ਸ਼ਿਮਲੇ ਹਨੀਮੂਨ ਤੇ ਗਿਆਂ ਲੋਰ ਵਿਚ ਆਏ ਨੇ ਇੱਕ ਦਿਨ ਵਿਆਹ ਤੋਂ ਪਹਿਲੋਂ ਦੇ ਇਸ਼ਕ ਮੁਹੱਬਤ ਦੇ ਕਿੰਨੇ ਸਾਰੇ ਕਿੱਸੇ ਸਾਂਝੇ ਕਰਨੇ ਸ਼ੁਰੂ ਕਰ ਦਿੱਤੇ..ਮੈਂ ਵੀ ਅੱਗਿਓਂ ਘੇਸ ਮਾਰ ਹੁੰਗਾਰਾ ਜਿਹਾ ਭਰੀ ਗਈ..ਇਹ ਹੋਰ ਦਲੇਰ ਹੁੰਦਾ ਗਿਆ..ਫੇਰ ਅਚਾਨਕ ਹੀ ਇੱਕ ਐਸੀ ਗੱਲ ਦੱਸ ਦਿੱਤੀ ਕੇ ਮੈਨੂੰ ਸਣੇ ਕੱਪੜਿਆਂ ਅੱਗ ਲੱਗ ਗਈ..!
ਓਸੇ ਵੇਲੇ ਟੈਕਸੀ ਕੀਤੀ ਅਤੇ ਚੰਡੀਗੜ ਆਣ ਪੁੱਜੀ..ਮਗਰੋਂ ਬੜੇ ਦਿਨ ਕਲੇਸ਼ ਪਿਆ ਰਿਹਾ..ਸਾਰੇ ਪੁੱਛਣ ਕੀ ਗੱਲ ਹੋਈ ਪਰ ਦੱਸੀ ਵੀ ਨਾ ਜਾਵੇ..ਅਖੀਰ ਕਿੰਨੀਆਂ ਮੁਆਫ਼ੀਆਂ ਸਫਾਈਆਂ ਮਗਰੋਂ ਗੱਡੀ ਲਾਈਨ ਤੇ ਆਈ..ਫੇਰ ਵੀ ਮੈਨੂੰ ਅਕਸਰ ਹੀ ਇਸ ਦੀ ਇਮਾਨਦਾਰੀ ਤੇ ਮਾਣ ਵੀ ਹੁੰਦਾ..!
ਫੇਰ ਇੱਕ ਦਿਨ ਸ਼ਾਮ ਵੇਲੇ ਸੁਖਣਾ ਝੀਲ ਦੇ ਕੰਢੇ ਬੈਠਿਆਂ ਮੈਂ ਵੀ ਲੋਰ ਵਿਚ ਆਈ ਨੇ ਆਖ ਦਿੱਤਾ ਕੇ ਮੇਰਾ ਵੀ ਇੱਕ ਅਤੀਤ ਹੁੰਦਾ ਸੀ..ਇੱਕ ਕਹਾਣੀ ਸੀ..ਤੇਰੇ ਨਾਲ ਸਾਂਝੀ ਕਰਨੀ ਚਾਹੁੰਦੀ ਹਾਂ..!
ਪਰ ਓਸੇ ਵੇਲੇ ਮੇਰੇ ਮੂੰਹ ਤੇ ਹੱਥ ਰੱਖ ਦਿੱਤਾ..ਅਖ਼ੇ ਪਹਿਲੋਂ ਜੋ ਕੁਝ ਵੀ ਸੀ ਮੈਂ ਬਿਲਕੁਲ ਵੀ ਸੁਣਨਾ ਨਹੀਂ ਚਹੁੰਦਾ..ਨਾ ਹੀ ਮੈਥੋਂ ਐਸੀ ਵੈਸੀ ਕੋਈ ਗੱਲ ਜਰੀ ਹੀ ਜਾਣੀ ਏ..ਸੋ ਕੋਈ ਲੋੜ ਨੀ ਮੈਨੂੰ ਕੁਝ ਵੀ ਦੱਸਣ ਦੀ..!
