅਤੇ ਔਰਤ ਦੀ ਮਾਨਸਿਕਤਾ ਸਮਝਣੀ ਸ਼ਾਇਦ ਕਿਸੇ ਹੋਰ ਦੇ ਵੱਸ ਵਿਚ ਨਹੀਂ ਏ..ਰੋਟੀ ਟੁੱਕ ਖਾਣ ਪੀਣ ਸੁਖ ਸਹੂਲਤਾਂ ਐਸ਼ੋ ਅਰਾਮ ਤੋਂ ਉੱਪਰ ਉੱਠ ਇੱਕ ਵੱਖਰੀ ਤਰਾਂ ਦਾ ਆਪਣਾ ਪਣ..ਸੁਕੂਨ..ਨੇੜਤਾ..ਹਮਦਰਦੀ ਅਤੇ ਲੈਣ ਦੇਣ..ਇੱਕ ਧੀ ਹੀ ਕਰ ਸਕਦੀ ਏ!
ਲੋਕ ਆਖਦੇ ਸੁਖੀਂ ਏਂ..ਰੱਬ ਨੇ ਦੋ-ਦੋ ਪੁੱਤ ਦਿੱਤੇ..ਧੀ ਕਰਕੇ ਉਪਜੇ ਅੰਦਰੂਨੀ ਖਾਲੀਪਣ ਬਾਰੇ ਦੱਸਦੀ ਤਾਂ ਅੱਗਿਓਂ ਦਲੀਲ ਦਿੰਦੇ..ਦੋ ਧੀਆਂ ਮਗਰੋਂ ਮਹਿਸੂਸ ਹੁੰਦੀ ਪੁੱਤ ਦੀ ਕਮੀਂ ਦੇ ਮੁਕਾਬਲੇ ਇਹ ਧੀ ਨਾ ਹੋਣ ਦਾ ਝੋਰਾ ਤੇ ਕੁਝ ਵੀ ਨਹੀਂ..ਨਾਲੇ ਅੱਜ ਭਲਕੇ ਨੂੰਹਾਂ ਆ ਹੀ ਜਾਣੀਆਂ..!
ਖੈਰ ਲੰਮੀ ਕਹਾਣੀ ਨਹੀਂ ਪਾਵਾਂਗੀ ਤੇ ਨਾ ਹੀ ਕਿਸੇ ਦਾ ਕਸੂਰ ਈ ਕੱਢਾਂਗੀ..ਸਿੱਧਾ ਵਰਤਮਾਨ ਤੇ ਆਉਂਦੀ ਹਾਂ..ਅੱਜ ਪੂਰੇ ਪੰਝੀ ਵਰੇ ਲੰਘ ਗਏ..ਨਾਲਦਾ ਆਪੇ ਸਹੇੜੇ ਰੋਗ ਦਾ ਸ਼ਿਕਾਰ ਬਣ ਰਵਾਨਗੀ ਪਾ ਗਿਆ..ਨੂੰਹ ਆਈ ਤਾਂ ਜਰੂਰ ਪਰ ਨਵਾਂ ਜਮਾਨੇ ਦੇ ਵਗ ਤੁਰੇ ਪ੍ਰਾਈਵੇਸੀ ਅਤੇ ਇਕੱਲੇ ਰਹਿਣ ਦੇ ਵਾਵਰੋਲੇ ਦੀ ਆੜ ਹੇਠ ਛੇਤੀ ਦੂਰ ਚਲੀ ਗਈ..ਨਾਲ ਹੀ ਚਲਾ ਗਿਆ ਵੱਡਾ ਪੁੱਤ..ਨਿੱਕਾ ਆਖਦਾ ਮੈਂ ਵਿਆਹ ਹੀ ਨਹੀਂ ਕਰਵਾਉਣਾ..ਲੋਕ ਦੱਸਦੇ ਉਸ ਨੇ ਜਿੰਦਗੀ ਜਿਉਣ ਦਾ ਇੱਕ ਬੜਾ ਅਜੀਬ ਅਤੇ ਗੈਰ-ਕੁਦਰਤੀ ਢੰਗ ਆਪਣਾ ਲਿਆ..ਕਦੇ ਕਦੇ ਬਹੁਤ ਜ਼ੋਰ ਪਾਉਂਦੀ ਤਾਂ ਅੱਗਿਓਂ ਗਲ਼ ਪੈ ਕਿੰਨੇ ਕਿੰਨੇ ਦਿਨ ਘਰੇ ਹੀ ਨਹੀਂ ਵੜਦਾ..!
