ਨਿੱਕੇ ਹੁੰਦਿਆਂ ਜਦੋਂ ਆਪਣੇ ਘਰ ਦੇ ਉਪਰੋਂ ਪੰਛੀਆਂ ਵਾਂਗ ਜਹਾਜ਼ ਨੂੰ ਉੱਡਦੇ ਹੋਏ ਦੇਖਣਾ ਤਾਂ ਉਪਰ ਵੱਲ ਦੇਖ ਕੇ ਹੱਸ ਕੇ ਤੇ ਹੱਥ ਹਿਲਾ ਕੇ ਬਾਏ-ਬਾਏ ਕਰਨੀ ਜਿਵੇਂ ਕਿਤੇ ਜਹਾਜ਼ ਵਿਚਲੇ ਮੁਸਾਫ਼ਿਰ ਮੇਰੀ ਬਾਏ ਦੇਖ ਕੇ ਜ਼ਵਾਬ ਵਿੱਚ ਬਾਏ ਕਰਨਗੇ। ਜਹਾਜ਼ ਵਿੱਚ ਝੂਟੇ ਲੈਣ ਦੀ ਰੀਝ ਰੱਖਣ ਦੇ ਨਾਲ ਇਹ ਵੀ ਸੋਚਣਾ ਕਿ ਜਦੋਂ ਉਨ੍ਹਾਂ ਨੂੰ ਵਾਸ਼ਰੂਮ (ਓਸ ਵੇਲੇ ਇਹ ਲਫ਼ਜ਼ ਆਮ ਵਰਤੋਂ ਵਿੱਚ ਨਹੀਂ ਸੀ,ਲਿਖ਼ਤ ਕਰਕੇ ਵਰਤਿਆ ਹੈ) ਦੀ ਲੋੜ ਪੈਂਦੀ ਹੋਵੇਗੀ ਤਾਂ ਓਹ ਕਿਵੇਂ !? ਮੱਧਮ ਵਰਗ ਦੇ ਪਰਿਵਾਰ ਨਾਲ ਸਬੰਧਿਤ ਹੋਣ ਕਰਕੇ ਇਹ ਪਤਾ ਸੀ ਕਿ ਜਹਾਜ਼ ਦੀ ਸੈਰ ਸਿਰਫ਼ ਇੱਕ, ਦਿਨ ਵੇਲੇ ਦਾ ਸੁਪਨਾ ਹੈ ਪਰ ਫੇਰ ਵੀ ਇਹ ਆਸ ਜ਼ਰੂਰ ਸੀ ਕਿ ਇਹ ਸੁਪਨਾ ਸਾਕਾਰ ਹੋਵੇਗਾ। ਓਦੋਂ ਜਹਾਜ਼ ਦੀ ਸੈਰ ਕਰਨੀ ਇੱਕ ਵੱਡੀ ਗੱਲ ਤੇ ਕਿਸਮਤ ਦਾ ਖੇਡ ਸਮਝਿਆ ਜਾਂਦਾ ਸੀ। ਮੈਂ ਦੱਸ ਸਾਲ ਦਾ ਸੀ, ਪਿਤਾ ਜੀ ਚੜ੍ਹਾਈ ਕਰ ਗਏ ਸਨ।
ਖ਼ੈਰ ਸਮਾਂ ਆਪਣੀਆਂ ਪੈੜਾਂ ਨੱਪਦਾ ਗਿਆ ਤੇ ਆਪਾਂ ਵੀ ਜਵਾਨੀ ਵਿੱਚ ਪੈਰ ਪਾ ਲਿਆ ਸੀ ਪਰ ਓਹ ਜਵਾਨੀ ਅਜੋਕੀ ਮੜਕਾਂ ਵਾਲੀ ਨਹੀਂ ਸੀ। ਚੇਹਰੇ ਤੇ ਜ਼ਿੰਮੇਵਾਰੀ ਦਾ ਪਰਛਾਵਾਂ ਤੇ ਗੰਭੀਰਤਾ ਦੀ ਮੋਹਰ ਲੱਗੀ ਹੁੰਦੀ ਸੀ। ਪ੍ਰਾਈਵੇਟ ਸਕੂਲ ਵਿੱਚ ਸੰਗੀਤ ਅਧਿਆਪਕ ਦੀ ਨੌਕਰੀ ਮਿਲ ਗਈ। ਨੌਕਰੀ ਦੇ ਦੌਰਾਨ ਸਕੂਲ ਦੇ ਸੰਗੀਤ ਵਿਦਿਆਰਥੀਆਂ ਦੀ ਟੀਮ ਨੂੰ ਲੁਧਿਆਣਾ ਵਿਖੇ ਇੱਕ ਕੀਰਤਨ ਮੁਕਾਬਲੇ ਵਿੱਚ ਭਾਗ ਲੈਣ ਲਈ ਲੈ ਕੇ ਆਇਆ। ਪਾਰਖੂ ਸਾਹਿਬਾਨ ਵਿੱਚੋਂ ਇੱਕ ਪਾਰਖੂ ਸੱਜਣ ਪ੍ਰੋਫੈਸਰ ਪਰਮਜੋਤ ਸਿੰਘ ਜੀ ਮੁਲਾਂਪੁਰ ਵਾਲਿਆਂ ਨੇ ਮੇਰੀ ਟੀਮ ਦੇ ਬੱਚਿਆਂ ਦੇ ਕੀਰਤਨ ਦੀ ਸਰਾਹਨਾ ਕੀਤੀ। ਬੱਚਿਆਂ ਦਾ ਤੀਜਾ ਇਨਾਮ ਕੱਢਿਆ ਗਿਆ। ਇਹ ਮੇਰਾ ਪਹਿਲਾ ਤਜ਼ਰਬਾ ਸੀ।
