“ਤੂੜੀ ਵਾਲ਼ੇ ਕੋਠੇ ਨੂੰ ਸਵਾ-ਸਵਾ ਕਿੱਲੋ ਦੇ ਜੰਦਰੇ ਤੇ ਤਿਜੌਰੀਆਂ ਨੂੰ ਸੇਬਿਆਂ ਦੀ ਗੰਢ, ਬਾਤ ਕੁਝ ਸਮਝ ਨੀਂ ਆਉਂਦੀ!”
“ਗਵਾਚਿਆਂ ਨੂੰ ਲੱਭਣ ਖ਼ਾਤਰ ਚੌਹੀਂ ਕੂਟੀਂ ਭੰਵਿਆ ਜਾਂਦਾ ਏ ਪਰ ਜੋ ਆਪਣੇ-ਆਪ ‘ਚ ਗੁੰਮ ਹੋ ਜਾਂਦੇ ਨੇ, ਉਹਨਾਂ ਨੂੰ ਲੱਭਣ ਲਈ ਕਿੱਥੇ ਜਾਈਏ? ਕਿਹੜੀਆਂ ਗੁੱਠਾਂ ਫਰੋਲ਼ੀਏ? ਉਹ ਗ਼ੈਰਾਂ ਨੂੰ ਕੀ ਮਿਲਣਗੇ ਜੋ ਆਪਣਾ ਪਤਾ ਵੀ ਭੁੱਲ ਬੈਠੇ!”
“ਭਰਤੀ ਪੈ-ਪੈ ਕੇ ਬੇਸ਼ੱਕ ਛੱਤਾਂ ਨੀਵੀਆਂ ਹੋ ਗਈਆਂ ਨੇ ਉਂਝ ਇਹਨਾਂ ਥੱਲੇ ਕਦੇ ਛੇ-ਛੇ ਫੁੱਟੇ ਜਵਾਨ ਬੌਣੇ ਪੈ ਜਾਂਦੇ ਸਨ!”
“ਸਵੇਰ ਦਾ ਭੁੱਲਿਆ ਜੇ ਸ਼ਾਮੀਂ ਘਰ ਆਣ ਵੜੇ ਤਾਂ ਉਹਨੂੰ ਭਟਕਿਆ ਨਈਂ ਕਹਿੰਦੇ ਪਰ ਸਾਨੂੰ ‘ਉੱਲੂ ਦਿਆਂ ਪੱਠਿਆਂ’ ਨੂੰ ਕੀ ਆਖੋਂਗੇ ਜਿੰਨ੍ਹਾਂ ਨੂੰ ਸਾਰੀ ਉਮਰ ਲੰਘਾ ਕੇ ਪਤਾ ਲੱਗਿਆ, ਦਿਵਾਲ਼ੀ ਹਿੰਦੂਆਂ ਦਾ ਧਿਆਰ ਏ ਤੇ ਨਾਨਕ ਸਿੱਖਾਂ ਦਾ ਪਹਿਲਾ ਗੁਰੂ ਏ ? ਅਸੀਂ ਐਵੇਂ ਦਿਵਾਲ਼ੀਆਂ ਮਨਾਉਂਦੇ ਤੇ ਨਾਨਕ ਦੇ ਨਾਂ ਦੀਆਂ ਸੁੰਹਾਂ ਖਾਂਦੇ ਰਹੇ!
