ਰੁਤਬਾ | rutba

ਗੁਰਜਾਪ ਦੀ ਧੀ ਸਿਮਰਨ ਮੈਡੀਕਲ ਦੀ ਪੜ੍ਹਾਈ ਕਰਨ ਤੋਂ ਪਿੱਛੋਂ ਵਿਦੇਸ਼ ਚਲੀ ਗਈ । ਸਿਮਰਨ ਦੀ ਭਾਵੇਂ ਆਪਣੇ ਮਨ ਦੀ ਇੱਛਾ ਇੱਥੇ ਹੀ ਡਾਕਟਰ ਬਣਨ ਦੀ ਸੀ ਪਰ ਪਿਤਾ ਦਾ ਸੁਪਨਾ ਸੀ ਕਿ ਉਸ ਦੀ ਧੀ ਵੀ ਵਿਦੇਸ਼ ਜਾਵੇ ਤਾਂ ਕਿ ਸ਼ਰੀਕੇ-ਕਬੀਲੇ ਵਿੱਚ ਓਹ ਵੀ ਆਪਣਾ ਰੁਤਬਾ ਉੱਚਾ ਕਰ ਸਕੇ । ਪਿਤਾ ਦੇ ਫੋਕੇ ਰੁਤਬੇ ਦੀ ਆੜ ‘ਚ ਸਿਮਰਨ ਦੀ ਆਪਣੀ ਇੱਛਾ ਪਤੈ ਹੀ ਨਹੀ ਕਿਧਰੇ ਦਫਨ ਹੋ ਗਈ ।
ਪੜ੍ਹਾਈ ‘ਚ ਹੁਸ਼ਿਆਰ ਹੋਣ ਕਰਕੇ ਸਿਮਰਨ ਨੇ ਬਹੁਤ ਹੀ ਜਲਦੀ ਵੀਜ਼ਾ ਪ੍ਰਾਪਤ ਕਰ ਲਿਆ ਅਤੇ ਗੁਰਜਾਪ ਨੇ ਖੁਸ਼ੀ ਦੇ ਲੱਡੂ ਸਾਰੇ ਪਾਸੇ ਵੰਡ ਦਿੱਤੇ ।
ਇਹ ਤਾਂ ਗੁਰਜਾਪ ਹੀ ਜਾਣਦਾ ਸੀ ਕਿ ਕਿਵੇਂ ਉਸ ਨੇ ਆਪਣੀ ਪੈਲ਼ੀ ਦਾ ਰੋਹੀ ਆਲ਼ਾ ਟੱਕ ਵੇਚ ਕੇ ਅਤੇ ਬੈਂਕ ਕਰਜ਼ਾ ਲੈ ਕੇ ਵੀਹ -ਪੱਚੀ ਲੱਖ ਦਾ ਇੰਤਜ਼ਾਮ ਕੀਤਾ ਸੀ ! ਪਰ ਵਿਦੇਸ਼ੀ ਨਸ਼ੇ ‘ਚ ਉਸ ਨੇ ਭੋਰਾ ਵੀ ਪ੍ਰਵਾਹ ਨਹੀਂ ਮੰਨੀ ਸੀ ।
ਅਜੇ ਸਿਮਰਨ ਨੂੰ ਵੀਹ-ਕੁ ਦਿਨ ਹੀ ਹੋਏ ਸੀ ਵਿਦੇਸ਼ੀ ਧਰਤੀ ‘ਤੇ ਪੈਰ ਪਾਏ ਨੂੰ , ਘਰ ਦੀ ਖੁਸ਼ੀ ਕੁਝ ਕੁ ਉਦਾਸੀ ‘ਚ ਬਦਲ ਰਹੀ ਸੀ ਕਿਉਂ ਜੋ ਸਿਮਰਨ ਨੂੰ ਵਿਦੇਸ਼ੀ ਲਾਈਫ ਚੰਗੀ ਨਹੀਂ ਸੀ ਲੱਗ ਰਹੀ ।
ਪਰ ਗੁਰਜਾਪ ਸੱਥ ‘ਚ ਬੈਠਾ ਅਜੇ ਵੀ ਫੋਕੀਆਂ ਫੜ੍ਹਾਂ ਮਾਰ ਰਿਹਾ ਸੀ !
