ਆਪਣੀ ਗਲਤੀ ਦਾ ਇਕਬਾਲ ( Confession )
2010 ਵਿੱਚ ਮੈਂ ਫੇਸਬੁਕ ਸੰਸਾਰ ਵਿੱਚ ਦਾਖਲ ਹੋਇਆ ਤੇ ਇੱਕ ਸਾਲ ਵਿੱਚ ਹੀ ਮੈਂ ਕੁੱਝ ਕਿਤਾਬਾਂ ਪੜ੍ਹ ਕੇ ਫੇਸਬੁਕ ਤੇ ਲੇਖ ਵੀ ਲਿਖਣ ਲੱਗ ਪਿਆ, ਕਹਿੰਦੇ ਨੇ ਕਿ ਜਿਵੇਂ ਨਵਾਂ ਨਵਾਂ ਬਣਿਆ ਮੁੱਲਾ ਜ਼ਿਆਦਾ ਉੱਚੀ ਬਾਂਗ ਦੇਂਦਾ ਹੈ ਉਹੀ ਹਾਲ ਮੇਰਾ ਸੀ ਬੇਸ਼ਕ ਉਸ ਸਮੇਂ ਤੱਕ ਮੈਨੂੰ ਧਰਮ ਦੇ ਖੇਤਰ ਦੀ ਕੋਈ ਜ਼ਿਆਦਾ ਸਮਝ ਵੀ ਨਹੀਂ ਸੀ, ਉਸ ਸਮੇਂ ਮੈਂ ਇਕ ਲੇਖ ਗੁਰੂ ਦੇ ਲੰਗਰਾਂ ਬਾਰੇ ਵੀ ਲਿਖਿਆ ਸੀ, ਮੇਰਾ ਲੇਖ ਲਿਖਣ ਦਾ ਮਕਸਦ ਤਾਂ ਏਹ ਸੀ ਕਿ ਗੁਰੂ ਘਰਾਂ ਦੇ ਲੰਗਰਾਂ ਵਿੱਚ ਭਾਂਤ-ਭਾਂਤ ਦੇ ਪਦਾਰਥ ਨਹੀਂ ਹੋਣੇ ਚਾਹੀਦੇ ਤੇ ਲੰਗਰ ਸਿਰਫ਼ ਲੋੜਵੰਦਾਂ ਲਈ ਹੋਣਾ ਚਾਹੀਦਾ ਹੈ ਪਰ ਇਸ ਲੇਖ ਦਾ ਗੁਰੂ ਘਰਾਂ ਦੇ ਵਿਰੋਧੀਆਂ ਨੇ ਵੱਖ ਵੱਖ ਗਰੁੱਪਾਂ ਵਿੱਚ ਤਕਰੀਬਨ ਹਜ਼ਾਰ ਕੁ ਵਾਰ ਸ਼ੇਅਰ ਕੀਤਾ, ਬਹੁਤ ਵਧੀਆ,ਸਿਰਾ ਆਰਟੀਕਲ ਵਰਗੇ ਕੰਮੈਂਟ ਵੀ ਕੀਤੇ ਸਿੱਧੇ ਸ਼ਬਦਾਂ ਵਿੱਚ ਕਹਾਂ ਕਿ ਬਹੁਤ ਪੰਪ ਵੀ ਦਿੱਤੇ,
ਮੈਨੂੰ ਆਪਣੀ ਗਲਤੀ ਦਾ ਪਹਿਲੀ ਵਾਰ ਅਹਿਸਾਸ ਉਦੋਂ ਹੋਇਆ ਜਦੋਂ 5 ਸਾਲ ਪਹਿਲਾਂ ਆਪਣੀ ਸਰਦਾਰਨੀ ਨਾਲ ਸ੍ਰੀਨਗਰ (ਕਸ਼ਮੀਰ) ਘੁੰਮਣ ਗਿਆ, ਸਾਡਾ ਇੱਕ ਦਿਨ ਗੁ: ਛੇਵੀਂ ਪਾਤਸ਼ਾਹੀ ਸ੍ਰੀਨਗਰ ਠਹਿਰਨ ਦਾ ਪ੍ਰੋਗਰਾਮ ਸੀ, ਸਵੇਰੇ ਅਸੀਂ ਆਪਣਾ ਸਮਾਨ ਸਰਾਂ ਦੇ ਕਮਰੇ ਵਿੱਚ ਰੱਖ ਕੇ ਗੁ:ਸਾਹਿਬ ਮੱਥਾ ਟੇਕ ਕੇ ਡੱਲ ਝੀਲ ਲਾਗੇ ਨਾਸ਼ਤਾ ਕਰਕੇ ਦਿਨ ਭਰ ਸ੍ਰੀਨਗਰ ਦੇ ਬਾਗ਼ ਘੁੰਮਦੇ ਰਹੇ ਤੇ ਦੇਰ ਸ਼ਾਮ ਨੂੰ ਗੁ: ਸਾਹਿਬ ਦੀ ਸਰਾਂ ਵਿੱਚ ਆ ਗਏ, ਕਮਰੇ ਵਿੱਚ ਥੋੜਾ ਅਰਾਮ ਕਰਨ ਤੋਂ ਬਾਆਦ ਜਦੋਂ ਅਸੀਂ ਉੱਠੇ ਤੇ ਖਾਣੇ ਦੀ ਭੁੱਖ ਬੜੀ ਚਮਕ ਚੁੱਕੀ ਸੀ ਅਸੀਂ ਨੇੜੇ ਦੇ ਬਜ਼ਾਰਾਂ ਵਿੱਚ ਬੜਾ ਘੁੰਮੇ ਪਰ ਸਾਨੂੰ ਕੋਈ ਕੋਈ ਚੱਜ਼ ਦਾ ਢਾਬਾ ਨਹੀਂ ਮਿਲਿਆ ਜਿੱਥੇ ਸਾਡੇ ਮਤਲਬ ਦਾ ਖਾਣਾ ਮਿਲਦਾ, ਕਹਿੰਦੇ ਨੇ ਰਾਹ ਪਿਆ ਜਾਣਿਏ ਜਾਂ ਵਾਹ ਪਿਆ ਜਾਣਿਏ, ਭੁੱਖ ਨਾਲ ਬਹੁਤ ਬੁਰਾ ਹਾਲ ਸੀ ਸੋ ਵਾਪਸ ਆ ਕੇ ਗੁ: ਸਾਹਿਬ ਲੰਗਰ ਬਾਰੇ ਪਤਾ ਕੀਤਾ ਉਨਾਂ ਦੇ ਦੱਸਣ ਮੁਤਾਬਕ ਕਿ ਗੁ: ਸਾਹਿਬ ਲੰਗਰ ਦਿਨ-ਤਿਉਹਾਰ ਤੇ ਹੀ ਤਿਆਰ ਹੁੰਦਾ ਹੈ ਪਰ ਹਰ ਰੋਜ਼ ਰਾਤ ਨੂੰ ਲੰਗਰ ਸੰਗਤਾਂ ਦੇ ਘਰਾਂ ਵਿੱਚੋਂ ਤਿਆਰ ਹੋ ਕੇ ਆਉਂਦਾ ਹੈ ਜੋ ਕਾਰ- ਸੇਵਾ ਵਾਲੇ ਬਾਬਾ ਜੀ ਸੰਗਤਾਂ ਵਿੱਚ ਵਰਤਾ ਦੇਂਦੇ ਨੇ ਸੋ ਆਪਾਂ ਵੀ ਉਨਾਂ ਵੱਲੋਂ ਦੱਸੀ ਜਗਾ ਤੇ ਜਾ ਕੇ ਪੰਗਤ ਵਿੱਚ ਬੈਠ ਗਏ, ਸੇਵਾਦਾਰਾਂ ਵੱਲੋਂ ਆਈ ਸਾਰੀ ਦਾਲ ਇੱਕ ਪਤੀਲੇ ਵਿੱਚ ਇੱਕਠੀ ਕਰ ਲਈ ਤੇ ਸਬਜ਼ੀ ਅਲੱਗ ਭਾਂਡੇ ਵਿੱਚ ਫੇਰ ਲੰਗਰ ਸੰਗਤਾਂ ਵਿੱਚ ਵਰਤਾ ਦਿੱਤਾ ਤੇ ਉਸ ਲੰਗਰ ਦਾ ਜੋ ਸਵਾਦ ਸੀ ਉਹ ਮੈਨੂੰ ਕਦੇ ਕਿਸੇ ੫ ਸਟਾਰ ਹੋਟਲ ਵਿੱਚ ਵੀ ਨਹੀਂ ਮਿਲਿਆ,
4 ਕੁ ਸਾਲ ਪਹਿਲਾਂ ਮੈਂ ਬਰੈਂਮਟਨ ਕਨੇਡਾ ਬੇਟੀ ਕੋਲ ਗਿਆ, ਬੇਟੀ ਤੇ ਕੰਮ ਤੇ ਚਲੀ ਜਾਂਦੀ ਸੀ ਤੇ ਮੈਂ ਕਦੇ ਗੁਰਦਵਾਰਾ ਗੁਰੂ ਨਾਨਕ ਦਰਬਾਰ, ਕਦੇ ਡਿਕਸੀ ਗੁਰਦਵਾਰੇ ਕਦੇ ਮਾਲਟਨ ਗੁਰਦਵਾਰਾ ਸਾਹਿਬ ਜਾ ਕੇ ਲੰਗਰ ਵਿੱਚ ਸੇਵਾ ਕਰਨੀ ਤੇ ਉੱਥੇ ਮੈਂ ਅਹਿਸਾਸ ਕੀਤਾ ਕਿ ਕਨੇਡਾ ਪੜਨ ਆਉਣ ਵਾਲੇ ਬੱਚਿਆਂ ਲਈ ਗੁਰੂ ਦਾ ਲੰਗਰ ਇੱਕ ਜੀਵਨ ਰੇਖਾ ( Life line ) ਵਾਂਗ ਹੈ, ਜੇ ਏਹ ਲੰਗਰ ਨਾ ਹੋਣ ਤੇ ਬੱਚਿਆਂ ਨੂੰ ਬਹੁਤ ਮੁਸ਼ਕਲ ਆ ਸਕਦੀ ਹੈ ।
ਸੋ ਮੈਂ ਆਪਣੇ ਲਿਖੇ ਪੁਰਾਣੇ ਲੇਖ਼ ਲਈ ਇਕ ਵਾਰ ਫੇਰ ਮਾਫ਼ੀ ਮੰਗਦਾ ਹਾਂ,
ਜਗਜੀਤ ਸਿੰਘ ਲੁਧਿਆਣਾ ।