ਅੱਜ ਮੈਂ ਦੁਨੀਆਂ ਦੀ ਨਜਰ ਵਿਚ ਬਹੁਤ ਸੁਖੀ ਹਾਂ..ਪਰ ਅੰਦਰੋਂ ਪੂਰੀ ਤਰਾਂ ਖਾਲੀ ਅਤੇ ਕੱਲਮ ਕਲੀ..ਹੁਣ ਤੇ ਦੋ ਧਿਰਾਂ ਵਿਚਕਾਰ ਕੜੀ ਵੀ ਨਹੀਂ ਬਣ ਸਕਦੀ ਕਿਓੰਕੇ ਹੁਣ ਧਿਰ ਹੀ ਇੱਕ ਰਹਿ ਗਈ ਏ..ਬੱਸ ਇਹੋ ਅਰਦਾਸ ਕਰਦੀ ਹਾਂ ਜਵਾਨੀ ਵਿਚ ਕੜੀ ਬਣ ਕੇ ਵਿਚਰਨ ਦਾ ਕੋਈ ਥੋੜਾ ਬਹੁਤ ਮੁੱਲ ਹੀ ਮੋੜ ਦੇਵੇ..ਜਾਂਦੀ ਬਹਾਰ ਦਾ ਮੇਲਾ ਸਹੀ ਸਲਾਮਤ ਨਿੱਕਲ ਜਾਵੇ..ਖੈਰ ਡਰ ਨਾ ਜਾਇਓ..ਨਾ ਹੀ ਲਿਖਣ ਦਾ ਮਕਸਦ ਕੋਈ ਦਹਿਸ਼ਤ ਪੈਦਾ ਕਰਨਾ ਹੀ ਹੈ..ਬੱਸ ਸਲਾਹ ਹੀ ਦੇਣੀ ਏ ਕੇ ਸਮੇਂ ਦੇ ਹਿੱਸਾਬ ਨਾਲ ਆਪਣੇ ਆਪ ਵਿਚ ਬਦਲਾ ਜਰੂਰ ਲਿਆਉਂਦੇ ਰਹਿਓ..ਸ਼ਾਇਦ ਆਖਰੀ ਮੰਜਿਲ ਤੀਕਰ ਦੀ ਜੀਵਨ ਜਾਚ ਥੋੜੀ ਸੁਖਾਲੀ ਹੋ ਜਾਵੇ..ਕਿਓੰਕੇ ਦੋ ਧਿਰਾਂ ਵਿਚਕਾਰ ਕੜੀ ਬਣਨਾ ਬਹੁਤ ਹੀ ਔਖਾ ਤੇ ਡਾਹਢਾ..ਮੁੜਕੇ ਇਸਦੇ ਬਦਲੇ ਵਿਚ ਕਿਸੀ ਸ਼ੈ ਦੀ ਝਾਕ ਰੱਖਣੀ ਓਦੂੰ ਵੀ ਵੱਧ ਤਕਲੀਫ ਦੇਹ..ਕਿਓੰਕੇ ਨਿੱਕੇ ਜਿਹੇ ਸ਼ਿਕਰੇ ਨੂੰ ਦਿਲ ਦਾ ਮਾਸ ਖਵਾ ਜਵਾਨ ਕਰਨਾ ਪੈਂਦਾ ਤੇ ਫੇਰ ਜਦੋਂ ਸਦੀਵੀਂ ਉਡਾਰੀ ਮਾਰ ਜਾਂਦਾ ਏ ਤਾਂ ਮੁੜ ਇੱਕ ਵੇਰ ਭਓਂ ਕੇ ਵੀ ਨਹੀਂ ਵੇਖਦਾ!
ਅੰਦਰੋਂ ਅੰਦਰੀ ਜਰੂਰ ਹੱਸਦੇ ਹੋਵੋਗੇ..ਕਮਲੀ ਬੁੜੀ ਪਤਾ ਨਹੀਂ ਅਖੀਰ ਆਖਣਾ ਕੀ ਚਾਹ ਰਹੀ ਏ..!
ਹਰਪ੍ਰੀਤ ਸਿੰਘ ਜਵੰਦਾ