ਅਗਸਤ ਮਹੀਨੇ ਦਾ ਪਹਿਲਾ ਹਫ਼ਤਾ ਮੈਨੂੰ ਬਹੁਤ ਲੰਮਾ ਜਾਪਿਆ। ਇੱਕ ਤਾਂ ਅੰਤਾਂ ਦੀ ਗਰਮੀ, ਦੂਜਾ ਸਕੂਲੇ ਰੋਜ਼ ਬਿਜਲੀ ਚਲੀ ਜਾਂਦੀ ਅਤੇ ਕੋਈ ਛੁੱਟੀ ਵੀ ਨਹੀਂ ਸੀ ਆਈ | ਮਸਾਂ ਐਤਵਾਰ ਆਇਆ | ਸ਼ਨੀਵਾਰ ਨੂੰ ਛੁੱਟੀ ਤੋਂ ਬਾਅਦ ਸੋਚਿਆ ਕਿ ਘਰ ਜਾਕੇ ਸੌਵਾਂਗੀ, ਬੱਚਿਆਂ ਦੀਆਂ ਵਰਦੀਆਂ ਐਤਵਾਰ ਨੂੰ ਅਰਾਮ ਨਾਲ ਧੋਵਾਂਗੀ|ਘਰ ਪਹੁੰਚ ਕੇ ਬੱਚਿਆਂ ਲਈ ਰੋਟੀ ਬਣਾਈ ਤੇ ਭਾਂਡੇ ਮਾਂਜ ਸਵਾਰ ਕੇ ਬਿਸਤਰੇ ਤੇ ਲੇਟ ਗਈ। ਮਸਾਂ ਅੱਖ ਲੱਗੀ ਹੀ ਸੀ ਕਿ ਪਤੀ ਦੇਵ ਨੇ ਬੂਹਾ ਖੜਕਾ ਦਿੱਤਾ |ਉਨ੍ਹਾਂ ਦੀ ਸ਼ਨੀਵਾਰ ਨੂੰ ਦਫ਼ਤਰੀ ਛੁੱਟੀ ਹੁੰਦੀ ਹੈ ਅਤੇ ਜੋ ਹੁਸ਼ਿਆਰਪੁਰ ਕਿਸੇ ਕੰਮ ਗਏ ਹੋਏ ਸਨ। ਮੈਂ ਉੱਠ ਕੇ ਬੂਹਾ ਖੋਲਿਆ, ਪਾਣੀ ਦਿੱਤਾ ਅਤੇ ਰੋਟੀ ਲਈ ਪੁੱਛਿਆ| ਕਹਿੰਦੇ ਰੋਟੀ ਬਾਅਦ ਵਿੱਚ ਦਈ ਪਹਿਲਾ ਗੱਡੀ ਵਿੱਚੋਂ ਸਾਗ ਕੱਢ ਕੇ ਲਿਆ | ਮੈ ਕਿਹਾ, “ਸਾਗ ਤੇਰਵੇਂ ਮਹੀਨੇ? ਬਰਸਾਤੀ ਮੱਛਰਾਂ ਦਾ ਮੌਸਮ ਹੈ, ਅੱਜ ਕੱਲ੍ਹ ਤਾਂ ਕੀਟ ਪਤੰਗੇ ਵੇਲਾਂ ਦੇ ਪੱਤੇ ਨਹੀਂ ਛੱਡਦੇ,ਸਰੋਂ ਕਿੱਥੇ ਉੱਗ ਪਈ? ਕਹਿੰਦੇ ਤੂੰ ਲਿਆ ਤਾਂ ਸਹੀ | ਮੈਂ ਤਾਂ ਸੋਣਾ ਚਾਹੁੰਦੀ ਸੀ ਪਰ ਖਿਝੀ ਬਲੀ ਬਾਹਰ ਨਿਕਲ ਕੇ ਸਾਗ ਲੈਣ ਚਲੀ ਗਈ | ਗੱਡੀ ਖੋਲ ਕੇ ਸਾਗ ਚੁੱਕ ਕੇ ਲਿਆਈ | ਦੋ ਗੁੱਛੀਆਂ ਪਾਲਕ, ਦੋ ਬਾਥੂ ਅਤੇ ਤਿੰਨ ਸਾਗ ਦੀਆਂ ਸਨ, ਸਾਗ ਕਾਹਨੂੰ ਅਲੱਗ ਕਿਸਮ ਦੇ ਪੱਤੇ ਜਿਹੇ ਸਨ। ਮੈਂ ਪੁੱਛਿਆ,ਇਹ ਕਿਹੜਾ ਸਾਗ ਹੈ? ਕਹਿੰਦੇ ਹੁਸ਼ਿਆਰ ਸਬਜ਼ੀ ਮੰਡੀ ਵਿੱਚ ਕਈ ਥਾਈਂ ਮੈਂ ਵਿਕਦਾ ਦੇਖਿਆ ਤੇ ਲੇ ਆਇਆ, ਸਬਜ਼ੀ ਵਾਲੇ ਕਹਿੰਦੇ ਕਿ ਬਹੁਤ ਸਵਾਦ,ਵਧੀਆ ਅਤੇ ਤਾਕਤਵਰ ਹੁੰਦਾ ਹੈ | ਹੁਣ ਖ਼ਰੀਦ ਲਿਆਏ ਸੀ ਬਣਾਉਣਾ ਤਾਂ ਪੈਣਾ ਸੀ | ਮੈਂ ਇਹਨਾਂ ਨੂੰ ਰੋਟੀ ਪਕਾ ਕੇ ਦਿੱਤੀ, ਰੋਟੀ ਖਾ ਕੇ ਪਤੀ ਦੇਵ ਤਾਂ ਸੌਂ ਗਏ ਪਰ ਮੇਰੀ ਨੀਂਦ ਖਰਾਬ ਹੋ ਗਈ | ਸੋਚਿਆ ਬੱਚੇ ਵੀ ਘੀਆ -ਕੱਦੂ ਖਾ-ਖਾ ਕੇ ਅੱਕੇ ਪਏ ਹਨ, ਰਾਤ ਜੋਗਾ ਸਾਗ ਤਿਆਰ ਕਰਾਂ। ਨਾਲ ਮਸ਼ੀਨ ‘ਚ ਕੱਪੜੇ ਸੁੱਟ ਦਿੱਤੇ ਅਤੇ ਸਾਗ ਸੁਆਰਨ ਬੈਠ ਗਈ | ਡੇਢ ਕੁ ਘੰਟੇ ਵਿੱਚ ਬਾਥੂ, ਸਾਗ ਅਤੇ ਪਾਲਕ ਦਾ ਕੱਲਾ ਕੱਲਾ ਪੱਤਾ ਤੋੜਿਆ | ਫਿਲਟਰ ਵਿੱਚੋਂ ਖੁੱਲਾ ਪਾਣੀ ਕੱਢਿਆ ਅਤੇ ਚੰਗੀ ਤਰਾਂ ਸਾਗ ਨੂੰ ਧੋਤਾ | ਦਾਤਰੇ ਨਾਲ ਬਰੀਕ ਬਰੀਕ ਕੱਟਿਆ | ਉੱਠ ਕੇ ਕਹਿੰਦੇ ਮਨਦੀਪ ਸਾਗ ਚੁੱਲ੍ਹੇ ਤੇ ਬਣਾ | ਮੈਂ ਕਿਹਾ ਜੀ ਗੈਸ ਉੱਤੇ ਕੂਕਰ ਵਿੱਚ ਬਣਾਵਾਂਗੀ। ਕਹਿੰਦੇ ਨਹੀਂ ਤੂੰ ਚੁੱਲ੍ਹੇ ਤੇ ਬਣਾ | ਮੈਂ ਖਿੱਝ ਕੇ ਸਟੋਰ ਵਿੱਚੋਂ ਪਿਛਲੇ ਸਿਆਲ ਲਿਆਉਂਦੀਆਂ ਪਾਥੀਆਂ ਅਤੇ ਸੁੱਕੀਆਂ ਲੱਕੜਾਂ ਕੱਢ ਲਿਆਈ |ਉਂਝ ਤਾਂ ਮੈਨੂੰ ਵੀ ਚੁੱਲੇ ਉੱਤੇ ਕੰਮ ਕਰਨਾ ਵਧੀਆ ਲਗਦਾ ਹੈ, ਪਰ ਉਸ ਦਿਨ ਬੇ- ਮਨਾ ਕੰਮ ਕਰ ਰਹੀ ਸੀ। ਵਿਹਡ਼ੇ ਪਏ ਚੁੱਲੇ ਵਿੱਚ ਅੱਗ ਬਾਲ ਸਾਗ ਧਰ ਦਿੱਤਾ। ਨਾਲ ਕੱਪੜੇ ਵੀ ਧੋ ਦਿੱਤੇ | ਖੂਬ ਸਾਰਾ ਲਸਣ ਛਿੱਲ ਕੇ ਸਾਗ ਵਿੱਚ ਪਾ ਦਿੱਤਾ | ਸਾਗ ਰਿਝ ਜਾਣ ਤੇ ਵੇਸਣ ਦਾ ਆਲਣ ਪਾ ਕੇ ਘੋਟਨੇ ਨਾਲ ਘੋਟਿਆ। ਚੁੱਲੇ ਉੱਤੇ ਹੀ ਕੜਾਹੀ ਵਿੱਚ ਸਾਗ ਤੁੜਕ ਦਿੱਤਾ | ਮਾਤਾ ਜੀ(ਸੱਸ) ਨੇ ਆਟਾ ਗੁੰਨ ਕੇ ਦੇ ਦਿੱਤਾ। ਚੁੱਲੇ ਤੇ ਹੀ ਗਰਮ ਗਰਮ ਰੋਟੀਆਂ ਬਣਾ ਦਿੱਤੀਆਂ | ਮਾਤਾ ਜੀ ਨੇ ਹੀ ਸਾਰਿਆਂ ਨੂੰ ਕਮਰੇ ਵਿੱਚ ਬਿਠਾ ਕੇ ਰੋਟੀ ਖਵਾ ਦਿੱਤੀ। ਮੈਂ ਨਹਾ ਧੋ ਕੇ ਰੋਟੀ ਖਾਣ ਬੈਠੀ ਤੇ ਪੁੱਛਿਆ, ਬੱਚਿਓ… ਸਾਗ ਸਵਾਦ ਸੀ | ਬੱਚੇ ਹੱਸ ਪਏ ਤੇ ਕਹਿਣ ਲੱਗੇ ਹਾਂ ਮੰਮੀ ਬਹੁਤ ਸਵਾਦ ਸੀ। ਪਤੀ ਦੇਵ ਨੂੰ ਪੁੱਛਿਆ ਤਾਂ ਉਹ ਕਹਿੰਦੇ, “ਤੂੰ ਕਦੇ ਕੋਈ ਚੀਜ਼ ਮਾੜੀ ਬਣਾਉਂਦੀ ਹੀ ਨਹੀਂ, ਤੇਰੇ ਹੱਥਾਂ ਚ ਤਾਂ ਸਵਾਦ ਹੀ ਬਹੁਤ ਹੈ |”ਮਾਤਾ ਜੀ ਕਹਿੰਦੇ ਮਨਦੀਪ ਸਾਗ ਵਿੱਚ ਲੂਣ ਘੱਟ ਹੈ |ਸਾਰੇ ਮੁਸਕਰਾ ਵੀ ਰਹੇ ਸਨ, ਮੈਨੂੰ ਲੱਗਿਆ ਕਿ ਸਾਗ ਸਵਾਦ ਹੋਵੇਗਾ| ਮਾਤਾ ਜੀ ਲੂਣ ਜਿਆਦਾ ਖਾਂਦੇ ਹਨ ਭਾਵੇਂ ਉਹ ਬੀ ਪੀ ਦੇ ਮਰੀਜ ਹਨ ਪਰ ਘਰ ਦੇ ਬਾਕੀ ਜੀਆਂ ਨਾਲੋਂ ਲੂਣ ਵਧੇਰੇ ਖਾਂਦੇ ਹਨ | ਮੈਨੂੰ ਮਾਤਾ ਜੀ ਨੇ ਪਲੇਟ ਵਿੱਚ ਸਾਗ, ਰੋਟੀਆਂ ਅਤੇ ਮੂਲੀਆਂ ਰੱਖ ਕੇ ਦਿੱਤੀਆਂ | ਮਾਤਾ ਜੀ ਅਜੇ ਵੀ ਮੁਸਕੁਰਾ ਰਹੇ ਸਨ। ਮੈਂ ਜਿਵੇਂ ਹੀ ਪਹਿਲੀ ਬੁਰਕੀ ਮੂੰਹ ਵਿੱਚ ਪਾਈ,ਥੁੱਕ ਦਿੱਤੀ |ਸਾਰੇ ਮੈਨੂੰ ਵੇਖ ਹੱਸਣ ਲੱਗੇ। ਸਾਗ ਵਿੱਚ ਲੂਣ ਤਾਂ ਜਮਾਂ ਹੀ ਨਹੀਂ ਸੀ| ਕਿਸੇ ਨੇ ਦੱਸਿਆ ਹੀ ਨਹੀਂ | ਮੈਂ ਸਾਗ ਵਿੱਚ ਲੂਣ ਹੀ ਨਹੀਂ ਪਾਇਆ ਸੀ| ਆਪਣੀਆਂ-ਆਪਣੀਆਂ ਕੋਲੀਆਂ ਵਿੱਚ ਸਭ ਨੇ ਲੂਣ ਪਾ ਲਿਆ।
ਸਾਰੇ ਜੀਅ ਖਿੜ ਖਿੜ ਹੱਸ ਰਹੇ ਸਨ, ਬੱਚੇ ਕਹਿੰਦੇ ਮੰਮੀ ਸਾਗ ਸੱਚੀਓਂ ਸਵਾਦ ਹੈ ਬਸ ਲੂਣ ਪਾ ਲਓ |ਮੈਨੂੰ ਸਮਝ ਨਾ ਆਵੇ ਇਸ ਕਲੋਲ ਤੇ ਰੋਵਾਂ ਜਾਂ ਹਸਾਂ |
ਮਨਦੀਪ ਪਾਲ ਕੌਰ