1999 ਚ ਬਾਬੇ ਨਾਨਕ ਦੇ ਗੁਰਪੁਰਬ ਤੇ ਪਾਕਿਸਤਾਨ ਜਾਣ ਦਾ ਸਬੱਬ ਬਣਿਆ। ਅਪਣੱਤ ਪਿਆਰ ਸਾਂਝ ਮੋਹੱਬਤ ਭਾਈਚਾਰਾ ਤੇ ਅੱਡ ਹੋ ਜਾਣ ਦੀ ਪੀੜ ਮਹਿਸੂਸ ਕੀਤੀ।
ਨਨਕਾਣਾ ਸਾਹਿਬ ਚ ਨਗਰ ਕੀਰਤਨ ਦੌਰਾਨ ਤੇਹ ਲੱਗਣ ਤੇ ਇਕ ਘਰੋਂ ਪਾਣੀ ਮੰਗਿਆ ਬੱਸ ਫੇਰ ਕੀ ਸੀ ਸਾਰਾ ਟੱਬਰ ਪੱਬਾਂ ਭਾਰ ਹੋ ਗਿਆ । ਧਰਮ ਦੀ ਦੀਵਾਰ ਵੀ ਉੱਠੀ । ਪੁੱਛਣ ਤੇ ਕਹਿਣ ਲੱਗੇ ਕਿ ਅਸੀਂ ਮੁਸਲਮਾਨ ਹਾਂ ਤੁਸੀਂ ਆਪਣੇ ਹੱਥੀਂ ਗਲਾਸ ਸਾਫ ਕਰ ਪੀ ਲਵੋ। ਓਹਨਾਂ ਆਪਣੇ ਹੱਥੀਂ ਪਹਿਲਾਂ ਨਲਕਾ ਵੀ ਮਾਂਜਿਆ।ਗਲਾਸ ਚ ਪਾਣੀ ਤਰਦਾ ਇਸ ਤੋਂ ਪਹਿਲਾਂ ਅੱਖਾਂ ਤਰ ਹੋ ਗਈਆਂ। ਜਾਣ ਤੋਂ ਪਹਿਲਾਂ ਘੁੱਟ ਸੀਨੇ ਨਾਲ ਲਾਇਆ ਤਾਂ ਲੱਗਾ ਨਾਨਕ ਅੱਜ ਵੀ ਇੱਥੇ ਹੀ ਖੇਡਦਾ ਆ ਤੇ ਉਸਦੇ ਆੜੀ ਮਰਦਾਨੇ ਡੂਮ ਦੇ ਘਰ ਅੱਜ ਵੀ ਇੱਥੇ ਹੀ ਨੇ। ਫੇਰ ਇਕ ਦਿਨ ਸੜਕ ਤੇ ਘੁੰਮ ਦੇ ਇਕ ਹਲਵਾਈ ਦੀ ਹੱਟੀ ਕੋਲ ਕੁੱਝ ਵੀਰ ਮਿਲੇ । ਗੱਲਾਂ ਬਾਤਾਂ ਤੋਂ ਬਾਅਦ ਕੁੱਝ ਵੀ ਖਾ ਕੇ ਜਾਣ ਦਾ ਖਹਿੜਾ ਕਰਨ ਲਗੇ । ਅਖੀਰ ਤੇ ਤਾਜੀਆਂ ਨਿਕਲ ਰਹੀਆਂ ਜਲੇਬੀਆਂ ਖਾ ਕੇ ਅੱਗੇ ਚਾਲੇ ਪਾਏ।
ਚੜ੍ਹਦੇ ਪੰਜਾਬ ਤੋਂ ਵਿਛੜ ਗਏ ਕਈ ਵੇਖੇ ਤੇ ਮਿਲੇ ਵੀ। ਇੱਕ ਦਿਨ ਬਾਜ਼ਾਰ ਗਿਆ ਨੂੰ ਇੱਕ ਗਲੀ ਦੇ ਮੋੜ ਤੇ ਕੰਧ ਓਹਲਿਓਂ ਇਕ ਕੰਬਦੀ ਹੋਈ ਅਵਾਜ ਕੰਨੀਂ ਪਈ ‘ਕੋਈ ਅੰਬਰਸਰੋਂ ਆਇਆ ਸਰਦਾਰ ਜੀ ‘
‘ਅੰਬਰਸਰੋਂ ਕਿੱਥੋਂ ਬਾਬਾ ‘ ਮੈਂ ਆਖਿਆ।
‘ ਸਰਦਾਰ ਜੀ ਵਰਪਾਲ ਤੋਂ ‘ ਓਸ ਆਖਿਆ।
‘ ਬਾਬਾ ਦੱਸ ਮੈਂ ਉਸਦੇ ਕੋਲ ਹੀ ਰਹਿੰਦਾਂ ਤੇ ਪਿੰਡੋਂ ਬੜਿਆ ਨੂੰ ਜਾਣਦਾਂ’ ਬਾਬੇ ਦੀ ਉਮਰ ਤੇ ਅੱਖਾਂ ਵਿੱਚ ਆਏ ਹੰਜੂਆਂ ਕਾਰਨ ਦਿਲ ਰੱਖਣ ਲਈ ਝੂਠ ਵੀ ਬੋਲ ਗਿਆ।
ਬਾਬਾ ਭੁੱਬੀਂ ਰੋ ਪਿਆ।
