ਅੱਜ ਕੱਲ੍ਹ ਸੋਸ਼ਲ ਮੀਡੀਆ ਤੇ ਰੋਜ਼ਾਨਾ ਦੇਖਦੇ ਹਾਂ ਕਿ ਪਤੀ ਪਤਨੀ ਚ ਘਰੇਲੂ ਕਲ਼ੇਸ਼ ਕਰਕੇ ਬਹੁਤ ਵੀਡੀਓ ਵਾਇਰਲ ਹੋ ਰਹੀਆਂ ਹਨ, ਆਪਸੀ ਘਰੇਲੂ ਮਸਲੇ ਕੋਈ ਬਹੁਤੇ ਵੱਡੇ ਨਹੀਂ ਹੁੰਦੇ ਜਿੰਨੇ ਬਣਾ ਲਏ ਜਾਂਦੇ ਹਨ, ਉਹ ਕਿਹੜਾ ਘਰ ਹੈ ਜਿੱਥੇ ਕਦੇ ਲੜਾਈ ਨਹੀਂ ਹੋਈ ਹੋਵੇਗੀ , ਉਹ ਕਿਹੜੇ ਮੀਆਂ ਬੀਬੀ ਆ ਜਿਨ੍ਹਾਂ ਚ ਕਦੇ ਛੋਟੇ ਮੋਟੇ ਝਗੜੇ ਨਾ ਹੋਏ ਹੋਣ, ਮੇਰੇ ਖਿਆਲ ਨਾਲ ਕੋਈ ਵੀ ਐਸਾ ਘਰ ਨਹੀਂ ਹੋਵੇਗਾ। ਉਹ ਲੋਕ ਸਿਆਣੇ ਹੁੰਦੇ ਆ ਜੋ ਆਪਸ ਚ ਮਿਲ਼ ਬੈਠ ਕੇ ਘਰੇਲੂ ਮਸਲੇ ਹੱਲ ਕਰਦੇ ਹਨ,
ਮਹਾਂਮੂਰਖ ਲੋਕ ਹਨ ਜੋ ਆਪਣੇ ਛੋਟੇ ਮੋਟੇ ਘਰੇਲੂ ਮਸਲਿਆਂ ਨੂੰ ਮੀਡੀਆ ਤੱਕ ਠਾਣਿਆਂ ਕਚਹਿਰੀਆਂ ਵਿੱਚ ਲੈ ਜਾਂਦੇ ਹਨ। 23 ਸਾਲ ਹੋ ਗਏ ਵਿਆਹ ਹੋਏ ਨੂੰ ਸੈਂਕੜੇ ਵਾਰ ਲੜੇ ਗੁੱਸੇ ਹੋਏ ਹੋਵਾਂਗੇ ਪਰ ਕਦੇ ਗਲ਼ੀ ਗੁਆਂਢ ਤੱਕ ਨਹੀਂ ਪਤਾ ਲੱਗਣ ਦਿੱਤਾ ਕਿ ਅਸੀਂ ਲੜੇ ਹੋਏ ਹਾਂ ਜੇ ਕਿਤੇ
ਗੁੱਸੇ-ਰਾਜੀ ਹੋਈਏ ਵੀ ਤਾਂ ਕੋਈ ਰਿਸ਼ਤੇਦਾਰ ਜਾਂ ਕੋਈ ਵੀ ਘਰ ਆ ਜਾਵੇ ਤਾਂ ਅਸੀਂ ਇਕ ਦੂਜੇ ਨਾਲ ਏਦਾਂ ਹੋ ਜਾਂਦੇ ਹਾਂ ਜਿਵੇਂ ਕਦੀ ਲੜੇ ਹੀ ਨਹੀਂ ਹੁੰਦੇ , ਕੋਈ ਜੱਜ ਨਹੀਂ ਕਰ ਸਕਦਾ ਕਿ ਕਦੇ ਲੜੇ ਵੀ ਹੋਣਗੇ, ਸਿਰਫ ਦੋ ਚਾਰ ਦਿਨ ਚੁੱਪ ਕਰ ਜਾਣਾ ਤੇ ਦੂਜੇ ਤੀਜੇ ਆਪੇ ਇਕ ਦੂਜੇ ਨੂੰ ਬੁਲਾ ਲੈਣਾ ਤੇ ਬੜੀ ਖੁਸ਼ੀ ਨਾਲ ਜਿੰਦਗੀ ਕੱਟ ਰਹੇ ਹਾਂ। ਮੈਂ ਤਾਂ ਭੈਣਾਂ ਨੂੰ ਏਹੀ ਬੇਨਤੀ ਕਰਦਾ ਹਾਂ ਕਿ ਗੁੱਸੇ ਹੋ ਕੇ ਆਪਣਾ ਘਰ ਕਦੇ ਨਾ ਛੱਡੋ, ਇਕ ਵਾਰ ਘਰੋਂ ਪੈਰ ਬਾਹਰ ਪੈ ਗਿਆ ਤੇ ਜਿੰਦਗੀ ਬਰਬਾਦ ਹੋ ਜਾਂਦੀ ਹੈ, ਜੇ ਛੋਟੇ ਬੱਚੇ ਹਨ ਤੇ ਹੋਰ ਵੀ ਔਖਾ ਹੋ ਜਾਂਦਾ ਹੈ, ਸਬਰ ਸੰਤੋਖ ਨਾਲ ਜਿੰਦਗੀ ਦੀ ਗੱਡੀ ਨੂੰ ਲਾਈਨ ਤੇ ਰੱਖਿਆ ਜਾ ਸਕਦਾ ਹੈ। ਛੋਟੀਆਂ ਮੋਟੀਆਂ ਗੱਲਾਂ ਨੂੰ ਅਣਸੁਣਿਆਂ ਅਣਦੇਖਿਆ ਕਰਨ ਨਾਲ ਜਿੰਦਗੀ ਸੁਖਾਲ਼ੀ ਹੋ ਜਾਂਦੀ ਹੈ, ਛੇਤੀ ਨਾਲ ਗੁੱਸੇ ਵਿਚ ਲਏ ਹੋਏ ਫੈਸਲੇ ਕਈ ਵਾਰ ਜਿੰਦਗੀ ਖਰਾਬ ‘ਘਰ ਬਰਬਾਦ ਕਰ ਦਿੰਦੇ ਹਨ। ਆਦਮੀ ਨੂੰ ਵੀ ਚਾਹੀਦਾ ਹੈ ਕਿ ਆਪਣੀ ਪਤਨੀ ਨੂੰ ਛੋਟੀ ਮੋਟੀ ਗੱਲ ਗਲਤੀ ਤੇ ਅਣਦੇਖਿਆ ਕਰਨਾ ਚਾਹੀਦਾ ਹੈ, ਦੋਹਾਂ ਨੂੰ ਇਕ ਦੂਜੇ ਦਾ ਸਤਿਕਾਰ ਤੇ ਸਹਿਯੋਗ ਕਰਨਾ ਚਾਹੀਦਾ ਹੈ, ਘਰ ਵਿਚ ਭਾਵੇਂ ਹਰ ਸ਼ੈਅ ਹੋਵੇ ਜੇ ਆਪਸੀ ਪਿਆਰ ਸਤਿਕਾਰ ਨਹੀ ਹੈ ਤਾਂ ਜਿੰਦਗੀ ਦਾ ਇੱਕ ਪਲ ਕੱਟਣਾ ਵੀ ਭਾਰੀ ਹੋ ਜਾਂਦਾ ਹੈ, ਦੂਜੀ ਗੱਲ ਘਰ ਚ ਭਾਵੇਂ ਗਰੀਬੀ ਹੋਵੇ ਜੇ ਆਪਸੀ ਪਿਆਰ ਸਤਿਕਾਰ ਹੈ ਤਾਂ ਜੀਵਨ ਬਹੁਤ ਸੁਖਾਲ਼ਾ ਹੋ ਜਾਂਦਾ ਹੈ
✍🏻ਜਿੰਦਰ ਸਿੰਘ!