50 ਸਮੋਸੇ | 50 samose

ਬੀਤੇ ਦੀਆਂ ਗੱਲਾਂ ਜਦੋਂ ਚੇਤੇ ਚ ਆ ਜਾਣ ਤਾਂ ਮੱਲੋ-ਮੱਲੀ ਸੋਚ ਉਧਰ ਨੂੰ ਹੋ ਤੁਰਦੀ ਹੈ। ਸਾਧਨ ਥੋੜੇ ਸਨ ਤੇ ਰਹਿਣ ਸਹਿਣ ਤੇ ਖਾਣ-ਪੀਣ ਵੀ ਉਹੋ ਜਿਹਾ ਹੀ ਹੁੰਦਾ ਸੀ। ਸਭ ਘਰਾਂ ਚ ਦਾਲ ਫੁਲਕਾ ਬਣਦਾ ਸੀ ਤੇ ਕਦੇ-ਕਦੇ ਕੋਈ-ਕੋਈ ਸਬਜ਼ੀ ਬਣਦੀ ਹੁੰਦੀ ਸੀ। ਤੇ ਅੱਜ ਵਾਂਗ ਆਹ ਲਾਜੀਜ ਪਦਾਰਥ ਨਹੀ ਸਨ ਹੁੰਦੇ ਤੇ ਮਸਾਂ ਸਮੋਸੇ ਵਰਗੇ ਪਦਾਰਥ ਕਦੇ-ਕਦੇ ਕਿਸੇ ਨੂੰ ਖਾਣ ਲਈ ਮਿਲਦੇ ਸਨ। ਅੱਜ ਦੀ ਲਿਖਤ ਇਸ ਬਾਬਤ ਹੀ ਹੈ।
ਗੱਲ ਕੋਈ 1990-92 ਦੀ ਹੋਣੀ ਏ, ਅਸੀਂ ਉਦੋਂ ਨਿੱਕੇ-ਨਿੱਕੇ ਸੀ। ਸਾਡਾ ਸਾਰਾ ਪਰਿਵਾਰ ਜਾਣੀਕੇ ਤਾਇਆ ਜੀ,ਭਾਪਾ ਜੀ ਤੇ ਮੇਰੇ ਤਾਇਆਂ-ਚਾਚਿਆਂ ਦੇ ਪੁੱਤ ਭਰਾ ਸਾਰੇ ਸਾਡੇ ਸੇ਼ਰਪੁਰ ਵਾਲੇ ਕਾਰਖਾਨੇ ਵਿੱਚ ਹੀ ਇਕੱਠੇ ਕੰਮ ਕਰਦੇ ਹੁੰਦੇ ਸੀ ਤੇ ਹੋਰ ਵੀ ਕੰਮ ਸਿੱਖਣ ਵਾਲੇ ਮੁੰਡੇ ਹੁੰਦੇ ਸਨ ਜਾਣੀ ਕੋਈ ਦਸ-ਪੰਦਰਾਂ ਬੰਦੇ ਹਰ ਸਮੇਂ ਕੰਮ ਤੇ ਲੱਗੇ ਰਹਿਣੇ ਤੇ ਉਹਨਾਂ ਤੋਂ ਇਲਾਵਾ ਹੋਰ ਕੰਮ ਕਰਵਾਉਣ ਵਾਲੇ ਤੇ ਆਂਢੀ-ਗੁਆਂਢੀ ਦੁਕਾਨਾਂ ਵਾਲੇ ਸੇਠ ਸ਼ਾਹੂਕਾਰ ਆਉਂਦੇ ਜਾਂਦੇ ਰਹਿੰਦੇ।
ਉਦੋਂ ਸ਼ੇਰਪੁਰ ਦਾ ਬਾਜ਼ਾਰ ਕਾਤਰੋਂ ਚੌਂਂਕ ਤੋ ਸ਼ੁਰੂ ਹੁੰਦਾ ਸੀ ਤੇ ਡਾਕਟਰ ਗਿਆਨ ਵਾਲੀ ਗਲੀ ਚੋਂ ਦੀ ਹੁੰਦਾ ਹੋਇਆ, ਅੰਦਰ ਮੰਦਰ ਕੋਲ ਹੁਕਮੇ ਧਾਵੇ ਕੀ ਦੁਕਾਨ ਤੱਕ ਜਾ ਕੇ ਖ਼ਤਮ ਹੋ ਜਾਂਦਾ ਸੀ। ਕੋਈ ਵੀ ਜਾਣਕਾਰ ਜਾਂ ਸਾਡੇ ਪਿੰਡੋਂ ਤੇ ਕੀ ਹੋਰ ਪਿੰਡੋਂ, ਜਦੋਂ ਸੌਦਾ ਪੱਤਾ ਲੈਣ ਸੇ਼ਰਪੁਰ ਜਾਂਦਾ ਤਾਂ ਉਹ ਕਾਰਖਾਨੇ ਜਰੂਰ ਖੜਕੇ ਜਾਂਦਾ ਤੇ ਕਈ ਵਾਰ ਸਾਇਕਲ ਵੀ ਖੜਾ ਕਰ ਜਾਂਦਾ।