ਮੈਂ ਜੱਫੀ ਚ ਲਿਆ ਤੇ ਆਪਣੀਆਂ ਵੀ ਅੱਖਾਂ ਵਿੱਚ ਤਰ ਆਏ ਹੰਜੂ ਲਕੋ ਕੇ ਪੂੰਝੇ। ਗੱਚ ਭਰਿਆ ਸੀ ਬਾਬੇ ਨੂੰ ਦਿਲਾਸਾ ਕਿਦਾਂ ਦੇਂਦਾ।
ਕੁੱਝ ਹੌਲਾ ਹੋ ਬਾਬਾ ਬੋਲਿਆ ‘ ਮੈਂ ਵਰਪਾਲ ਪਿੰਡ ਦਾ ਚਮਿਆਰ ਹਾਂ ਤੇ ਆਪਣੇ ਸਰਦਾਰਾਂ ਦੀ ਖ਼ੈਰ ਮੰਗਦਾ ਹਰ ਸਾਲ ਮੇਲੇ ਤੇ ਆਉਂਦਾ ਆਂ ਕੇ ਸ਼ਾਇਦ ਮੇਰੇ ਸਰਦਾਰ ਆਏ ਹੋਣ।ਇਕੋ ਵਾਰੀ ਆਏ ਸੀ ਮੁੜ ਨਹੀਂ ਆਏ। ਓਹਨਾਂ ਨੂੰ ਸਨੇਹਾ ਪੁੱਜਦਾ ਕਰਿਓ ਕੇ ਇਕ ਵਾਰੀ ਮਾਰਨ ਤੋਂ ਪਹਿਲਾਂ ਮਿਲ ਜਾਓ ਹੁਣ ਸਮਾਂ ਥੋੜਾ ਰਹਿ ਗਿਆ ਹੈ’. ਬਾਬਾ ਫੇਰ ਗਲ ਲੱਗ ਰੋ ਪਿਆ।
ਬਾਬੇ ਨੂੰ ਧਰਵਾਸ ਬਨਾ ਕੇ ਅਸੀਂ ਮਨ ਤੇ ਬੋਝ ਲਈ ਵਿਦਾ ਹੋਏ। ਵਾਪਸ ਆਣ ਮੈ ਵਰਪਾਲ ਦੇ ਇਕ ਜਾਣਕਾਰ ਨੂੰ ਉਸਦਾ ਦਿੱਤਾ ਸੁਨੇਹਾ ਅਗਾਂਹ ਦੇਣ ਨੂੰ ਪੱਕਾ ਕਰ ਭੇਜਿਆ।ਪਰ ਦੌੜ ਤੇ ਸਿਆਸੀ ਮਜਬੂਰੀਆਂ ਲਾਚਾਰ ਕਰ ਦੇਂਦੀਆਂ ਨੇ।
ਬਾਬੇ ਚੇਹਰਾ ਤਾਂ ਮੈਂ ਭੁੱਲ ਗਈਆਂ ਪਰ ਮੁਹਾਂਦਰਾ ਯਾਦ ਆ ਤੇ ਅੱਜ ਵੀ ਜਦੋਂ ਮੈਂ ਪਾਕਿਸਤਾਨ ਦੀ ਯਾਤਰਾ ਨੂੰ ਚੇਤੇ ਕਰਦਾ ਹਾਂ ਤਾਂ ਓ ਪਹਿਲਾਂ ਸਾਹਮਣੇ ਆ ਜਾਂਦਾ ਹੈ।
ਲਾਹੌਰ ਆ ਕੇ ਵੀ ਬੜੇ ਸੁਖਦ ਅਹਿਸਾਸ ਹੋਏ ਕੇ ਨਵੀਂ ਪੀੜ੍ਹੀ ਚ ਸਰਹੱਦੀ ਵੰਡ ਦਾ ਪਾੜਾ ਨਹੀਂ ਪਿਆ। ਘੁੰਮ ਦਿਆਂ ਫਿਰਦਆਂ ਰਾਤ ਬਰਾਤੇ ਜ ਕਿਸੇ ਮਿਲਣਾ ਤਾਂ ਸ਼ਰਾਬੀ ਹਾਲਤ ਵਿੱਚ ਮਿਲਣਾ ਤੇ ਭੁੱਬ ਕੇ ਜੱਫ਼ੀ ਪਾਉਣੀ। ਜੈ ਹੱਥ ਅੱਗੇ ਕਰਨਾ ਮਿਲਾਉਣ ਨੂੰ ਟਾ ਗੁੱਟੋਂ ਖਿੱਚ ਜੱਫ਼ੀ ਪਾਉਣੀ ਤੇ ਕਹਿਣਾ ਹਥ ਗੈਰ ਮਿਲਾਂਦੇ ਨੇ ਤੁਸੀਂ ਹਮਸਾਏ ਹੀ ਨਹੀਂ ਹਮਸ਼ੀਰ ਵੀ ਹੋ।
ਹੋਰ ਵੀ ਬਹੁਤ ਕੁੱਛ ਵੇਖਿਆ ਤੇ ਮਹਿਸੂਸ ਕੀਤਾ ਕਿ ਪੰਜਾਬੀਆਂ ਦੀ ਮਾਂ ਇਕੋ ਹੈ ਕਿਸੇ ਕੁਲਾ ਰੱਖ ਲਿਆ ਕਿਸੇ ਟੋਪੀ ਤੇ ਕਿਸੇ ਪੱਗ ਬੰਨ ਲਈ।
SATINDER PAL SINGH