ਬਾਬੇ ਵਲੀ ਮੁਹੰਮਦ ਦੀਆਂ ਅਵੱਲੀਆਂ ਗੱਲਾਂ ਹਾਰੀ-ਸਾਰੀ ਦੇ ਸਮਝ ਨਈਂ ਆਉਂਦੀਆਂ ਸਨ।
“ਜਦੋਂ ਕਿਹਾ ਜਾਂਦਾ ਏ,”ਮਿੱਟੀ ਵਾਜਾਂ ਮਾਰਦੀ!” ਤਾਂ ਦਰਅਸਲ ਉਦੋਂ ਪਿੱਛੇ ਰਹੀ ਮਿੱਟੀ ਨਈਂ ਸਗੋਂ ਬੰਦੇ ਦਾ ਦਿਲ ਆਪਣੀ ਜੰਮਣ-ਭੌਂ ਲਈ, ਮੀਆਂ ਵਾਰਸ ਦੇ ਕੌਲਾਂ, ਅਖੇ,”ਸਾਡੇ ਚੰਮ ਦੀਆਂ ਜੁੱਤੀਆਂ ਕਰੇ ਕੋਈ, ਜਿਹੜਾ ਜੀਉ ਦਾ ਰੋਗ ਗਵਾਂਵਦਾ ਈ। ਭਲਾ ਦੱਸ ਖਾਂ ਚਿਰੀਂ ਵਿਛੁੰਨਿਆਂ ਨੂੰ, ਕਦੋਂ ਰੱਬ ਸੱਚਾ ਘਰੀਂ ਲਿਆਂਵਦਾ ਈ?” ਵਾਂਗ ਤਰਲੋਮੱਛੀ ਹੋ ਰਿਹਾ ਹੁੰਦੈ, ਤੜਫ਼ ਰਿਹਾ ਹੁੰਦੈ, ਤਰਸ ਰਿਹਾ ਹੁੰਦੈ!”
ਜਦੋਂ ਪਿਛਲੀ ਉਮਰੇ ਬਾਬੇ ਦਾ ਪਿੱਛੇ ਰਹਿ ਗਏ ਆਪਣੇ ਜੱਦੀ ਪਿੰਡ ਸਮਾਲਸਰ ਜਾਣ ਦਾ ਸਬੱਬ ਬਣਿਆ, ਅਸੀਂ ਇੱਕ ਰਾਤ ਪਹਿਲਾਂ ਮਿਲਣ ਗਏ ਤਾਂ ਕਹਿੰਦਾ,”ਜਵਾਨੋ, ਪਾਕਸਤਾਨ ਆ ਕੇ ਮੇਰਾ ਸੱਤਰ ਵਰ੍ਹੇ ਜੀ ਨੀਂ ਲੱਗਿਆ, ਨਾ ਨਵੇਂ ਯਾਰ ਬਣੇ, ਨਾ ਜੈਸੇ ਪਿੱਛੇ ਛੱਡ ਕੇ ਆਏ ਸਾਂ ਘਰ-ਬਾਰ ਬਣੇ!”
“ਕਿਵੇਂ ਦਾ ਹੋਊ ਸੱਤਰਾਂ ਸਾਲਾਂ ਬਾਅਦ ਬੁੱਢੇ ਹੋ ਕੇ ਥਿੜਕਦੇ ਪੈਰਾਂ ਨਾਲ਼ ਉਹਨਾਂ ਗਲੀਆਂ ‘ਤੇ ਤੁਰਨਾ ਜਿੰਨ੍ਹਾਂ ‘ਤੇ ਕਦੇ ਚੋਰ-ਸਿਪਾਹੀ, ਛੂਹਣ-ਛੁਹਾਈ ਖੇਡਦਿਆਂ ਪਤਾ ਨੀਂ ਕਿੰਨੇ ਮੀਲ ਵਲ਼ੇ ਸਨ, ਪਤਾ ਨੀਂ ਕਿੰਨੇ ਵਾਰੀ ਠੇਡੇ ਖਾ ਕੇ ਡਿੱਗੇ ਸਾਂ! ਕੀ ਉਹ ਗਲੀਆਂ ਮੈਨੂੰ ਫਟਕਾਰਨਗੀਆਂ ਤਾਂ ਨਈਂ,’ਕਿਹੋ ਜਿਹਾ ਭੇਜਿਆ ਸੀ ਛਾਲਾਂ ਮਾਰਦਾ, ਕੀ ਬਣਕੇ ਆਇਆ ਏਂ, ਕੁੱਬਾ ਬੁੱਢੜਾ-ਠੇਰਾ!’ ”