ਇਸ ਤਰ੍ਹਾਂ ਹੀ ਇੱਕ ਦਿਨ ਸਾਡੇ ਪਿੰਡੋਂ ਲੱਸੀ ਪੀਣਿਆਂ ਦਾ ਬਾਬਾ ਸੁਦਾਗਰ ਸਿੰਘ ਸ਼ੇਰਪੁਰ ਬਜ਼ਾਰੋਂ ਕੁਝ ਖਰੀਦਣ ਲਈ ਗਿਆ ਤੇ ਪਹਿਲਾਂ ਉਹ ਸਿੱਧਾ ਕਾਰਖਾਨੇ ਜਾ ਵੜਿਆ। ਅੱਗੋਂ ਕੋਈ ਗਿਆਰਾਂ ਕੁ ਵਜੇ ਸਾਰੇ ਜਣੇ ਚਾਹ ਪੀ ਰਹੇ ਸਨ ਤੇ ਖਾਣ-ਪੀਣ ਦੀਆਂ ਗੱਲਾਂ ਚੱਲ ਰਹੀਆਂ ਸਨ।
ਬਾਬੇ ਨੂੰ ਵੀ ਰੋਕ ਲਿਆ ਵੀ ਉਹ ਵੀ ਚਾਹ ਛਕ ਕੇ ਜਾਵੇ ਤੇ ਬਾਬੇ ਨੇ ਵੀ ਪੈਰ ਮਲ ਲਿਆ। ਹਰਦੀਪ ਵੀਰੇ ਹੁਣੀਂ ਇਸ ਗੱਲ ਤੇ ਇੱਕ ਦੂਜੇ ਨਾਲ ਜਿਰਾਹ ਕਰ ਰਹੇ ਸਨ ਕਿ ਇੱਕ ਬੰਦਾ ਇੱਕੋ ਸਮੇਂ ਵੱਧ ਤੋਂ ਵੱਧ ਕਿੰਨੇ ਸਮੋਸੇ ਖਾ ਸਕਦਾ ਹੈ। ਕੋਈ ਕਿੰਨੇ ਕਹੇ… ਕੋਈ ਕਿੰਨੇ…!
ਸਮੋਸਿਆਂ ਦਾ ਨਾਂ ਸੁਣਕੇ, ਗੱਲ ਬਾਬੇ ਨੂੰ ਵੀ ਜਚ ਗਈ। ਕਹਿੰਦਾ, “ਮੁੰਡਿਓ , 50 (ਪੰਜਾਹ) ਕੁ ਸਮੋਸੇ ਤਾਂ ਮੈਂ ਵੀ ਖਾਜੂੰ।” ਸਰੀਰੋਂ ਨਿੱਗਰ ਤੇ ਸਾਰੀ ਦਿਹਾੜੀ ਖੇਤਾਂ ਚ ਮਿੱਟੀ ਨਾਲ ਮਿੱਟੀ ਹੋਣ ਵਾਲਾ ਬਾਬਾ ਸੁਦਾਗਰ ਸਿੰਘ ਨਿੱਤਨੇਮ ਨਾਲ ਤਕੜੀ ਖੁਰਾਕ ਛਕਦਾ ਸੀ। ਉਸਨੂੰ ਤਾਹੀਂਓ ਪੰਜਾਹ ਸਮੋਸੇ ਕੋਈ ਬਹੁਤੇ ਨਹੀਂ ਸੀ ਲੱਗਦੇ।
ਬਾਬੇ ਤੋਂ ਪੰਜਾਹ ਸੁਣਕੇ, ਸਾਰਿਆਂ ਨੇ ਇੱਕੋ ਦਮ ਕੰਨ ਚੱਕ ਲਏ। ਹਰਦੀਪ ਵੀਰਾ ਕਹਿੰਦਾ,” ਬਾਬਾ ਇਉਂ ਗੱਲ ਨਹੀਂ ਬਣਨੀ, ਪਹਿਲਾਂ ਸ਼ਰਤ ਲਗਾ ਜੇਕਰ ਤੂੰ ਪੰਜਾਹ ਸਮੋਸੇ ਖਾ ਗਿਆ ਤਾਂ ਮੇਰੇ ਸਮੋਸਿਆਂ ਤੇ ਲੱਗੇ ਪੈਸੇ ਗਏ ਤੇ ਜੇਕਰ ਤੇਰੇ ਤੋਂ ਨਾ ਖਾਧੇ ਗਏ ਤਾਂ, ਮੈਂ ਦੁੱਗਣੇ ਪੈਸੇ ਲਵਾਂਗਾ।”