ਸਿਮਰਨ ਦਾ ਫੋਨ ਆਇਆ ਕਿ ਤਾਂ ਓਹ ਕਹਿਣ ਲੱਗੀ , ” ਪਾਪਾ !! ਮੈਨੂੰ ਕੋਈ ਕੰਮ ਨਹੀਂ ਮਿਲ ਰਿਹਾ ? ਖ਼ਰਚੇ ਬਹੁਤ ਵੱਧ ਗਏ ਨੇ! ਮੈਨੂੰ ਆਪਣੇ ਘਰ ਦੇ ਹਾਲਾਤ ਵੀ ਪਤੈ ਨੇ ! ਨਹੀਂ ਤਾਂ ਇਸ ਮਹੀਨੇ ਦਾ ਖਰਚ ਮੈਂ ਤੁਸਾਂ ਤੋਂ ਹੀ ਮੰਗਵਾ ਲੈਂਦੀ !!”
ਸਿਮਰਨ ਨੇ ਇਹ ਆਖ ਕੇ ਮਨ ਭਰ ਲਿਆ ।
ਇਹ ਸੁਣ ਕੇ ਗੁਰਜਾਪ ਕਹਿਣ ਲੱਗਾ ,” ਕੋਈ ਨਾ ਪੁੱਤ ਹੌਸਲਾ ਰੱਖ ! ਮੈਂ ਕਿਸੇ ਨਾ ਕਿਸੇ ਨੂੰ ਕਹਿ ਕੇ ਹੁਣ ਲਗਵਾ ਦਿੰਦਾ ਤੈਨੂੰ ਕੰਮ ‘ਤੇ !! ਅੱਧਾ ਪੰਜਾਬ ਬੈਠਾ ਹੈਥੇ !! ”
ਗੁਰਜਾਪ ਨੇ ਪਿੰਡ ਦੇ ਨੰਬਰਦਾਰ ਦੇ ਘਰ ਧੀ ਦੇ ਕੰਮ ਦੀ ਬੇਨਤੀ ਪਾਈ । ਨੰਬਰਦਾਰ ਦੇ ਬਹੁਤੇ ਰਿਸ਼ਤੇਦਾਰ ਉਸ ਸ਼ਹਿਰ ਵਿੱਚ ਹੀ ਪੱਕੇ ਸਨ ਜਿੱਥੇ ਸਿਮਰਨ ਗਈ ਸੀ ।
ਕੁਝ ਕੁ ਦਿਨਾਂ ਮੰਗਰੋਂ ਸਿਮਰਨ ਦਾ ਮੁੜ ਫੋਨ ਆਇਆ ਤਾਂ ਓਹ ਕਹਿਣ ਲੱਗੀ ,” ਪਾਪਾ ! ਕੰਮ ਤਾਂ ਮਿਲ ਗਿਆ ਓਸ ਅੰਕਲ ਨੇ ਮੈਨੂੰ ਆਪਣੇ ਹੀ ਸਟੋਰ ‘ਤੇ ਕੰਮ ਦੇ ਦਿੱਤਾ , ਪਰ ਮੈਨੂੰ ਉਹਨਾਂ ਦਾ ਸੁਭਾਅ ਕੁਝ ਠੀਕ ਨੀਂ ਲੱਗਿਆ – ਸ਼ਾਇਦ ਓਹ ਮੇਰੇ ‘ਤੇ ਗ਼ਲਤ ਨਿਗ੍ਹਾ ” ਹੁਣ ਸਿਮਰਨ ਚੁੱਪ ਹੋ ਗਈ ।
“ਨਹੀਂ ਪੁੱਤ!! ਓਹ ਬਹੁਤ ਚੰਗੇ ਲੋਕ ਨੇ !! ਆਪਣੇ ਨੰਬਰਦਾਰ ਦੇ ਜਾਣੂ ਨੇ !! ਜੇ ਕੁਝ ਕਹਿਣ ਲੱਗੇ ਦੱਸ ਦੇਣਾ ” ਗੁਰਜਾਪ ਨੇ ਹੌਸਲਾ ਦਿੰਦਿਆਂ ਕਿਹਾ ।