ਤਿੰਨ ਚਾਰ ਮਹੀਨੇ ਮਗਰੋਂ ਪ੍ਰੋ: ਪਰਮਜੋਤ ਸਿੰਘ ਜੀ ਨੇ ਮੇਰੇ ਨਾਲ ਸੰਪਰਕ ਸਾਧ ਕੇ ਮੈਨੂੰ ਥਾਈਲੈਂਡ ਸਥਿਤ ਇੱਕ ਸਿੱਖ ਸਕੂਲ ਵਿੱਚ ਬਤੌਰ ਸੰਗੀਤ ਅਧਿਆਪਕ ਵਜੋਂ ਆਪਣੀਆਂ ਸੇਵਾਵਾਂ ਦੇਣ ਸੰਬੰਧੀ ਪੁਛਿਆ ਤਾਂ ਮੈਂ ਉਨ੍ਹਾਂ ਨੂੰ ਝੱਟ ਹਾਂ ਕਰ ਦਿੱਤੀ ਕਿਉਂਕਿ ਆਪਣੇ ਆਪ ਨੂੰ ਆਰਥਿਕ ਪਖੋਂ ਉਚਾ ਚੁੱਕਣ ਅਤੇ ਵਿਆਹ ਦੇ ਲਈ ਸੋਹਣੀ ਜੀਵਨ ਸਾਥਣ ਵੀ ਲੱਭਣੀ ਸੀ। ਉਨ੍ਹਾਂ ਪੁੱਛਿਆ ਕਿ ਮੇਰਾ ਪਾਸਪੋਰਟ ਬਣਿਆ ਹੈ ਮੇਰੇ ਵੱਲੋਂ ਹਾਂ ਕਹਿਣ ਤੇ ਉਨ੍ਹਾਂ ਕਿਹਾ ਕਿ ਦਿੱਲੀ ਵਿਖੇ ਫਲਾਣੀ ਜਗ੍ਹਾ ਆਪਣਾ ਪਾਸਪੋਰਟ, ਵੀਜ਼ਾ ਲਈ ਜਮਾ ਕਰਵਾ ਦਿਓ। ਪਾਸਪੋਰਟ ਵੀ ਬੱਸ ਐਵੇਂ ਬਣਵਾ ਲਿਆ ਸੀ। ਵੀਜ਼ਾ ਮਿਲ ਗਿਆ। ਬੱਸ ਫੇਰ ਕੀ ਸੀ ਇੱਕ ਤਾਂ ਵਿਦੇਸ਼ ਦੀ ਨੌਕਰੀ ਤੇ’ ਜਹਾਜ਼ ਦਾ ਝੂਟਾ, ਚਾਅ ਡੁੱਲ ਡੁੱਲ ਕੇ ਪੈ ਰਿਹਾ ਸੀ।
ਸੋ ਇਸ ਤਰ੍ਹਾਂ ਨਾਲ ਆਪਣਾ ਜਹਾਜ਼ ਦੇ ਝੂਟੇ ਦਾ ਸੁਪਨਾ ਹਕੀਕਤ ਵਿੱਚ ਤਬਦੀਲ ਹੋਇਆ। ਤੇ ਫੇਰ ਦੁਬਾਰਾ ਬਾਰਾਂ ਕੁ ਸਾਲ ਬਾਅਦ ਦੁਬਾਰਾ ਓਸੇ ਸਕੂਲ ਵਿੱਚ ਸੰਗੀਤ ਅਧਿਆਪਕ ਵਜੋਂ ਚਾਰ ਸਾਲ ਸੇਵਾਵਾਂ ਦਿੱਤੀਆਂ ਤੇ ਜਹਾਜ਼ ਦੇ ਝੂਟੇ ਲੱਗਦੇ ਗਏ।
ਤੇ ਹੁਣ ਫੇਰ ਦੱਸ ਸਾਲ ਬਾਅਦ ੨੦੨੩ ਵਿੱਚ ਕੈਨੇਡਾ ਦਾ ਝੂਟਾ। ਭਾਵੇਂ ਹੁਣ ਜਹਾਜ਼ ਦੇ ਸਫ਼ਰ ਦਾ ਓਹ ਉਤਸ਼ਾਹ ਨਹੀਂ ਰਿਹਾ, ਅਲਬੱਤਾ ਜਹਾਜ਼ ਦੀ ਖਿੜਕੀ ਤੋਂ ਕੁਦਰਤ ਦੇ ਬਣਾਏ ਨਿਜ਼ਾਮ ਦੇ ਦੀਦਾਰ ਲਈ ਝਾਤ ਜ਼ਰੂਰ ਮਾਰੀਦੀ ਹੈ।
ਹੁਣ ਵੀ ਮੈਂ ਆਪਣਾ ਜਹਾਜ਼ ਦਾ ਸੈਰਨਾਮਾ ਵਿਨੀਪੈੱਗ ਤੋਂ ਟਰਾਂਟੋ ਦੇ ਸਫ਼ਰ ਦੌਰਾਨ ਹਵਾਈ ਜਹਾਜ਼ ਵਿੱਚ ਬੈਠ ਕੇ ਲਿਖ ਰਿਹਾ ਹਾਂ ਅਤੇ ਪਤਾ ਹੀ ਨਹੀਂ ਲੱਗਾ ਕਿ ਟੋਰਾਂਟੋ ਵੀ ਆ ਗਿਆ।
🤔 ਕੰਵਰ ਅੰਮ੍ਰਿਤ ਪਾਲ ਸਿੰਘ
੫ ਅਗਸਤ, ੨੦੨੩ ਸਮਾਂ, ਵਿੱਚ ਵਿਚਾਲੇ