ਮੈਂ ਆਪਣੇ ਧਿਆਨ ਵਿੱਚ ਸੀ, ਇਕ ਦਮ ਕਿਸੇ ਨੇ ਮੇਰੇ ਮੋਢੇ ਤੇ ਹੱਥ ਰੱਖਿਆ, ਮੈਂ ਚੌਂਕ ਕੇ ਪਿੱਛੇ ਦੇਖਿਆ। “ਪਹਿਚਾਣਿਆ ……. ?” ਉਹ ਤਪਾਕ ਨਾਲ ਬੋਲੀ।
“ਰਜਨੀ ….. ?” ਮੈਂ ਕੁਝ ਹੀ ਪਲ ਵਿਚ ਉਸਨੂੰ ਪਹਿਚਾਣ ਲਿਆ, ਭਾਂਵੇਂ ਦੱਸ ਸਾਲ ਬਾਅਦ ਦੇਖਿਆ ਸੀ ਉਸਨੂੰ, “ਤੂੰ ਕਿਵੇਂ ਏਂ ?”
“ਮੈਂ ਵਧੀਆ, ਤੂੰ ਸੁਣਾ ? ਪੇਕੇ ਆਕੇ ਸ਼ਾਪਿੰਗ ਹੋ ਰਹੀ ਹੈ?” ਉਹ ਬੋਲੀ
“ਹਾਂ, ਥੋੜ੍ਹੀ ਬਹੁਤ ….. ਤੂੰ ਆ ਗਈ ਪੇਕੇ ….. ਭਰਾ ਭਰਜਾਈ ਨਾਲ ਸੁਲਾਹ ਹੋ ਗਈ ” ਮੈਂ ਕਿਹਾ
“ਹਾਂ, ਭਾਬੀ ਨੇ ਹੀ ਬੁਲਾਇਆ ਸੀ। ਫੇਰ ਮੈਂ ਵੀ ਸੋਚਿਆ ਕੀ ਫ਼ਾਇਦਾ ਲੜਾਈ ਝਗੜੇ ਦਾ …… ਆਜਾ ਕਿਤੇ ਬੈਠ ਕੇ ਗੱਲ ਕਰੀਏ।”
ਅਸੀ ਕੈਫੇ ਵਿੱਚ ਬੈਠ ਕੇ ਕਾਫ਼ੀ ਆਰਡਰ ਕੀਤੀ ਤੇ ਗੱਲਾਂ ਮਾਰਨ ਲੱਗੀਆਂ।
ਰਜਨੀ ਨਾਲ ਮੇਰੀ ਪਹਿਲੀ ਮੁਲਾਕਾਤ ਮੇਰੇ ਕੰਮ ਦੇ ਪਹਿਲੇ ਦਿਨ ਦਫਤਰ ਵਿੱਚ ਹੋਈ ਸੀ। ਉਸ ਦੇ ਮਿਲਾਪੜੇ ਸੁਭਾਅ ਕਾਰਨ ਮੈਨੂੰ ਦਫ਼ਤਰ ਵਿੱਚ ਓਪਰਾ ਨਾ ਲੱਗਾ। ਕੁਝ ਦਿਨਾਂ ਵਿੱਚ ਹੀ ਪਤਾ ਲੱਗਾ ਉਹਦੀ ਮਾਂ ਨਹੀਂ ਹੈ, ਤਿੰਨ ਭੈਣ ਭਰਾ ਛੋਟੇ ਹਨ, ਉਹਨਾਂ ਦੀ ਰੋਟੀ ਬਣਾ ਕੇ ਦਫ਼ਤਰ ਆਉਂਦੀ। ਆਰਥਿਕ ਹਾਲਤ ਠੀਕ ਨਹੀਂ ਹੋਣ ਕਰਕੇ ਪਲੱਸ ਟੂ ਕਰਕੇ ਕੰਪਿਊਟਰ ਸਿੱਖ ਕੇ ਕੰਮ ਲੱਗ ਗਈ। ਉਹ ਅਕਸਰ ਕਹਿੰਦੀ ਮੈਨੂੰ ਪੜ੍ਹਨ ਦਾ ਬੜਾ ਸ਼ੌਂਕ ਸੀ। ਸਾਡੀ ਚੰਗੀ ਦੋਸਤੀ ਹੋ ਗਈ।