ਬਾਬਾ ਕਹਿੰਦਾ,” ਸ਼ੇਰਾ ਗੱਲ ਈ ਕੋਈ ਨੀ, ਤੂੰ ਸਮੋਸੇ ਲੈ ਕੇ ਆ।”
ਇੰਨੀ ਗੱਲ ਸੁਣਕੇ, ਹਰਦੀਪ ਵੀਰਾ ਮਲਕ ਹਲਵਾਈ ਦੇ ਹੋਟਲ ਤੋਂ ਸਮੋਸੇ ਲੈਣ ਚਲਿਆ ਗਿਆ। ਕਿਉਂਕਿ ਸ਼ਹਿਰ ਚ ਮਲਕ ਹਲਵਾਈ ਦੇ ਸਮੋਸੇ ਮਸ਼ਹੂਰ ਸਨ,ਤੇ ਸਭ ਤੋਂ ਵੱਧ ਵਿਕਦੇ ਸਨ।
ਸਮੋਸਿਆਂ ਦੀ ਉਡੀਕ ਚ ਬਾਬਾ ਸੁਦਾਗਰ ਸਿੰਘ ਉਥੇ ਹੀ ਬੈਠ ਗੱਲਾਂ ਮਾਰਨ ਲੱਗ ਪਿਆ ਤੇ ਬਾਕੀ ਸਾਰੇ ,ਪਹਿਲਾਂ ਤਾਂ ਬਾਬੇ ਨਾਲ ਗੱਲਾਂ ਚ ਹੁੰਗਾਰਾ ਭਰਦੇ ਰਹੇ, ਜਦੋਂ ਸਾਰੇ ਆਪੋ-ਆਪਣੇ ਕੰਮਾਂ ਚ ਰੁੱਝ ਗਏ ਤਾਂ ਬਾਬਾ ਭਾਪਾ ਜੀ ਹੁਣਾਂ ਨੂੰ ਇਹ ਕਹਿਕੇ ਸਾਇਕਲ ਚੁੱਕ ਕੇ ਕਾਰਖਾਨੇ ਤੋਂ ਬਾਹਰ ਤੁਰ ਪਿਆ ਕਿ,”ਮੈਂ ਮੁੰਡੇ ਦੇ ਆਉਣ ਤੱਕ ਬਜ਼ਾਰੋਂ ਸਮਾਨ ਲੈ ਆਵਾਂ।”
ਭਾਪਾ ਜੀ ਕਹਿੰਦੇ,”ਕੋਈ ਨਾ ਚਾਚਾ ਤੂੰ ਜਾ ਆ, ਹਰਦੀਪ ਦੇ ਆਉਣ ਤੱਕ ਆ ਜਾਵੀਂ, ਸਮੋਸੇ ਠੰਢੇ ਨਾ ਹੋ ਜਾਣ।”
ਕੋਈ ਘੰਟੇ ਸਵਾ ਘੰਟੇ ਬਾਅਦ ਹੀ ਹਰਦੀਪ ਵੀਰਾ ਸਮੋਸੇ ਲੈ ਕੇ ਆ ਗਿਆ। ਜਦੋਂ ਉਸਨੇ ਦੇਖਿਆ ਕਿ ਬਾਬਾ ਕਿੱਧਰੇ ਦਿਖਾਈ ਨਹੀਂ ਦਿੰਦਾ ਤਾਂ ਪੁੱਛਣ ਤੇ ਪਤਾ ਲੱਗਿਆ ਕਿ ਬਾਬਾ ਬਜ਼ਾਰੋਂ ਸਮਾਨ ਲੈਣ ਗਿਆ ਹੋਇਆ ਹੈ ਤੇ ਹੁਣੇ ਆ ਜਾਂਦਾ।
ਅੱਧਾ ਪੌਣਾ ਘੰਟਾ ਉਡੀਕਦੇ ਰਹੇ ਪਰ ਬਾਬਾ ਨਾ ਆਇਆ। ਵੀਰੇ ਨੇ ਸਾਇਕਲ ਚੱਕਿਆ ਤੇ ਬਜਾਰ ਵਿੱਚ ਹੁਕਮੇ ਧਾਵੇ ਕੀ ਦੁਕਾਨ ਤੱਕ ਦੇਖ ਆਇਆ ਪਰ ਬਾਬਾ ਨਾ ਮਿਲਿਆ।
