ਸਕੂਨ | skoon

ਵਿਰਲੇ -ਵਿਰਲੇ ਐਸੇ ਇਨਸਾਨ ਹਨ,ਜਿਹੜੇ ਆਪਣੇ ਅੰਦਰ ਚੰਗੇ ਗੁਣ ਸਮਾਈ ਬੈਠੇ ਹਨ |ਉਨਾਂ ਵਿੱਚੋਂ ਇੱਕ ਸੀ ਉਪਕਾਰ ਸਿੰਘ,
ਉਹ ਸਫਰ ਬੱਸ ਜਾਂ ਰੇਲ-ਗੱਡੀ ਵਿੱਚ ਕਰਦਾ ਹੋਵੇ, ਉਸਦਾ ਸੁਭਾਅ ਬਣਿਆ ਸੀ ਕਿਉ ਉਹ ਔਰਤਾਂ, ਬੱਚੇ ਜਾਂ ਬੁੱਢੇ ਮਰਦਾਂ ਨੂੰ ਆਪਣੀ ਸੀਟ ਉੱਤੇ
ਬਿਠਾਕੇ, ਆਪ ਖਲੋਕੇ ਸਫਰ ਤਹਿ ਕਰ ਜਾਂਦਾ ਸੀ |
ਇੱਕ ਦਿਨ ਉਸਨੂੰ ਹਲਕਾ -ਹਲਕਾ ਬੁਖਾਰ ਸੀ,ਪਰ ਕਿਸੇ ਖਾਸ ਕੰਮ ਲਈ ਉਸਨੂੰ ਕਰਤਾਰਪੁਰ ਜਾਣਾ ਪਿਆ | ਉਹ ਸਵੇਰੇ ਜੰਡਿਆਲਾ ਰੋਡ ਤਰਨ ਤਾਰਨ ਤੋਂ ਜਲੰਧਰ ਜਾਣ ਵਾਲੀ ਬੱਸ `ਚ ਸਵਾਰ ਹੋ ਗਿਆ |ਬੱਸ ਸਵਾਰੀਆਂ ਨਾਲ ਨੱਕਾ-ਨੱਕ ਭਰੀ ਹੋਈ ਸੀ, ਉਹ ਤਿੰਨਾਂ ਸਵਾਰੀਆਂ ਵਾਲੀ ਸੀਟ ਉੱਤੇ ਪਹਿਲੇ ਨੰਬਰ `ਤੇ ਬੈਠਾ ਸੀ |
ਉਸਦੇ ਲਾਗੇ ਇੱਕ ਮੁਟਿਆਰ ਕੁੜੀ ਆਕੇ ਖਲੋ ਗਈ | ਉਹ ਬੁਖਾਰ ਦੀ
ਹਾਲਤ ਵਿਚ ਖਲੋਕੇ ਸਫਰ ਨਹੀਂ ਕਰ ਸਕਦਾ ਸੀ | ਉਸਨੇ ਲਾਗੇ ਖੜੀ ਕੁੜੀ ਨੂੰ ਮਜਬੂਰੀ ਜਾਹਿਰ ਕਰਦੇ ਕਿਹਾ,“ਭੈਣੇ,ਮੇਰੀ ਦੇਹ ਤੰਦਰੁਸਤ ਨਹੀਂ ਹੈ…ਨਹੀਂ ਤਾਂ ਮੈਂ ਤੈਨੂੰ ਆਪਣੀ ਸੀਟ `ਤੇ ਬਿਠਾਕੇ ਆਪ ਖਲੋ ਜਾਂਦਾ. .|“
ਕੁੜੀ ਨੇ ਧੰਨਵਾਦ ਕਰਦਿਆਂ ਕਿਹਾ,“ਕੋਈ ਨਹੀਂ, ..ਵੀਰ ਜੀ,
ਮੈਂ ਬਿਆਸ ਉਤਰ ਜਾਣਾ ਹੈ,..ਇਤਨਾ ਕੁ ਸਫਰ ਮੈਂ ਖਲੋਕੇ ਕੱਢ ਲੈਣਾ ਏ |“
ਬੱਸ ਆਪਣੀ ਚਾਲੇ ਚੱਲ ਰਹੀ ਸੀ |ਸੜਕ `ਤੇ ਦੂਰ-ਦੁਰਾਡੇ ਦਿੱਸਦੇ ਰੁੱਖ ਪਿਛਾਂਹ ਭੱਜਦੇ ਦਿਖਾਈ ਦੇ ਰਹੇ ਸਨ | ਪਰ ਉਪਕਾਰ ਸਿੰਘ ਦੇ ਅੰਦਰ ਹੱਲ-ਚੱਲ ਮੱਚੀ ਹੋਈ ਸੀ | ਸੀਟ ਨਾ ਛੱਡਣ ਦੀ ਅਸਮਰੱਥਾ ਦੱਸ ਕੇ ਵੀ ਉਸਦੇ ਮਨ ਨੂੰ ਤਸੱਲੀ ਨਹੀਂ ਹੋਈ ਸੀ | ਉਸਦੇ
ਮਨ ਉੱਤੇ ਇਹ ਵਿਚਾਰ ਪ੍ਭਾਵ ਪਾ ਰਿਹਾ ਸੀ ਕਿ ਉਸ ਨੇ ਅੱਜ ਪਹਿਲੀ
