ਦੱਸਦੇ ਨੇ ਕੇ ਕਨੇਡਾ ਦੇ “ਕੈਮਲੂਪ” ਦਰਿਆ ਵਿਚ ਇੱਕ ਖਾਸ ਕਿਸਮ ਦੀ ਮੱਛੀ ਜਨਮ ਲੈਂਦਿਆਂ ਹੀ ਪਾਣੀ ਦੇ ਵਹਾਅ ਨਾਲ ਤਰਨਾ ਸ਼ੁਰੂ ਕਰ ਦਿੰਦੀ ਏ..
ਫੇਰ ਦੋ ਸਾਲ ਬਾਅਦ ਅਚਾਨਕ ਆਪਣਾ ਰੁੱਖ ਮੋੜਦੀ ਹੋਈ ਜਿਥੋਂ ਤੁਰੀ ਹੁੰਦੀ ਏ ਓਧਰ ਨੂੰ ਵਾਪਿਸ ਮੁੜ ਤਰਨਾ ਸ਼ੁਰੂ ਕਰ ਦਿੰਦੀ ਏ…
ਰਾਹ ਵਿਚ ਉਚੇ ਪੱਥਰ..ਉੱਚੀਆਂ ਚਟਾਨਾਂ..ਤੇਜ ਪਾਣੀ ਦੇ ਵਹਾਅ ਨਾਲ ਜੂਝਦੀ ਹੋਈ ਅਖੀਰ ਜਿਥੇ ਜਨਮ ਹੋਇਆ ਹੁੰਦਾ ਏ ਐਨ ਓਸੇ ਥਾਂ ਆ ਕੇ ਦਮ ਦੌੜ ਦਿੰਦੀ ਏ..!
ਕਈ ਵਾਰ ਪੱਥਰਾਂ ਨਾਲ ਰਗੜ ਰਗੜ ਕੇ ਚਮੜੀ ਵੀ ਉਧੜ ਜਾਂਦੀ ਹੈ ਪਰ ਫੇਰ ਵੀ ਮਰਦੇ ਦਮ ਤਕ ਵਾਪਿਸ ਮੁੜਨ ਦਾ ਸੰਘਰਸ਼ ਨਹੀਂ ਤਿਆਗਦੀ..
ਪ੍ਰਸਿੱਧ ਨਾਟਕਕਾਰ ਡਾਕਟਰ ਆਤਮਜੀਤ ਨੇ “ਕੈਮਲੂਪ ਦੀਆਂ ਮੱਛੀਆਂ” ਸਿਰਲੇਖ ਹੇਠ ਨਾਟਕ ਵੀ ਲਿਖਿਆ…ਇੱਕ ਜਗਾ ਲਿਖਦੇ ਹਨ ਕੇ ਪੰਜਾਬ ਵਿਚ ਜੰਮੇ ਅਤੇ ਕਨੇਡਾ ਅਮਰੀਕਾ ਵਰਗੇ ਮੁਲਖਾਂ ਵਿਚ ਪਰਵਾਸ ਕਰ ਆਏ ਲੋਕਾਂ ਦੀ ਮਾਨਸਿਕਤਾ ਵੀ ਕੁਝ ਕੈਮਲੂਪ ਦੀਆਂ ਮੱਛੀਆਂ ਵਰਗੀ ਹੋ ਗਈ ਜਾਪਦੀ ਏ…
ਸੱਤ ਸਮੁੰਦਰ ਪਾਰ ਆਇਆਂ ਦੀ ਜਦੋਂ ਅੱਧੀ ਉਮਰ ਡਾਲਰਾਂ ਅਤੇ ਹੋਰ ਸੁਖ ਸਹੂਲਤਾਂ ਪਿੱਛੇ ਭੱਜਦਿਆਂ ਹੀ ਨਿੱਕਲ ਜਾਂਦੀ ਏ ਤਾਂ ਫੇਰ ਇੱਕ ਦਿਨ ਅਚਾਨਕ ਦਿਲ ਵਿਚ ਮਿੱਟੀ ਦੇ ਮੋਹ ਵਾਲੀ ਚੀਸ ਉੱਠਦੀ ਏ ਤੇ ਉਹ ਵਾਪਿਸ ਜਨਮ ਭੂਮੀ ਵੱਲ ਨੂੰ ਮੁੜਨ ਲਈ ਤੜਪ ਉੱਠਦਾ ਏ..
ਪਰ ਸ਼ਾਇਦ ਉਸ ਵੇਲੇ ਤੱਕ ਬਹੁਤ ਦੇਰ ਹੋ ਚੁੱਕੀ ਹੁੰਦੀ ਏ ਤੇ ਉਸਦੀ ਮਿੱਟੀ ਦੇ ਮੋਹ ਵਾਲੀ ਮਨੋਕਾਮਨਾ ਬਰਫ਼ਾਂ ਹੇਠ ਦੱਬ ਦਮ ਤੋੜ ਜਾਂਦੀ ਏ!
ਅੱਗੋਂ ਲਿਖਦੇ ਨੇ ਕੇ ਇੱਕ ਵਾਰ ਟਾਰਾਂਟੋ ਕਿਸੇ ਦੇ ਘਰ ਠਹਿਰਿਆ ਤਾਂ ਓਥੇ ਬੇਸਮੇਂਟ ਵਿਚੋਂ ਕਿਸੇ ਬਜ਼ੁਰਗ ਦੀਆਂ ਅਵਾਜਾਂ ਸੁਣਿਆ ਕਰਨ…
“ਮਿੰਦ੍ਹੋ ਛੇਤੀ ਕਰ..ਮੱਝਾਂ ਦੀਆਂ ਧਾਰਾਂ ਚੋ ਲੈ”….
ਮੀਂਹ ਆਉਣ ਵਾਲਾ ਏ ਮੰਝੇ ਕੋਠੇ ਤੋਂ ਹੇਠਾਂ ਲਾਹ ਲਵੋ ਓਏ….
ਬਹੁਕਰ ਗੋਹਾ ਕੂੜਾ ਕਰ ਲਵੋਂ..ਕਿੱਡਾ ਕਿੱਡਾ ਦਿਨ ਚੜ ਆਇਆ ਏ
ਕੋਈ ਮੈਨੂੰ ਦੋ ਫੁਲਕੇ ਲਾਹ ਦੇਵੋ ਮੈਂ ਪੱਠੇ ਵੱਢਣ ਜਾਣਾ..ਡੰਗਰ ਭੁੱਖੇ ਮਰ ਗਏ..ਓਏ ਪ੍ਰਾਹੁਣੇ ਆਏ ਨੇ ਕੋਈ ਪਾਣੀ ਲਿਆਵੋ…..
ਮੁੜ ਪਤਾ ਲੱਗਾ ਕੇ ਬਜ਼ੁਰਗ ਕਾਫੀ ਅਰਸੇ ਤੋਂ ਕਨੇਡਾ ਵਿਚ ਹੀ ਰਹਿ ਰਿਹਾ ਸੀ…ਫੇਰ ਅਚਾਨਕ ਹੀ ਇੱਕ ਦਿਨ ਇਹ ਸਭ ਕੁਝ ਬੋਲਣਾ ਸ਼ੁਰੂ ਕਰ ਦਿੱਤਾ..ਤੇ ਉਸ ਦਿਨ ਮਗਰੋਂ ਹੁਣ ਸਾਰਾ ਸਾਰਾ ਦਿਨ ਬਸ ਏਹੀ ਕੁਝ ਹੀ ਬੋਲਦਾ ਰਹਿੰਦਾ ਏ…ਘਰਦੇ ਆਖਦੇ ਕੇ ਇਸਦੇ ਦਿਮਾਗ ਨੂੰ ਕੁਝ ਹੋ ਗਿਆ ਏ…!
ਸੋ ਦੋਸਤੋ ਜੇ ਕਿਧਰੇ ਆਸ ਪਾਸ ਕੋਈ ਐਸਾ ਉੱਚੀ ਬੋਲਦਾ ਹੋਇਆ ਮਨੁੱਖ ਦਿਸ ਪਵੇ ਤਾਂ ਉਸਨੂੰ ਸਿੱਧਰਾ ਪਾਗਲ ਸਮਝ ਨਕਾਰਿਓ ਬਿਲਕੁਲ ਨਾ..ਉਸ ਨਾਲ ਦੋ ਘੜੀਆਂ ਗੱਲਾਂ ਜਰੂਰ ਕਰ ਲਿਆ ਜੇ…ਹੋ ਸਕਦਾ ਉਸ ਅੰਦਰ ਵੀ “ਕੈਮਲੂਪ” ਦੀ ਮੱਛੀ ਵਾਲੀ ਮੁੜ ਵਤਨਾਂ ਨੂੰ ਫੇਰੇ ਵਾਲੀ ਕੋਈ ਰਹਿੰਦੀ ਉਮਰ ਦੀ ਲਾਲਸਾ ਜਾਗ ਪਈ ਹੋਵੇ…!
ਜਿਕਰਯੋਗ ਏ ਕੇ ਪਾਰਕ ਵਿਚ ਇੱਕ ਐਸੀ ਹੀ ਕੈਮਲੂਪ ਵਾਲੀ ਮੱਛੀ ਨਾਲ ਮੇਰੀ ਮੁਲਾਕਾਤ ਹੋ ਹਟੀ ਏ.. ਪੂਰੇ ਅੱਧਾ ਘੰਟਾ ਉਸਦੇ ਦੁਖੜੇ ਸੁਣਦਿਆਂ ਅਖੀਰ ਹਾਲਤ ਇੰਝ ਦੀ ਹੋ ਗਈ ਜਿੱਦਾਂ ਪੰਜਾਬ ਦੀ ਕੋਇਲ ਸੁਰਿੰਦਰ ਕੌਰ ਮੜੀਆਂ ਵਿਚੋਂ ਉੱਠ ਸਾਡੇ ਕੋਲ ਆ ਗਈ ਹੋਵੇ ਤੇ ਭਾਵੁਕ ਹੁੰਦੀ ਹੋਈ ਨੇ ਇਹ ਗੀਤ ਛੋਹ ਲਿਆ ਹੋਵੇ ਕੇ…
“ਗਮਾਂ ਦੀ ਰਾਤ ਲੰਮੀ ਏ..ਜਾਂ ਮੇਰੇ ਗੀਤ ਲੰਮੇ ਨੇ..ਨਾ ਭੈੜੀ ਰਾਤ ਮੁੱਕਦੀ ਏ ਨਾ ਮੇਰੇ ਗੀਤ ਮੁੱਕਦੇ ਨੇ”
ਹਰਪ੍ਰੀਤ ਸਿੰਘ ਜਵੰਦਾ