“ਨਹੀਂ ਉਹ ਤਾਂ ਮਾਂ ਵਾਂਗ ‘ਡੀਕਦੀਆਂ ਹੋਣਗੀਆਂ, ਗਲ ਲਾ ਲੈਣਗੀਆਂ।”
“ਛੱਪੜ ਕਿਨਾਰੇ ਅਸਾਂ ਤਿੰਨਾਂ ਯਾਰਾਂ ਮੈਂ, ਗੁਰਦਿੱਤੇ ਤੇ ਰਾਮ ਦਿਆਲ ਨੇ ਤ੍ਰਿਵੇਣੀ ਲਾਈ ਸੀ, ਪਤਾ ਲੱਗਿਆ ਏ ਹੁਣ ਅੱਧੀ ਕੁਨਾਲ ਨੂੰ ਛਾਂ ਦਿੰਦੀ ਏ, ਲੋਕ ਹੇਠ ਪਸੂ-ਡੰਗਰ ਬੰਨ੍ਹ ਛੱਡਦੇ ਨੇ ! ਯਾਰਾਂ ਨਾਲ਼ ਬਿਤਾਏ ਵੇਲ਼ੇ ਕਿੱਥੇ ਭੁੱਲਦੇ ਨੇ! ਹਾੜ੍ਹ ਦੀਆਂ ਤਿੱਖੜ ਦੁਪਹਿਰਾਂ ਨੂੰ ਇੱਕ-ਦੂਜੇ ਦੀ ਢੋਅ ਲਾ ਕੇ ਇੱਕੋ ਮੰਜੇ ‘ਤੇ ਪਏ ਰਹਿੰਦੇ ਸਾਂ ਤੂਤਾਂ ਥੱਲੇ! ਸਾਡੇ ਇੱਕ-ਦੂਜੇ ਦੀਆਂ ਬਰਾਤਾਂ ਜਾਣ ਦੇ ਚਾਅ ਨੂੰ ਚੰਦਰੀ ਸੰਤਾਲ਼ੀ ਖਾ ਗਈ!”
“ਮੈਨੂੰ ਯਾਦ ਏ ਬਖਤੌਰੇ ਕੇ ਬੰਤੇ ਨੇ ਇੱਕ ਵਾਰ ਪਿੱਛੋਂ ਧੱਫਾ ਮਾਰ ਕੇ ਮੇਰੇ ਪੈਰ ਜਮੀਨੋਂ ‘ਖੇੜ ਦਿੱਤੇ ਸੀ, ਪਰ ਜਿਉਣ-ਜੋਗੇ ਨੇ ਆਪ ਈ ਡਿੱਗਣੋਂ ਬੋਚ ਲਿਆ ਸੀ, ਨਹੀਂ ਤਾਂ ਬੜੀ ਭੈੜੀ ਸੱਟ ਲੱਗਣੀ ਸੀ, ਬੰਤਾ ਮੇਰਾ ਜਿਗਰੀ ਯਾਰ ਸੀ, ਪ੍ਰਾਣ ਤਿਆਗ ਗਿਆ ਕਈ ਵਰ੍ਹੇ ਪਹਿਲਾਂ, ਹੁਣ ਮਰ ਕੇ ਈ ਮਿਲਾਂਗੇ।”
ਅਚਾਨਕ ਬਾਬੇ ਨੂੰ ਹੱਥੂ ਆਇਆ, ਉਹ ਖੰਘਦਾ-ਖੰਘਦਾ ਦਿਲ ‘ਤੇ ਹੱਥ ਧਰ ਕੇ ਮੰਜੇ ‘ਤੇ ਬਹਿ ਗਿਆ। ਹਸਨਾ ਪਾਣੀ ਦਾ ਗਲਾਸ ਲਿਆਇਆ ਪਰ ਉਦੋਂ ਨੂੰ ਬਾਬਾ ਡਾਰੋਂ ਵਿੱਛੜੀ ਕੂੰਜ ਵਾਂਗੂੰ ਹੌਂਕੇ ਭਰਦਾ, ਜਾਂਦੇ ਰਾਹੀਆਂ ਸੰਗ ਜਾ ਰਲ਼ਿਆ, ਉਹਦੀਆਂ ਅੱਖਾਂ ‘ਚੋਂ ਵਗਿਆ ਨੀਰ ਚਿਹਰੇ ‘ਤੇ ਪਈਆਂ ਝੁਰੜੀਆਂ ‘ਚ ਪਥਰਾ ਗਿਆ!