ਤਿੰਨ ਸਾਲ ਬਾਅਦ ਉਹਦਾ ਵਿਆਹ ਹੋ ਗਿਆ। ਫੋਨ ਤੇ ਰਾਬਤਾ ਕਾਇਮ ਰਿਹਾ। ਕਦੇ ਪੇਕੇ ਆਉਂਦੀ ਤਾਂ ਮੁਲਾਕਾਤ ਹੋ ਜਾਂਦੀ।ਇਕ ਸਾਲ ਛੋਟੇ ਭਰਾ ਦਾ ਵੀ ਵਿਆਹ ਹੋ ਗਿਆ। ਭਾਬੀ ਨਾਲ ਕਿਸੇ ਗੱਲੋਂ ਲੜਾਈ ਹੋਈ ਤਾਂ ਪੇਕੇ ਆਉਣਾ ਛੱਡ ਦਿੱਤਾ। ਫੇਰ ਫੋਨ ਤੇ ਗੱਲ ਹੁੰਦੀ ਰਹੀ। ਧੀ ਤੇ ਪੁੱਤ ਹੋਏ। ਪਤੀ ਦੇ ਕਹਿਣ ਤੇ ਪੜ੍ਹਾਈ ਸ਼ੁਰੂ ਕਰ ਦਿੱਤੀ। ਇਧਰ ਮੇਰਾ ਵੀ ਵਿਆਹ ਹੋ ਗਿਆ। ਕੁਝ ਦੇਰ ਲਈ ਰਾਬਤਾ ਟੁੱਟ ਗਿਆ। ਲੈਂਡ ਲਾਈਨ ਬੰਦ ਤੇ ਮੋਬਾਈਲ ਸ਼ੁਰੂ ਹੋ ਗਏ। ਕਿੰਨੇ ਸਾਲਾਂ ਬਾਅਦ ਫੇਸਬੁੱਕ ਤੇ ਮਿਲੀਆਂ। ਫੇਰ ਪਤਾ ਲੱਗਾ ਉਹਦੇ ਪਾਪਾ ਪੂਰੇ ਹੋ ਗਏ। ਉਹ ਵੀ ਪੇਕੇ ਆਈ, ਮੈਂ ਵੀ ਉਸ ਨੂੰ ਮਿਲਣ ਗਈ।
ਉਸ ਤੋਂ ਬਾਅਦ ਅੱਜ ਮਿਲੀਆਂ।
ਰਜਨੀ ਨੇ ਦੱਸਿਆ ਕਿ ਉਸਨੇ ਪ੍ਰਾਈਵੇਟ ਗ੍ਰੈਜੂਏਸ਼ਨ ਕਰਨ ਤੋਂ ਬਾਅਦ ਆਪਣੀ ਬੇਟੀ ਦੇ ਨਾਲ ਐਲ ਐਲ ਬੀ ਦੀ ਪੜ੍ਹਾਈ ਵੀ ਕਰ ਲਈ। ਤੇ ਹੁਣ ਉਹ ਨਾਮੀ ਵਕੀਲ ਦੇ ਨਾਲ ਪ੍ਰੈਕਟਿਸ ਕਰ ਰਹੀ ਹੈ। ਝੂਠੇ ਕੇਸ ਵਿੱਚ ਫਸੇ ਭਾਬੀ ਦੇ ਭਰਾ ਦੇ ਕੇਸ ਵਿੱਚ ਉਸ ਨੂੰ ਛੁਡਵਾਉਣ ਕਰਕੇ ਹੁਣ ਭਾਬੀ ਉਹਦਾ ਬਹੁਤ ਚਾਅ ਕਰਦੀ ਹੈ। ਉਸ ਦੀ ਕਾਮਯਾਬੀ ਦੇਖਕੇ ਮੈਨੂੰ ਬਹੁਤ ਖੁਸ਼ੀ ਹੋਈ।
ਰਜਨੀ ਨਾਲ ਗੱਲਾਂ ਕਰਕੇ ਵਾਪਸ ਘਰ ਆਉਂਦਿਆਂ ਮੇਰੇ ਦਿਮਾਗ ਵਿੱਚ ਪ੍ਰਸਿੱਧ ਕਵੀ ਦੀਆਂ ਸੱਤਰਾਂ ਗੂੰਜ ਰਹੀਆਂ ਸਨ
“ਉਗੱਣ ਵਾਲੇ ਉੱਗ ਹੀ ਪੈਂਦੇ
ਪਾੜ ਕੇ ਸੀਨਾ ਪੱਥਰਾਂ ਦਾ”
ਪਰਵੀਨ ਕੌਰ, ਲੁਧਿਆਣਾ