ਉਸ ਤੋਂ ਬਾਅਦ ਕਈ ਦਿਨ ਤੱਕ ਸਿਮਰਨ ਨੇ ਫੋਨ ਨਹੀਂ ਕਰਿਆ ।
ਆਖਿਰ ਸਿਮਰਨ ਦਾ ਫੋਨ ਆਇਆ ਤਾਂ ਤਾਂ ਸਿਮਰਨ ਦੀ ਮਾਂ ਬੋਲੀ , ” ਓ ਹੋ ਪੁੱਤ !! ਕੁਝ ਗ਼ਲਤ ਤਾਂ ਨੀਂ ਹੋਇਆ ਤੇਰੇ ਨਾਲ ?? ਚੰਗੀ ਰਹੀ ਜਿਹੜਾ ਤੂੰ ਸਮਾਂ ਰਹਿੰਦਿਆਂ ਦੱਸ ਤਾ , ਕੋਈ ਨਾ ਤੇਰੇ ਪਾਪਾ ਨੂੰ ਹੁਣ ਈ ਭੇਜਦੀ ਆਂ ਮੈਂ ਨੰਬਰਦਾਰ ਦੇ ਘਰ ”
ਇਹ ਕਹਿ ਕੇ ਓਹ ਗੁਰਜਾਪ ਨੂੰ ਕੋਸਣ ਲੱਗੀ ਅਤੇ ਸਭ ਕੁਝ ਬਿਆਨ ਕਰ ਦਿੱਤਾ ਇਹ ਸੁਣ ਕੇ ਗੁਰਜਾਪ ਕਹਿਣ ਲੱਗਾ , ” ਕੋਈ ਨਾ ਮੈਂ ਦੇਖਦਾਂ , ਨੰਬਰਦਾਰ ਤਾਂ ਕਹਿੰਦਾ ਸੀ ਕਿ ਬਹੁਤ ਹੀ ਚੰਗੇ ਨੇ ਓਹ ਤਾਂ , ਬੱਸ ਇੱਕ ਗੱਲ ਕਹਿ ਦੇਈਂ ਸਿਮਰਨ ਨੂੰ ਜੇ ਹੁਣ ਫੋਨ ਆਇਆ ”
ਸਿਮਰਨ ਦੀ ਮਾਂ ਆਪੇ ਤੋਂ ਬਾਹਰ ਹੁੰਦਿਆਂ ਬੋਲੀ,” ਕੀ ਕਿਹਾਂ ਤੇ ਕਿਹੜੇ ਮੂੰਹ ਨਾਲ ਕਿਹਾਂ ? ਧੀ ਨੇ ਪਹਿਲੇ ਹੀ ਦਿਨ ਦੱਸ ਤਾਂ ਦਿੱਤਾ ਸੀ ਕਿ ਨਹੀਂ ਚੰਗੇ ਓਹ , ਅਜੇ ਵੀ ਵਾਹਿਗੁਰੂ ਨੇ ਸਿਰ ਹੱਥ ਰੱਖਿਆ , ਨਿਆਣੀ ਨੀਂ ਹੈ ਓਹ ਚੰਗਾ ਮਾੜਾ ਸਭ ਸਮਝਦੀ ਐ ,ਚੱਲ ਦੱਸ ਕੀ ਕਿਹਾਂ ? ”
ਇਹ ਸੁਣ ਕੇ ਗੁਰਜਾਪ ਅੱਗ ਬਬੂਲਾ ਹੋ ਗਿਆ ਅਤੇ ਕਹਿਣ ਲੱਗਾ , ” ਓਸ ਨੂੰ ਆਖੀਂ ਆਪਣੀ ਪਹਿਚਾਣ ਸਿਰਫ ਅਣਖ ਨਾਲ ਹੀ ਐ , ਡਾਲਰਾਂ , ਪੌਂਡਾਂ ਨਾਲ ਨਹੀਂ ! ਐਵੀਂ ਨਾ ਝੁਕ ਜਾਵੇ , ਅਸੀਂ ਅਣਖ ਨਾਲ ਜੀਣ ਆਲੇ ਲੋਕ ਆ ! ਬਾਕੀ ਮੈਂ ਕਰਦਾਂ ਨੰਬਰਦਾਰ ਨਾਲ ਸਵੇਰੇ ਜਾ ਕੇ ਕੁੱਤੇਖਾਣੀ ”
