ਮਨਪ੍ਰੀਤ ਕੌਰ ਅਮਰੀਕਾ ਦੀ ਧਰਤੀ ਤੇ ਵਧੀਆ ਜਿੰਦਗੀ ਬਤੀਤ ਕਰ ਰਹੀ ਹੈ ਤੇ ਮਾਂ-ਬਾਪ ਵੀ ਉਸਦੇ ਨਾਲ ਹੀ ਰਹਿੰਦੇ ਹਨ ।
ਮਨਪ੍ਰੀਤ ਹੋਰੀਂ ਚਾਰ ਭੈਣਾਂ ਹਨ ਤੇ ਮਨਪ੍ਰੀਤ ਸਾਰਿਆਂ ਤੋਂ ਛੋਟੀ ਹੈ । ਮਨਪ੍ਰੀਤ ਦੀ ਮਾਂ ਦੀ ਕੁੱਖੋਂ ਜਦੋਂ ਪਹਿਲੀ ਕੁੜੀ ਰਾਜੀ ਨੇ ਜਨਮ ਲਿਆ ਤਾਂ ਸਹੁਰਾ ਪਰਿਵਾਰ (ਦਾਦਾ-ਦਾਦੀ, ਭੂਆ ਹੋਰੀਂ ) ਮਜੂਸ ਜਿਹਾ ਹੋ ਗਿਆ ਕਿਉਂਕਿ ਮੁੰਡੇ ਹੋਣ ਦੀ ਆਸ ਲਗਾਈ ਬੈਠੇ ਸੀ ਤੇ ਕੁੜੀ ਦਾ ਜਨਮ ਹੋਣ ਤੇ ਮਾਂ ਨਾਲ ਥੋੜ੍ਹਾ ਜਿਹਾ ਵੱਟ ਹੋਇਆ ਰਹਿਣ ਲੱਗੇ। ਕੁੱਛ ਸਮੇਂ ਬਾਅਦ ਫਿਰ ਦੂਜੀ ਕੁੜੀ ਦੇ ਜਨਮ ਤੋਂ ਪਹਿਲਾਂ ਪੂਰੀ ਆਸ ਲਾਈ ਬੈਠੇ ਸੀ ਕਿ ਇਸ ਵਾਰ ਤਾਂ ਰੱਬ ਮੁੰਡਾ ਹੀ ਦੇਵੇਗਾ,
ਉਦੋਂ ਟੈਸਟ ਕਰਨ ਵਾਲ਼ੀਆਂ ਮਸ਼ੀਨਾਂ ਵਾਰੇ ਬਹੁਤੀ ਜਾਣਕਾਰੀ ਨਹੀਂ ਸੀ ਹੁੰਦੀ, ਨਹੀਂ ਤਾਂ ਸ਼ਾਇਦ ਪਹਿਲੀ ਕੁੜੀ ਦੇ ਹੋਣ ਤੋਂ ਬਾਅਦ ਬਾਕੀਆਂ ਨੂੰ ਜੰਮਣ ਤੋਂ ਪਹਿਲਾਂ ਹੀ ਮਾਰ ਦਿੱਤਾ ਜਾਂਦਾ,
ਤੇ ਕੁੱਛ ਸਮੇਂ ਬਾਅਦ ਫਿਰ ਰਾਣੀ ਭੈਣ ਦਾ ਜਨਮ ਹੋਇਆ ਤੇ ਸਾਰਾ ਪਰਿਵਾਰ (ਦਾਦੀ ਦਾਦਾ, ਭੂਆ) ਕਹਿੰਦੇ ਕਿ ਇਸ ਨੂੰ ਛੱਡ ਦਿਓ ਏਨੇ ‘ਤ ਕੁੜੀਆਂ ਹੀ ਦੇਣੀਆਂ ਹਨ,
ਤੇ ਮੁੰਡੇ ਦਾ ਹੋਰ ਵਿਆਹ ਕਰ ਦਿਓ, ਮਨਪ੍ਰੀਤ ਦੇ ਪਾਪਾ ਨੇ ਸਾਫ ਮਨ੍ਹਾ ਕਰ ਦਿੱਤਾ ਕਿ ਮੈਂ ਹੋਰ ਵਿਆਹ ਨਹੀਂ ਕਰਾਉਣਾ ਚਾਹੇ ਹੋਰ ਚਾਰ ਕੁੜੀਆਂ ਹੋ ਜਾਣ ਇਨ੍ਹਾਂ ਦੀ ਕਿਸਮਤ ਇਨ੍ਹਾਂ ਨਾਲ।