ਮੈਨੂੰ ਇਸਦੀ ਦਰਿਆ ਦਿਲੀ ਤੇ ਇੱਕ ਵੇਰ ਫੇਰ ਬੜਾ ਫਖਰ ਮਹਿਸੂਸ ਹੋਇਆ..ਕਿੰਨੀ ਵੇਰ ਸ਼ੁਕਰ ਕੀਤਾ ਕੇ ਮੈਨੂੰ ਏਦਾਂ ਦਾ ਸਾਥੀ ਦਿੱਤਾ..!
ਪਰ ਫੇਰ ਕੁਝ ਦਿਨਾਂ ਮਗਰੋਂ ਮੈਨੂੰ ਮਹਿਸੂਸ ਹੋਇਆ ਜਿੱਦਾਂ ਇਸਦੇ ਅੰਦਰੋਂ ਪ੍ਰਕਟ ਹੋ ਗਿਆ ਇੱਕ ਗੁੰਮਨਾਮ ਜਸੂਸ ਮੇਰਾ ਹਰ ਵੇਲੇ ਪਿੱਛਾ ਕਰ ਰਿਹਾ ਹੋਵੇ..ਦਫਤਰ..ਘਰ..ਬਜਾਰ..ਮਾਲ..ਫੋਨ..ਵਟਸਐਪ..ਵਿਆਹ ਮੰਗਣੇ ਅਤੇ ਹਰ ਪਰਿਵਾਰਿਕ ਮਿਲਣੀ ਤਿੱਥ ਤਿਓਹਾਰ ਤੇ..ਖਾਸ ਕਰਕੇ ਓਦੋਂ ਜਦੋਂ ਮੈਂ ਕੱਲੀ ਵਿਚਰ ਰਹੀ ਹੁੰਦੀ..!
ਮਜਬੂਰਨ ਫੇਰ ਮੈਨੂੰ ਵੀ ਆਪਣੇ ਅੰਦਰੋਂ ਇੱਕ ਜਸੂਸ ਪੈਦਾ ਕਰਨਾ ਪੈ ਗਿਆ..ਸਾਡੀ ਭਾਵੇਂ ਅਜੇ ਤੱਕ ਕੋਈ ਔਲਾਦ ਨਹੀਂ ਹੋਈ ਪਰ ਪਰਿਵਾਰਿਕ ਮੈਂਬਰ ਅਸੀਂ ਚਾਰ ਜਰੂਰ ਹੋ ਗਏ ਹਾਂ..ਅਸੀਂ ਦੋ ਅਤੇ ਸਾਡੇ ਦੋ ਜਸੂਸ..ਕਈ ਵੇਰ ਸੋਚਿਆ ਕੇ ਇਹਨਾਂ ਦੋਹਾਂ ਨੂੰ ਆਪਣੀ ਜਿੰਦਗੀ ਵਿਚੋਂ ਹਮੇਸ਼ ਲਈ ਮਨਫ਼ੀ ਕਰ ਦਿੱਤਾ ਜਾਵੇ ਪਰ ਗੱਲ ਇਸ ਬਹਿਸ ਮਗਰੋਂ ਫੇਰ ਕਿਸੇ ਸਿਰੇ ਨਹੀਂ ਲੱਗਦੀ ਕੇ ਪਹਿਲ ਕੌਣ ਕਰੇ..!
ਸੋ ਦੋਸਤੋ ਵਿਆਹੁਤਾ ਜੀਵਨ ਦਾ ਸਭ ਤੋਂ ਵੱਡਾ ਸਵਾਲ..ਐਸੇ ਮਸਲਿਆਂ ਵਿਚ ਪਹਿਲਕਦਮੀਂ ਕੌਣ ਅਤੇ ਕਿੱਦਾਂ ਕੀਤੀ ਜਾਵੇ!
ਹਰਪ੍ਰੀਤ ਸਿੰਘ ਜਵੰਦਾ