” ਹਾਂ ! ਸੱਚ ਇੱਕ ਗੱਲ ਲੱਗਦੇ ਹੱਥ ਹੋਰ ਆਖ ਦੇਈ , ਜੇ ਹੋਰ ਪੈਸਿਆਂ ਦੀ ਲੋੜ ਹੋਈ ਮੈਂ ਸੱਜਾ-ਖੱਬਾ ਕਰਕੇ ਭੇਜ ਦੇਊ , ਧੀ ਦੀ ਜ਼ਿੰਦਗੀ ਤੋਂ ਵੱਧ ਕੁਝ ਨਹੀਂ ਆਪਣੇ ਲਈ ”
” ਓਹ ਤਾਂ ਮੈਂ ਆਪ ਈ ਕਹਿ ਦਿੱਤਾ ਸੀ , ਨਾਲੇ ਕਹਿ ਦਿੱਤਾ ਸੀ ਕਿ ਸਿਮਰਨ ਤੇਰੇ ਮਾਪੇ ਓਹਨਾਂ ਲੋਕਾਂ ਵਰਗੇ ਨੀਂ ਜੋ ਆਪਣੀ ਧੀਆਂ ਵਿਦੇਸ਼ ਭੇਜ ਕੇ , ਮੁੜ ਹਾਲਾਤਾਂ ਦੀ ਬਾਤ ਨੀਂ ਪੁੱਛਦੇ , ਬੱਸ ਡਾਲਰ ਕਮਾਉਣ ਦੀ ਹੀ ਉਮੀਦ ਲਾ ਲੈਂਦੇ , ਧੀ ਭਾਵੇਂ ਖੂਹ ‘ਚ ਡਿੱਗ ਕੇ ਕਮਾਵੇ ਚਾਹੇ ਖਾਤੇ ‘ਚ ”
ਸਿਮਰਨ ਦੀ ਮਾਂ ਦਾ ਪਾਰਾ ਵੱਧ ਗਿਆ ਸੀ ।
” ਜੇ ਇਹ ਗੱਲ ਹੈ ਤਾਂਹੀਓ ਤਾਂ ਔਲਾਦ ਗ਼ਲਤ ਰਸਤੇ ਤੁਰ ਪੈਦੀਂ ਐ ! ਜੋ ਸਮਾਂ ਰਹਿੰਦੇ ਬੱਚਿਆਂ ਦੇ ਦਿਲ ਦੀ ਸਾਰ ਨੀਂ ਲੈਂਦੇ , ਬਾਅਦ ‘ਚ ਹੱਥ ਮਲਦੇ ਦੇਖੇ ਨੇ ” ਚੱਲ ਕੋਈ ਨਾ , ਗੇਟ ਲਾ ਲਵੋ ”
ਇਹ ਆਖ ਕੇ ਗੁਰਜਾਪ ਖੇਤ ਪਾਣੀ ਲਾਉਣ ਚਲਾ ਗਿਆ ।
ਮਾਸਟਰ ਸੁਖਵਿੰਦਰ ਦਾਨਗੜ੍ਹ
94171-80205

One comment

Leave a Reply

Your email address will not be published. Required fields are marked *