ਪੌਣੇ ਕੁ ਦੋ ਸਾਲ ਬਾਅਦ ਫਿਰ ਜੀਤੀ ਭੈਣ ਦਾ ਜਨਮ ਹੋਇਆ ਤੇ ਸਾਰਿਆਂ ਦੇ ਮੂੰਹ ਸੁੱਜੇ ਫਿਰਦੇ ਸੀ ਕਿ ਹੈਹਏ ਇੱਕ ਹੋਰ ਪੱਥਰ ਲੈ ਆਈ ਆ ਕਰਮਾਂ ਮਾਰੀ, ਦਾਦੀ ਦਾਦਾ ਕਹਿੰਦੇ ਏਨੇ ਤਾਂ ਸਾਡਾ ਮਰਨਾ ਵੀ ਦੁੱਬਰ ਕਰ ਛੱਡਿਆ, ਸੋਚਿਆ ਸੀ ਮਰਨ ਤੋਂ ਪਹਿਲਾਂ ਪੋਤੇ ਦਾ ਮੂੰਹ ਦੇਖ ਹੀ ਲੈਂਦੇ ਪਰ ਏਨੇ ਕਰਮਾਂ ਜਲ਼ੀ ਨੇ ਸਾਡੇ ਵੀ ਕਰਮ ਸਾੜ ਦਿੱਤੇ।
ਭੂਆ ਹੋਣੀ ਕਹਿੰਦੀਆਂ ਕਿ ਵੀਰੇ ਤੇਰੀ ਹਾਲੇ ਕਿਹੜੀ ਉਮਰ ਹੋਈ ਏ ਏਨੂੰ ਦਫਾ ਕਰ ਤੇ ਹੋਰ ਵਿਆਹ ਕਰਵਾ ਲੈ, ਸਾਡੇ ਵੀ ਚਾਅ ਪੂਰੇ ਕਰਦੇ ਕਿਤੇ,
ਅਸੀਂ ਵੀ ਭਤੀਜੇ ਦਾ ਮੂੰਹ ਦੇਖਣ ਨੂੰ ਤਰਸ ਗਈਆਂ ਹਾਂ,,
ਮਨਪ੍ਰੀਤ ਦੇ ਪਾਪਾ ਨੇ ਸਟੈਂਡ ਲਿਆ ਤੇ ਗੜਕਵੀਂ ਅਵਾਜ਼ ਵਿਚ ਆਪਣਾ ਆਖਰੀ ਫੈਸਲਾ ਸੁਣ ਦਿੱਤਾ,
ਕਿਹਾ ਕਿ ਮੈਂ ਇਸ ਨੂੰ ਕਦੇ ਵੀ ਨਹੀਂ ਛੱਡਾਂਗਾ ਤੇ ਹੋਰ ਵਿਆਹ ਵੀ ਨਹੀਂ ਕਰਾਵਾਂਗਾ, ਮੇਰੀਆਂ ਕੁੜੀਆਂ ਮੇਰੇ ਲਈ ਮੁੰਡਿਆਂ ਨਾਲੋਂ ਘੱਟ ਨਹੀਂ ਹਨ, ਮੈਂ ਇਨ੍ਹਾਂ ਨੂੰ ਪੜ੍ਹਾ ਲਿਖਾ ਕੇ ਅਫਸਰ ਬਣਾਵਾਂਗਾ।
ਦਾਦੀ ਨੇ ਗਲ਼ੀ ਗੁਆਂਢ ਵੀ ਮਨਪ੍ਰੀਤ ਦੀ ਮਾਂ ਨੂੰ ਬਿਨਾਂ ਕਿਸੇ ਗੱਲੋਂ ਭੰਡਦੀ ਫਿਰਨਾ ਸਿਰਫ਼ ਮੁੰਡਾ ਨਾ ਹੋਣ ਕਰਕੇ ,,
ਤਿੰਨ ਚਾਰ ਸਾਲ ਬਾਅਦ ਮਾਂ ਨੂੰ ਪ੍ਰੀਵਾਰ (ਦਾਦਾ ਦਾਦੀ ਤੇ ਭੂਆ ਹੋਰਾਂ ) ਨੇ ਜੋਰ ਪਾਇਆ ਕਿ ਆਹ ਏਨੀ ਜਾਇਦਾਦ ਕੌਣ ਸਾਂਭੂ,
ਇੱਕ ਚਾਂਨਸ ਹੋਰ ਲੈ ਕੇ ਦੇਖ ਲਵੋ ਸ਼ਾਇਦ ਰੱਬ ਬਹੁੜ ਹੀ ਪਏ ਤੇ ਇਸ ਖਾਨਦਾਨ ਨੂੰ ਇਸ ਦਾ ਵਾਰਿਸ ਮਿਲ਼ ਹੀ ਜਾਏ ਤੇ ਅਸੀਂ ਵੀ ਪੋਤੇ ਦਾ ਮੂੰਹ ਦੇਖਕੇ ਹੀ ਮਰੀਏ ।
