ਜੇ ਗਲਤ ਹੋਵਾਂ ਤਾਂ ਅਗਾਊਂ ਮੁਆਫੀ..ਨਾ ਤੇ ਨਿਜੀ ਤੌਰ ਤੇ ਕਦੇ ਮਿਲਿਆਂ ਤੇ ਨਾ ਇਲਾਕੇ ਦੀ ਕੋਈ ਬਹੁਤੀ ਜਾਣਕਾਰੀ..ਬੱਸ ਏਨਾ ਪਤਾ ਕੇ ਸਵਾਲੀਆ ਨਜਰਾਂ ਨਾਲ ਕੈਮਰੇ ਵੱਲ ਵੇਖਦੇ ਹੋਏ ਆਹ ਬਾਬਾ ਜੀ ਬੁੱਘੀਪੁਰੇ ਬਰਨਾਲਾ ਜਲੰਧਰ ਬਾਈਪਾਸ ਤੇ ਚੀਜਾਂ ਵੇਚਦੇ..!
ਵਾਜ ਮਾਰ ਆਖਣ ਲੱਗੇ ਭਾਈ ਮੇਰੀ ਫੋਟੋ ਪਾ ਦੇ ਨੈਟ ਤੇ ਸ਼ਾਇਦ ਸੌ ਪੰਜਾਹ ਹੋਰ ਬਣ ਜਾਇਆ ਕਰਨ..!
ਕੰਢੇ ਉੱਤੇ ਰੁੱਖੜੇ..ਪਤਾ ਨੀ ਹੋਰ ਕਿੰਨੇ ਸਾਹ ਬਾਕੀ ਨੇ..ਆਰਾਮ ਕਰਨ ਦੀ ਉਮਰੇ ਅਡਾਨੀ ਅੰਬਾਨੀ ਬਣਨ ਖਾਤਿਰ ਆਹ ਜਫ਼ਰ ਨਹੀਂ ਜਾਲਦੇ..ਸਿਰਫ ਦੋ ਫੁਲਕੇ ਤੇ ਜਾਂ ਫੇਰ ਦਵਾ ਦਾਰੂ ਜੋਗੇ..ਮੁੱਲਾ ਦੀ ਦੌੜ ਬੱਸ ਇਸੇ ਮਸੀਤ ਤੀਕਰ ਹੁੰਦੀ..!
ਖਾਸ ਕਰਕੇ ਮੋਗੇ ਵੱਲ ਆਉਣ ਜਾਣ ਵਾਲੇ ਵੀਰ ਭੈਣ ਜਰੂਰ ਨੋਟ ਕਰਨ..!
ਕੇਰਾਂ ਤੂਫ਼ਾਨ ਮਗਰੋਂ ਬਾਹਰ ਆਣ ਡਿੱਗੀਆਂ ਮੱਛੀਆਂ ਵਿਚੋਂ ਕੱਲੀ ਕੱਲੀ ਨੂੰ ਵਾਪਿਸ ਸਮੁੰਦਰ ਵਿਚ ਸੁੱਟਦੇ ਇੱਕ ਬਜ਼ੁਰਗ ਨੂੰ ਕੁਝ ਚੋਬਰ ਠਿੱਠ ਕਰਨ ਲੱਗੇ..ਅਖ਼ੇ ਇੰਝ ਭਲਾ ਕਿੰਨਾ ਕੂ ਫਰਕ ਪੈ ਜੂ..ਇਥੇ ਤੇ ਹਜਾਰਾਂ ਹੋਰ ਦਮ ਤੋੜ ਰਹੀਆਂ ਨੇ..!
ਅੱਗੋਂ ਇੱਕ ਹੋਰ ਮੱਛੀ ਨੂੰ ਵਾਪਿਸ ਪਾਣੀ ਵਿਚ ਛੱਡਦਾ ਹੋਇਆ ਆਖਣ ਲੱਗਾ ਪੁੱਤਰੋ ਬਾਕੀਆਂ ਦਾ ਤੇ ਪਤਾ ਨੀ ਪਰ ਇਸਨੂੰ ਫਰਕ ਜਰੂਰ ਪਊ!
ਹਰਪ੍ਰੀਤ ਸਿੰਘ ਜਵੰਦਾ
Source. Rmzaan Ali