ਰੱਬਾ, ਜੇ ਤੂੰ ਏਂ ਤੇ ਤੂੰ ਈ ਜਾਨਾਂ ਬਖ਼ਸ਼ਣ ਅਤੇ ਮੌਤਾਂ ਦੇਣ ਵਾਲ਼ਾ ਏਂ, ਤੇਰਾ ਕੀ ਘਸ ਜਾਣਾ ਸੀ ਜੇ ਬਾਬੇ ਨੂੰ ਇੱਕ ਮਹੀਨੇ ਹੋਰ ਦੀ ਮੁਹਲਤ ਦੇ ਦਿੰਦਾ? ਵਿਚਾਰਾ! ਆਪਣੇ ਵਤਨ ਪਿਆਰੇ ਦੇ ਮਰਨ ਤੋਂ ਪਹਿਲਾਂ ਇੱਕ ਵਾਰ ਦਿਦਾਰ ਕਰ ਆਉਂਦਾ! ਜਾਹ, ਉਲ੍ਹਾਮਾ ਏ ਤੈਨੂੰ, “ਪਤਾ ਲੱਗਜੇ ਕੀ ਹੁੰਦੀ ਏ ਜੁਦਾਈ, ਤੇਰਾ ਵੀ ਕਦੇ ਯਾਰ ਵਿੱਛੜੇ!”
ਹੁਣ ਮੈਂ ਅਕਸਰ ਸੋਚਦਾ ਵਾਂ, ਅਸੀਂ ਜੋ ਉਜਾੜੇ ਮਗਰੋਂ ਜੰਮੇ, ਪੰਜਾਬ ਦੇ ਜਾਏ ਆਂ, ਅਸੀਂ ਬਟਵਾਰੇ ਦੀਆਂ ਛਮਕਾਂ ਨਹੀਂ ਝੱਲੀਆਂ ਫਿਰ ਸਾਡੇ ਪਿੰਡਿਆਂ ‘ਤੇ ਸੰਤਾਲ਼ੀ ਦੀਆਂ ਲਾਸਾਂ ਕਿਉਂ ਨੇ? ਕਿਉਂ ਸਾਡੇ ਸੀਨੇ ਸੱਤਰ-ਪਝੱਤਰ ਸਾਲ਼ ਪਹਿਲਾਂ ਵਿੱਛੜੇ, ਮੋਇਆਂ ਦਾ ਸੱਥਰ ਬਣ ਗਏ ਨੇ ਜਿੱਥੇ ਰੋਜ਼ ਵੈਣ ਪੈਂਦੇ ਤੇ ਦੁਹੱਥੜੀਂ ਪਿੱਟ-ਪਟੱਈਆ ਹੁੰਦਾ ਰਹਿੰਦਾ ਏ!
“ਉੱਠ ਗਏ ਗਵਾਂਢੋਂ ਯਾਰ, ਨਈਂਓਂ ਲੱਗਦਾ ਦਿਲ ਮੇਰਾ!”
ਬਲਜੀਤ ਖ਼ਾਨ ਪੁੱਤਰ ਮਾਂ ਬਸ਼ੀਰਾਂ। ਇੱਕ ਦਸੰਬਰ, ਵੀਹ ਸੌ ਬਾਈ।