ਫਿਰ ਜੀਤੀ ਤੋਂ ਸਾਢੇ ਕੁ ਚਾਰ ਸਾਲ ਬਾਅਦ ਮਨਪ੍ਰੀਤ ਦਾ ਜਨਮ ਹੋਇਆ ਤੇ ਦਾਦੀ ਦਾਦਾ ਬਹੁਤ ਗੁੱਸੇ ਵਿੱਚ ਅੰਨ੍ਹੇ ਹੋਏ ਫਿਰਦੇ ਸੀ ਕਹਿੰਦੇ ਇਸਦਾ ਗਲ਼ਾ ਘੁੱਟ ਦਿਓ ਪਹਿਲਾਂ ਹੀ ਤਿੰਨ ਪੱਥਰ ਥੋੜ੍ਹੇ ਸੀ ਜੋ ਇੱਕ ਪੱਥਰ ਹੋਰ ਜੰਮ ਲਿਆ ‘ਤੈਂ,, ਮਨਪ੍ਰੀਤ ਦੀ ਮਾਂ ਨੂੰ ਤਾਹਨੇ ਮਿਹਣੇ ਮਾਰ ਮਾਰ ਕੇ ਬਹੁਤ ਦੁਖੀ ਕੀਤਾ ਹੋਇਆ ਸੀ,, ਦਾਦੀ ਦਾਦਾ ਤੇ ਭੂਆ ਹੋਰੀਂ ਉੱਚੀ ਉੱਚੀ ਏਦਾਂ ਰੋ ਰਹੇ ਸੀ ਕਿ ਜਿਵੇਂ ਕੋਈ ਘਰ ‘ਚ ਮਰ ਗਿਆ ਹੋਵੇ, ਸਾਡੀ ‘ ਤ ਕਿਸਮਤ ‘ਚ ਪੋਤੇ ਦਾ ਮੂੰਹ ਦੇਖਣਾ ਹੈ ਹੀ ਨਹੀਂ ਅਸੀਂ ਇਵੇਂ ਹੀ ਮਰ ਜਾਵਾਂਗੇ, ਸਾਡੇ ਤੇ ਕੋਈ ਦੀਵਾ ਜਗਾਉਣ ਵਾਲ਼ਾ ਵੀ ਨਹੀਂ ਹੋਣਾ,, ਦਾਦਾ-ਦਾਦੀ ਨੇ ਮਨਪ੍ਰੀਤ ਦੇ ਜਨਮਦਿਨ ਤੋਂ ਬਾਅਦ ਉਸ ਦੀ ਮਾਂ ਨੂੰ ਮੁੜਕੇ ਕਦੇ ਨਹੀਂ ਬੁਲਾਇਆ । ਚਲੋ ਸਮਾਂ ਆਪਣੀ ਚਾਲ ਚੱਲਦਾ ਗਿਆ ਚਾਰੇ ਭੈਣਾਂ ਚੰਗਾ ਪੜ੍ਹ ਲਿਖ ਗਈਆਂ ਵੱਡੀਆਂ ਤਿੰਨੋਂ ਚੰਗੇ ਆਹੁਦਿਆਂ ਤੇ ਨੌਕਰੀ ਕਰਦੀਆਂ ਹਨ ਅਤੇ ਮਨਪ੍ਰੀਤ ਅਮੈਰਿਕਾ ਵਿਚ ਸੈਟਲ ਹੋ ਗਈ ਹੈ ਮਾਂ-ਬਾਪ ਨੂੰ ਵੀ ਆਪਣੇ ਕੋਲ ਹੀ ਲੈ ਗਈ ਹੈ। ਮਨਪ੍ਰੀਤ ਬਹੁਤ ਖੁਸ਼ ਹੈ ਕਿ ਮੈਨੂੰ ਮਾਂ-ਬਾਪ ਦੀ ਸੇਵਾ ਕਰਨ ਦਾ ਸੁਭਾਗ ਮਿਲਿਆ ਹੈ, ਮਨਪ੍ਰੀਤ ਦੇ ਮਾਂ ਬਾਪ ਕਹਿੰਦੇ ਹਨ ਕਿ ਅਸੀਂ ਬਹੁਤ ਖੁਸ਼ ਨਸੀਬ ਹਾਂ ਸਾਡੀਆਂ ਚਾਰੇ ਧੀਆਂ ਪੁੱਤਰਾਂ ਨਾਲੋਂ ਵੀ ਵਧਕੇ ਹਨ,
ਸਾਨੂੰ ਸਾਡੀਆਂ ਧੀਆਂ ਤੇ ਬਹੁਤ ਮਾਣ ਹੈ।
✍🏻 ਜਿੰਦਰ ਸਿੰਘ!