ਆਪਸੀ ਸ਼ੱਕ ਤੇ ਇੱਕ ਬਿਰਤਾਂਤ ਲਿਖਿਆ..ਦੋ ਸਾਲ ਪੁਰਾਣਾ..ਉਸਨੂੰ ਪੜ ਕਿਸੇ ਆਪਣੀ ਵਿਥਿਆ ਲਿਖ ਘੱਲੀ..ਵਾਸਤਾ ਪਾਇਆ ਕੇ ਸਾਂਝੀ ਜਰੂਰ ਕਰਿਓ!
ਨਾਲਦਾ ਕਰੋਨਾ ਵੇਲੇ ਵਿਉਪਾਰਕ ਤੌਰ ਤੇ ਥੱਲੇ ਲੱਗ ਗਿਆ..ਮੇਰੀ ਸਰਕਾਰੀ ਨੌਕਰੀ ਨਾਲ ਗੁਜਾਰਾ ਹੁੰਦਾ ਗਿਆ..ਉਹ ਕਦੇ ਕਦੇ ਸਕੂਲੇ ਛੱਡਣ ਜਾਂਦਾ..ਥੋੜੇ ਚਿਰ ਮਗਰੋਂ ਉਸਦੇ ਸੁਭਾਅ ਵਿਚ ਬਦਲਾਅ ਨੋਟ ਕਰਨ ਲੱਗੀ..ਕਦੇ ਲਗਾਤਾਰ ਇੱਕਟਕ ਵੇਖੀ ਜਾਂਦਾ..ਕਦੇ ਫੋਨ ਅਤੇ ਕਦੇ ਕਦੇ ਪਰਸ ਦੀ ਫਰੋਲਾ ਫਰੋਲੀ..ਤਿਆਰ ਹੁੰਦੀ ਨੂੰ ਓਹਲੇ ਜਿਹੇ ਨਾਲ ਵੇਖਦਾ ਰਹਿੰਦਾ..ਇੱਕ ਦਿਨ ਸਿੱਧਾ ਪੁੱਛ ਹੀ ਲਿਆ ਕੀ ਗੱਲ ਇੰਝ ਕਿਓਂ ਕਰਦਾ?
ਆਖਣ ਲੱਗਾ ਬੱਸ ਤੂੰ ਚੰਗੀ ਜੋ ਲੱਗਦੀ ਏਂ..ਪਰ ਪਿਆਰ ਅਤੇ ਸ਼ੱਕ ਕਰਦੀ ਨਜਰ ਵਿਚ ਫਰਕ ਨਿੱਕੀ ਹੁੰਦੀ ਤੋਂ ਚੰਗੀ ਤਰਾਂ ਜਾਣਦੀ ਸਾਂ..!
ਇੱਕ ਕੁਲੀਗ ਕਈ ਵੇਰ ਕੁਝ ਫਾਈਲਾਂ ਫੜਾਉਣ ਘਰੇ ਆ ਜਾਂਦਾ..ਉਸਨੂੰ ਵੀ ਮਨਾਂ ਕਰ ਦਿੱਤਾ..ਬਣਨ ਫੱਬਣ ਵੀ ਸੀਮਤ ਜਿਹਾ ਹੋ ਗਿਆ..ਇੱਕ ਦਿਨ ਪਤਾ ਲੱਗਾ ਚਿੱਟੇ ਵਾਲਾ ਨਸ਼ਾ ਕਰਨ ਲੱਗ ਪਿਆ ਸੀ..ਮੇਰੇ ਜਾਣ ਮਗਰੋਂ ਘਰੇ ਫੜਾ ਕੇ ਜਾਂਦੇ..ਹੁਣ ਪੇਕਿਆਂ ਨੂੰ ਸ਼ਾਮਿਲ ਕਰਨਾ ਮਜਬੂਰੀ ਬਣ ਗਈ..ਫੇਰ ਪਰਾ ਬੈਠੀ..ਗੱਲਬਾਤ ਹੋਈ..ਨਸ਼ਾ ਸ਼ੱਕ ਖਰਚੇ ਪਾਣੀ ਅਤੇ ਨਿੱਕੇ ਨਿੱਕੇ ਜੋੜੇ ਬੱਚੇ..ਕਿੰਨਾ ਕੁਝ ਵਿਚਾਰਿਆ ਗਿਆ..ਨਸ਼ੇ ਵੱਲੋਂ ਸਾਫ ਮੁੱਕਰ ਗਿਆ..ਸ਼ੱਕ ਬਾਰੇ ਗੱਲ ਕਰਦਾ ਉਹ ਰੋ ਪਿਆ..ਮੈਂ ਵੀ..!
ਫੇਰ ਸਫਾਈਆਂ..ਦਲੀਲਾਂ..ਵਾਸਤੇ..ਚਿਤਾਵਨੀਆਂ..ਔਲਾਦ ਦੇ ਹਵਾਲੇ..ਸਮਾਜਿਕ ਇੱਜਤ ਅਤੇ ਹੋਰ ਵੀ ਕਿੰਨਾ ਕੁਝ..ਅਖੀਰ ਇੱਕ ਦਿਨ ਸਕੂਲ ਪੜਾਉਂਦੀ ਨੂੰ ਖਬਰ ਮਿਲ ਗਈ..ਇਸਨੇ ਨਹਿਰ ਵਿਚ ਛਾਲ ਮਾਰ ਦਿੱਤੀ..!
ਮਗਰੋਂ ਕੀ ਕੁਝ ਹੋਇਆ..ਕਿੰਨੇ ਪਹਾੜ ਟੁੱਟੇ..ਆਪਣੇ ਪਰਾਏ ਕਿੱਦਾਂ ਪਛਾਣੇ ਗਏ..ਕੱਲ ਤੱਕ ਦੀcਅਚਾਨਕ ਦੁਸ਼ਮਣੀ ਵਿਚ ਕਿੱਦਾਂ ਬਦਲ ਗਈ ਇਹ ਸਭ ਕੁਝ ਕਿਸੇ ਹੋਰ ਲੇਖ ਵਿਚ ਪਰ ਸਵੈ ਪੜਚੋਲ ਕਰਦਿਆਂ ਇੱਕ ਸਿੱਟੇ ਤੇ ਅੱਪੜੀ ਹਾਂ ਕੇ ਇਸ ਸ਼ੱਕ ਨਾਮ ਦੇ ਪ੍ਰਾਨੀ ਨੂੰ ਇਸਦੀ ਸ਼ੁਰੂਆਤ ਵਿਚ ਹੀ ਦੱਬ ਲਵੋ ਵਰਨਾ ਇਹ ਅੰਦਰੋਂ ਅੰਦਰ ਮਘੋਰਾ ਕਰ ਕਿੰਨਾ ਵੱਡਾ ਖੂਹ ਪੁੱਟ ਜਾਂਦਾ ਮੈਥੋਂ ਜਿਆਦਾ ਹੋਰ ਕੋਈ ਨਹੀਂ ਜਾਣਦਾ!
ਹਰਪ੍ਰੀਤ ਸਿੰਘ ਜਵੰਦਾ