ਕਾਰਖਾਨੇ ਆ ਕੇ ਗੱਲ ਕੀਤੀ ਤਾਂ ਇਹ ਹੀ ਲੱਪਣ ਲਾਇਆ ਕਿ ਬਾਬਾ ਜਾਣਬੁੱਝ ਕਿ ਟਲ ਗਿਆ ਹੈ। ਕਿਉਂਕਿ ਪੰਜਾਹ ਸਮੋਸੇ ਖਾਣੇ ਖਾਲਾ ਜੀ ਦਾ ਵਾੜਾ ਨਹੀਂ।
ਟਲਣ ਵਾਲਾ ਵੀਰਾ ਹਰਦੀਪ ਵੀ ਕਿੱਥੇ ਸੀ ਉਸਦੇ ਤਾਜ਼ੇ-ਤਾਜ਼ੇ ਸਮੋਸਿਆਂ ਤੇ ਪੈਸੇ ਲੱਗੇ ਸਨ। ਉਸਨੇ ਸਮੋਸਿਆਂ ਨਾਲ ਭਰੇ ਲਿਫ਼ਾਫ਼ੇ, ਦੋ ਝੋਲਿਆਂ ਚ ਪਾ ਕੇ ਸਾਇਕਲ ਦੇ ਹੈਂਡਲ ਨਾਲ ਬੰਨ ਲਏ ਤੇ ਸ਼ੇਰਪੁਰ ਤੋਂ ਸਾਇਕਲ ਪਿੰਡ ਆਲੇ ਸੂਏ ਦੀ ਪਟੜੀ ਤੇ ਪਾ ਲਿਆ।
ਦਸ ਪੰਦਰਾਂ ਮਿੰਟਾਂ ਚ ਵੀਰਾ ਸਿੱਧਾ ਘਰ ਆ ਗਿਆ। ਘਰ ਆ ਕੇ ਸਾਰੀ ਗੱਲ ਦੱਸੀ ਤੇ ਗੱਲ ਸਾਰੇ ਆਂਢ ਗੁਆਂਢ ਚ ਫੈਲ ਗਈ। ਮੇਰੇ ਯਾਦ ਹੈ ਜਦੋਂ ਵੀਰੇ ਹੁਣੀਂ ਸਮੋਸਿਆਂ ਵਾਲੇ ਦੋਵੇਂ ਝੋਲੇ ਚੁੱਕ ਕੇ ਬਾਬੇ ਕੇ ਘਰ ਵੱਲ ਨੂੰ ਜਾ ਰਹੇ ਸਨ ਤੇ ਨਾਲ ਕਈ ਬੰਦੇ ਤੇ ਪਿੱਛੇ ਜੁਆਕ ਭੱਜੇ ਜਾ ਰਹੇ ਸਨ। ਆਪਣੇ ਬਾਰਾਂ ਅੱਗੇ ਖੜ੍ਹਕੇ ਦੇਖਣ ਦੇ ਬਾਵਜੂਦ ਮੈਨੂੰ ਹੁਣ ਤੱਕ ਇਹ ਪਤਾ ਨਹੀਂ ਸੀ ਚੱਲਿਆ ਕਿ ਅਸਲ ਚ ਮਾਜਰਾ ਕੀ ਹੈ..?
ਜਦੋਂ ਸਾਰੇ ਜਣੇ ਇਕੱਠੇ ਹੋ ਕੇ ਬਾਬੇ ਦੇ ਘਰ ਪਹੁੰਚੇ ਤੇ ਬਾਬੇ ਨੂੰ ਬਿਨਾਂ ਸਮੋਸੇ ਖਾਧਿਆਂ ਮੁੜ ਆਉਣ ਬਾਰੇ ਤੇ ਸ਼ਰਤ ਬਾਰੇ ਕਿਹਾ ਤਾਂ ਬਾਬਾ ਕਹਿੰਦਾ,”ਸ਼ੇਰਾ ਮੈਂ ਤਾਂ ਹੱਸਦਾ ਸੀ, ਤੂੰ ਐਵੇਂ ਗੱਲ ਦਿਲ ਤੇ ਲਾ ਗਿਆ। ਭਲਾ ਐਂ ਪੰਜਾਹ ਸਮੋਸੇ ਖਾਧੇ ਜਾਂਦੇ ਨੇ ਕਿਤੇ..!