ਵਾਰ ਕਿਸੇ ਔਰਤ ਨੂੰ ਬੈਠਣ ਲਈ ਆਪਣੀ ਸੀਟ ਨਹੀਂ ਦਿੱਤੀ. ..ਉਹ
ਬਥੇਰਾ ਮੂੰਹੋਂ “ਵਾਹਿਗੁਰੂ…ਵਾਹਿਗੁਰੂ “ਕਹੇ…ਪਰ ਉਸਦਾ ਮਨ ਸਿਮਰਨ ਵਿੱਚ ਟਿੱਕ ਨਹੀਂ ਰਿਹਾ ਸੀ | ਉਸਨੇ ਮਨ ਤੋਂ ਮਜਬੂਰ ਹੋ ਕੇ,ਫਿਰ ਉਸ ਕੁੜੀ ਨੂੰ ਆਖਿਆ, “ਭੈਣੇ,..ਤੂੰ ਇਸ ਸੀਟ `ਤੇ ਬਹਿ ਜਾ….ਮੈਂ ਖਲੋ ਜਾਂਦਾ ਹਾਂ |“
ਕੁੜੀ ਨੇ ਉਸਦੀ ਹਮਦਰਦੀ ਨੂੰ ਵੇਖਕੇ ਸਤਿਕਾਰ ਨਾਲ ਕਿਹਾ,“ਨਹੀਂ ….ਨਹੀਂ, …ਤੁਸੀਂ ਠੀਕ ਨਹੀਂ ਹੋ,ਬੈਠੇ ਰਹੋ,…ਵੀਰ ਜੀ,.
ਰੱਈਆ ਆ ਗਿਆ ਨਾਲ ਹੀ ਬਿਆਸ ਏ…|“
ਦੋਵਾਂ ਦੀ ਗੱਲਬਾਤ ਦੌਰਾਨ ਇੱਕ ਬਜੁਰਗ ਔਰਤ ਨੂੰ ਖੰਘ ਛਿੜ ਪਈ. .ਖੰਘ ਦੀ ਅਵਾਜ਼ ਸੁਣਕੇ ਉਪਕਾਰ ਸਿੰਘ ਨੇ ਪਿਛਾਂਹ
ਵੇਖਿਆ ਅਤੇ ਝੱਟਪੱਟ ਉੱਠ ਖਲੋਤਾ `ਤੇ ਬੜੇ ਸਤਿਕਾਰ ਨਾਲ ਆਖਿਆ, “ਮਾਂ ਜੀ,….ਮਾਫ ਕਰਿਓ..ਮੈਂ ਤੁਹਾਨੂੰ ਵੇਖਿਆ ਨਹੀਂ ਸੀ, ਨਹੀਂ ਤਾਂ ਮੈਂ ਕਦੋਂ ਦਾ ਸੀਟ ਉੱਤੇ ਬਿਠਾ ਦੇਣਾ ਸੀ, …ਆਓ ਹੁਣ..ਬੈਠੋ
ਇਥੇ. …|“
ਬਜ਼ੁਰਗ ਔਰਤ ਉਸੇ ਵੇਲੇ ਸੀਟ ਉੱਤੇ ਬੈਠ ਗਈ| ਸਾ਼ਇਦ ਉਸਦੇ ਮਨ ਵਿੱਚ ਪਹਿਲਾਂ ਹੀ ਇਹ ਵਿਚਾਰ ਹੋਵੇਗਾ ਕਿ ਕੋਈ ਉਸਨੂੰ ਆਪਣੀ ਜਗਾ੍ ਸੀਟ ਉੱਤੇ ਬਿਠਾ ਦੇਵੇ |
ਭਾਵੇਂ ਬੁਖਾਰ ਦੀ ਹਾਲਤ ਵਿਚ ਉਪਕਾਰ ਸਿੰਘ ਦਾ ਸਰੀਰ ਸਾਥ ਨਹੀਂ ਦੇ ਰਿਹਾ ਸੀ, ਪਰ ਉਹ ਪਰਉਪਕਾਰ ਕਰਕੇ ਮਨ ਹੀ ਮਨ
ਸਕੂਨ ਮਹਿਸੂਸ ਕਰ ਰਿਹਾ ਸੀ |ਉਸ ਸਕੂਨ ਦੀ ਮਸਤੀ ਵਿੱਚ ਉਸਨੂੰ
ਪਤਾ ਹੀ ਨਾ ਲੱਗਾ ਕਿ ਕਦੋਂ ਉਸਦੀ ਮੰਜਲ ਆ ਗਈ ਸੀ|ਉਦੋਂ ਪਤਾ ਲੱਗਾ ਜਦੋਂ ਕੰਡਕਟਰ ਨੇ ਅਵਾਜ ਦਿੱਤੀ, “ਬੱਈ ,ਕਰਤਾਰਪੁਰ ਵਾਲੇ,
ਉਤਰੋ ਛੇਤੀ “
ਬਲਬੀਰ ਸਿੰਘ `ਬੇਲੀ`
ਤਰਨ ਤਾਰਨ |
ਫੋਨ….6284122703

Leave a Reply

Your email address will not be published. Required fields are marked *