ਯੂਪੀਓਂ ਮਾਸੀ ਸੀ..ਪੂਰਨਪੁਰ ਲਾਗੇ ਪਿੰਡ..ਮਾਸੜ ਪਹਿਲੋਂ ਹੀ ਪੂਰਾ ਹੋ ਗਿਆ..ਔਲਾਦ ਵੀ ਕੋਈ ਨਹੀਂ ਤਾਂ ਵੀ ਹਮੇਸ਼ ਹੱਸਦੀ ਖੇਡਦੀ ਰਹਿੰਦੀ..ਵਿਆਹਾਂ ਮੰਗਣਿਆਂ ਤੇ ਸਾਰਾ ਮੇਲ ਅੱਡੀਆਂ ਚੁੱਕ ਚੁੱਕ ਉਡੀਕਦਾ ਰਹਿੰਦਾ..ਘੜੀ ਘੜੀ ਪੁੱਛਣਾ..ਬਚਨ ਕੌਰ ਅਜੇ ਅੱਪੜੀ ਕੇ ਨਹੀਂ..ਇੱਕ ਸਿਫਤ ਸੀ..ਖੁਸ਼ੀ ਦੇ ਮਾਹੌਲ ਵਿਚ ਉਦਾਸ ਚੇਹਰੇ ਖੂੰਝਿਆਂ ਚੋਂ ਕੱਢ ਕੱਢ ਬਾਹਰ ਲਿਆਉਣੇ..ਪੈਂਦੇ ਗਿੱਧੇ ਭੰਗੜਿਆਂ ਦੀ ਭੀੜ ਵਿਚ ਧੱਕ ਧੱਕ ਅੱਗੇ ਕਰਨੇ..ਪਾਓ ਬੋਲੀਆਂ ਭੰਗੜੇ..ਫੇਰ ਨਜਰਅੰਦਾਜ ਹੋਏ ਹਮਾਤੜ ਝੱਟ ਪੱਟ ਪੈਰਾਂ ਸਿਰ ਹੋ ਜਾਇਆ ਕਰਦੇ.. ਫੇਰ ਇੱਕ ਦਿਨ ਉਹ ਮੁੱਕ ਗਈ..ਸਾਰਾ ਕੁਝ ਹੀ ਖਿੱਲਰ ਪੁੱਲਰ ਗਿਆ..!
ਸੰਘਰਸ਼ ਵੇਲੇ ਦਾ ਇੱਕ ਸਿੰਘ੍ਹ..ਨਾਲਦੇ ਦੱਸਦੇ ਕੇ ਸਾਨੂੰ ਪੁੱਛੇ ਦੱਸੇ ਬਗੈਰ ਹੀ ਸਾਡੀ ਰਿਸ਼ਤੇਦਾਰੀ ਵੱਲ ਹੋ ਅਉਣਾ..ਲਾਗੇ ਕਿਸੇ ਸਿੰਘ ਦੀ ਭੈਣ ਵਿਆਹੀ ਸੀ..ਉਹ ਆਪ ਮਹੀਨਾ ਕੂ ਪਹਿਲੋਂ ਸ਼ਹੀਦ ਹੋ ਗਿਆ ਸੀ..ਸਹੁਰੇ ਕਿਸੇ ਗੱਲੋਂ ਔਖੇ ਭਾਰੇ ਕਰਦੇ ਹੀ ਰਹਿੰਦੇ..ਪਤਾ ਲੱਗਾ ਤਾਂ ਇਕ ਦਿਨ ਨਿਹੱਥਾ ਹੀ ਚਲਾ ਗਿਆ..ਮੰਜੇ ਤੇ ਬੈਠੇ ਸੱਸ ਸਹੁਰੇ ਕੋਲ ਭੁੰਝੇ ਹੀ ਬੈਠ ਗਿਆ..ਆਖਣ ਲੱਗਾ ਮੈਨੂੰ ਬਖਸ਼ੀਸ਼ ਹੀ ਸਮਝੋ..ਅੱਗੇ ਤੋਂ ਕੋਈ ਉੱਨੀ ਇੱਕੀ ਹੋ ਜਾਵੇ ਤਾਂ ਸੁਨੇਹਾਂ ਘੱਲ ਦਿਆ ਕਰੋ ਪਰ ਇਸਨੂੰ ਕੁਝ ਨੀ ਆਖਣਾ..ਬੜੀ ਸ਼ਿੰਦੀ ਰੱਖੀ ਸੀ ਸ਼ੀਸ਼ੇ ਵੀਰ ਨੇ..ਕੰਧਾੜੇ ਚੱਕ ਚੱਕ ਖਿਡਾਇਆ..!
ਫੇਰ ਥੋੜ ਚਿਰੀ ਦਾ ਅੰਤ ਆ ਗਿਆ..ਇੰਝ ਹੀ ਕਿਧਰੇ ਖੈਰ ਸੂਰਤ ਲੈਣ ਗਏ ਦੀ ਮੁਖਬਰੀ ਹੋ ਗਈ ਤੇ ਬੱਸ..ਸ਼ੀਸ਼ੇ ਦੀ ਭੈਣ ਬੁਰੀ ਤਰਾਂ ਟੁੱਟ ਗਈ..ਸ਼ਾਇਦ ਸੋਚਦੀ ਸੀ ਕੇ ਔਖੇ ਭਾਰੇ ਵੇਲੇ ਹੁਣ ਹਾਕ ਕਿਸਨੂੰ ਮਾਰਿਆ ਕਰਾਂਗੀ..!
ਸੋ ਦੋਸਤੋ ਕਿਸੇ ਢਹਿੰਦੀ ਕਲਾ ਵਾਲੇ ਨੂੰ ਚੜ੍ਹਦੀ ਕਲਾ ਵੱਲ ਲੈ ਜਾਣਾ ਵੀ ਇੱਕ ਵੱਡੀ ਸੇਵਾ..ਜਿਹੜੀ ਅੱਜ ਕੱਲ ਬਹੁਤੀਆਂ ਜੀਵਨ ਸ਼ੈਲੀਆਂ ਵਿਚੋਂ ਮਨਫ਼ੀ ਹੁੰਦੀ ਜਾਂਦੀ ਏ!
ਹਰਪ੍ਰੀਤ ਸਿੰਘ ਜਵੰਦਾ