ਚੱਲਦੇ ਦੀਵਾਨ ਵਿਚ ਨਾਲ ਬੈਠੀ ਬੀਜੀ ਨੇ ਪੰਜਾਹਾਂ ਦਾ ਨੋਟ ਫੜਾਇਆ..ਅਖ਼ੇ ਜਾ ਰਾਗੀ ਸਿੰਘਾਂ ਕੋਲ ਰੱਖ ਆ..ਮੈਨੂੰ ਗੋਡਿਆਂ ਦੀ ਤਕਲੀਫ ਏ..!
ਅਜੇ ਮੁੜਿਆ ਹੀ ਸਾਂ ਕੇ ਨਾਲਦੇ ਬਜ਼ੁਰਗ ਨੇ ਵੀ ਵੀਹਾਂ ਦਾ ਅਗੇ ਕਰ ਦਿੱਤਾ..ਜਾ ਪੁੱਤ ਮੇਰੀ ਵੀ ਲੇਖੇ ਲਾ ਆ..ਮੈਂ ਅੰਦਰੋਂ ਅੰਦਰੀ ਬਹੁਤ ਖੁਸ਼..ਆਈ ਸੰਗਤ ਕਿੰਨੀ ਪ੍ਰਭਾਵਿਤ ਹੋ ਰਹੀ ਹੋਣੀ..ਏਨੀ ਮਾਇਆ ਭੇਂਟ ਕਰੀ ਜਾ ਰਿਹਾ ਗੁਰੂ ਦਾ ਕੱਲਾ ਸਿੰਘ..!
ਅਜੇ ਸੋਚਾਂ ਦੇ ਘੋੜੇ ਦੌੜ ਹੀ ਰਹੇ ਸਨ ਕੇ ਕਿਸੇ ਮਗਰੋਂ ਹੁੱਝ ਮਾਰੀ..ਬਜ਼ੁਰਗ ਮਾਤਾ ਜੀ ਸਨ..ਹੱਥ ਵਿੱਚ ਸੌ ਦਾ ਨੋਟ..ਮੈਂ ਸਤਵੇਂ ਆਸਮਾਨ ਤੇ ਉਡਾਰੀਆਂ ਮਾਰਦਾ ਹੋਇਆ..ਅਜੇ ਕੁਝ ਆਖਣ ਹੀ ਲੱਗੇ ਸਨ ਕੇ ਮੈਂ ਛੇਤੀ ਨਾਲ ਚਾਰੇ ਪਾਸੇ ਵੇਖਦਾ ਹੋਇਆ ਉਹ ਨੋਟ ਵੀ ਰਾਗੀ ਸਿੰਘਾਂ ਕੋਲ ਰੱਖ ਆਇਆ..!
ਅਰਦਾਸ ਮਗਰੋਂ ਪ੍ਰਛਾਦਾ ਪਾਣੀ ਛਕ ਅਜੇ ਜੋੜੇ ਘਰ ਵਿੱਚ ਹੀ ਸਾਂ ਕੇ ਮਗਰ ਬੈਠੀ ਮਾਤਾ ਜੀ ਫੇਰ ਮਿਲ ਪਏ..ਆਖਣ ਲੱਗੇ ਵੇ ਪੁੱਤਰ ਉਹ ਸੌ ਦਾ ਨੋਟ ਤੇ ਤੇਰੇ ਪਿਛਲੇ ਬੋਝੇ ਵਿਚੋਂ ਹੀ ਡਿੱਗਿਆ ਸੀ..ਰੌਲੇ ਵਿੱਚ ਤੂੰ ਮੇਰੀ ਗੱਲ ਸੁਣੀ ਹੀ ਨਹੀਂ ਤੇ ਉਹ ਵੀ ਰਾਗੀ ਸਿੰਘਾਂ ਕੋਲ ਰੱਖ ਆਇਆ..ਚਲ ਕੋਈ ਨਾ ਤੇਰੀ ਭੇਟਾ ਵੀ ਲੇਖੇ ਲੱਗ ਗਈ..!
ਦੋ ਦਿਨ ਹੋ ਗਏ ਰਹਿ ਰਹਿ ਕੇ ਗੁਰੂ ਘਰ ਦੇ ਪ੍ਰਬੰਧ ਵਿੱਚ ਅਨੇਕਾਂ ਖਾਮੀਆਂ ਦਿੱਸੀ ਜਾ ਰਹੀਆਂ ਨੇ..ਪੂਰੇ ਸਫ਼ੇ ਦੀ ਲਿਸਟ ਬਣ ਵੀ ਗਈ..ਬੱਸ ਪ੍ਰਧਾਨ ਸਾਬ ਕੋਲੋਂ ਟਾਈਮ ਲੈਣਾ ਹੀ ਬਾਕੀ ਏ!
ਹਰਪ੍ਰੀਤ ਸਿੰਘ ਜਵੰਦਾ