ਵੀਰਾ ਅੱਗੋਂ ਥੋੜਾ ਜਾ ਗੁੱਸੇ ਵੀ ਹੋਇਆ,ਕਿ ਬਾਬਾ ਤੂੰ ਮੇਰਾ ਨੁਕਸਾਨ ਕਰਵਾ ਦਿੱਤਾ ਤੇ ਹੁਣ ਸ਼ਰਤ ਹਾਰਨ ਦਾ ਹਰਜਾਨਾ ਭਰ। ਪਰ ਨਾਲ ਗਏ ਸਿਆਣੇ ਬੰਦੇ ਕਹਿੰਦੇ,”ਚੱਲ ਛੱਡ ਮਿਸਤਰੀਆ, ਕੋਈ ਗੱਲ ਨੀ,ਹੁਣ ਸਮੋਸੇ ਸਾਰੇ ਟੱਬਰ ਨੂੰ ਖੁਆ ਦੇ।”
ਵੀਰੇ ਹੁਣੀਂ ਉਵੇਂ ਹੀ ਅੱਧੇ ਕੁ ਘੰਟੇ ਬਾਅਦ ਵਾਪਿਸ ਘਰ ਆ ਗਏ ਤੇ ਦੋਵੇਂ ਝੋਲੇ ਮਾਸੀ ਨੂੰ ਫੜਾ ਕੇ ਕਿਹਾ ਕਿ ਸਾਰੇ ਘਰਾਂ ਚ ਵੰਡ ਦਿਓ। ਇਵੇਂ ਹੀ ਮਾਸੀ ਨੇ ਸਮੋਸੇ ਸਾਰੇ ਘਰਾਂ ਚ ਵੰਡ ਦਿੱਤੇ ਤੇ ਅਸੀਂ ਸਾਰਿਆਂ ਨੇ ਸਮੋਸੇ ਖਾਧੇ।
ਸਾਨੂੰ ਬੜੀ ਖੁਸ਼ੀ ਸੀ ਕਿ ਜੇਕਰ ਬਾਬੇ ਨੇ ਸਮੋਸੇ ਖਾਣ ਤੋਂ ਨਾਂਹ ਕੀਤੀ ਤਾਂ ਸਾਨੂੰ ਸਮੋਸੇ ਖਾਣ ਨੂੰ ਮਿਲੇ।
ਅੱਜ ਭਾਵੇਂ ਇਸ ਗੱਲ ਨੂੰ ਤੀਹ ਸਾਲ ਤੋਂ ਵਧੇਰੇ ਦਾ ਸਮਾਂ ਹੋ ਗਿਆ ਪਰ ਅੱਜ ਵੀ ਜਦੋਂ ਇਹ ਗੱਲ ਚੇਤੇ ਆ ਜਾਂਦੀ ਹੈ ਤਾਂ ਮਲਕ ਦੇ ਸਮੋਸਿਆਂ ਦੇ ਸਵਾਦ ਨਾਲ ਮੂੰਹ ਭਰ ਜਾਂਦਾ ਹੈ।
ਦੂਜੀ ਗੱਲ ਕ ਜੇਕਰ ਅੱਜ ਕੋਈ ਇਹੋ ਜੀ ਗੱਲ ਹੋ ਜਾਵੇ ਤਾਂ ਲੋਕ ਇੱਕ ਦੂਜੇ ਨਾਲ ਲੜਨ ਨੂੰ ਬਿੰਦ ਲਾਉਣ ਪਰ ਉਦੋਂ ਲੋਕ ਠੰਢੇ ਦਿਮਾਗ ਦੇ ਸਨ ਤੇ ਗੱਲ ਨੂੰ ਬਹੁਤਾ ਨਹੀਂ ਸਨ ਵਧਾਉਂਦੇ।।
ਹਰਜੀਤ ਸਿੰਘ ਖੇੜੀ
07/08/2023

Leave a Reply

Your email address will not be published. Required fields are marked *