ਜਦ ਛੋਟੇ ਹੁੰਦੇ ਸੀ ਆਪਣੇ ਬਾਪ ਨੂੰ ਇਹਨਾਂ ਦਿਨਾਂ ਵਿੱਚ ਇਹੋ ਕਹਿੰਦੇ ਸੁਣਨਾ ਬੜੀ ਮਹਿੰਗੀ ਪਈ ਆਜ਼ਾਦੀ ! ਸੋਚਣਾ ਪਤਾ ਨਹੀਂ ਕਿਉਂ ਏਵੇਂ ਆਖਦੇ ਨੇ । ਸਕੂਲ ਗਏ ਤਾਂ ਆਜ਼ਾਦੀ ਦਿਹਾੜਾ ਦੇਸ਼ ਭਗਤੀ ਦੇ ਗੀਤ ਗਾਉਣ , ਭੰਗੜੇ ਪਾਉਣ , ਪਰੇਡ ਦੇਖਣ , ਲੱਡੂ ਖਾਣ ਦਾ ਨਾਮ ਬਣ ਗਿਆ । ਵੰਡ ਅਸੀਂ ਨਹੀਂ ਸੀ ਵੇਖੀ , ਵੈਸੇ ਵੀ ਅਸੀਂ ਪਾਕਿਸਤਾਨੋਂ ਉੱਜੜ ਕੇ ਨਹੀਂ ਆਏ ਸਾਂ । ਵਰਸੀਨ ਕਹਿੰਦੇ ਸ਼ਾਇਦ ਏਧਰਲਿਆਂ ਨੂੰ ਤੇ ਉਧਰੋਂ ਆਇਆਂ ਨੂੰ ਪਨਾਹੀਏ । ਇਹ ਗੱਲ ਮੈਨੂੰ ਆਪਣੇ ਵਿਆਹ ਤੋਂ ਬਾਅਦ ਪਤਾ ਲੱਗੀ ਜੋ ਮੇਰੇ ਲਈ ਬਹੁਤ ਨਵੀਂ ਸੀ। ਸਿਆਲਕੋਟੀਆਂ ਦੇ ਬਾਜਵਾ ਪਰਿਵਾਰ ਵਿਚ ਜਦ ਮੈਂ ਨਵੀ ਨਵੀਂ ਆਈ ਤਾਂ ਮੇਰੀ ਦਾਦੀ ਸੱਸ ( ਮਾਤਾ ਜੀ) ਦਾ ਪਹਿਲਾ ਸਵਾਲ ਸੀ ਧੀਏ ਉਧਰੋਂ ਕਿਹੜਾ ਪਿੰਡ ਸੀ? ਮੈਂ ਕਿਹਾ ਜੀ ਮੇਰਾ ਪਿੰਡ ਤਰਸਿੱਕਾ ਅੰਬਰਸਰ ਜ਼ਿਲੇ ਵਿੱਚ ਹੈ । ਮੈਂ ਹੈਰਾਨ ਸਾਂ ਏਹਨਾਂ ਨੂੰ ਮੇਰਾ ਪਿੰਡ ਨਹੀਂ ਪਤਾ। ਫਿਰ ਸੋਚਿਆ ਬਜ਼ੁਰਗਾਂ ਨੂੰ ਨਹੀਂ ਯਾਦ ਰਿਹਾ ਹੋਣਾ। ਕਹਿੰਦੇ ਨਹੀਂ ਸਰਹੱਦੋਂ ਪਾਰ? ਮੈਂ ਹੋਰ ਹੈਰਾਨ ! ਮੈਂ ਕਿਹਾ ਸਾਡਾ ਤਾਂ ਵੱਡੇ ਵਡੇਰਿਆਂ ਦਾ ਇਹੀ ਪਿੰਡ ਟਿਕਾਣਾ । ਮਾਤਾ ਜੀ ( ਸੂਬੇਦਾਰਨੀ )ਕਹਿੰਦੇ ਹਾਏ ! ਤੁਸੀਂ ਵਰਸੀਨ ਹੋ? ਮੈਂ ਚੁੱਪ …ਕੀ ਕਹਿੰਦੀ ਮੈਨੂੰ ਪਤਾ ਨਹੀਂ ਸੀ ਉਹ ਕੀ ਕਹਿ ਰਹੇ ਸੀ? ਲਓ ਜੀ ਘਰ ਵਿਚ ਰੌਲਾ ਪੈ ਗਿਆ ਪੇਸ਼ੀ ਹੋ ਗਈ ਮਾਤਾ ਜੀ ਕੋਲ । ਕਹਿੰਦੇ ਤੁਸੀਂ ਪਹਿਲਾਂ ਪਤਾ ਨਹੀਂ ਕੀਤਾ ਕੁੜੀ ਪਨਾਹੀਆਂ ਦੇ ਟੱਬਰ ਦੀ ਨਹੀਂ । ਅਸੀਂ ਤਾਂ ਵਰਸੀਨਾਂ ਵਿੱਚ ਵਿਆਹ ਨਹੀਂ ਕਰਦੇ । ਮੈਨੂੰ ਤਾਂ ਸਮਝ ਨਾ ਆਵੇ ਹੋ ਕੀ ਗਿਆ ਮੇਰੇ ਨਾਲ ਪਰ ਸਾਡੇ ਪਾਪਾ ਜੀ ਬਹੁਤ ਸਿਆਣੇ ਸਨ ਕਿਉਂ ਜੋ ਉਹਨਾਂ ਹੀ ਪਸੰਦ ਕੀਤਾ ਸੀ ਮੈਨੂੰ ਆਪਣੇ ਪੁੱਤਰ ਲਈ । ਕਹਿੰਦੇ ਮਾਤਾ ਜਿਹੋ ਜਿਹੀ ਕੁੜੀ ਤੇਰਾ ਪੋਤਰਾ ਮੰਗਦਾ ਸੀ ਉਹ ਇਹੋ ਹੀ ਹੈ , ਹੁਣ ਕੋਈ ਨਹੀਂ ਦੇਖਦਾ ਇਹ ਗੱਲ ਪਨਾਹੀਏ ਕੇ ਵਰਸੀਨ। ਕਿੰਨੇ ਦਿਨ ਲੱਗ ਗਏ ਮਾਤਾ ਜੀ ਨੂੰ ਸਮਝਾਉਣ ਲਈ। ਥੋੜੇ ਸਮੇਂ ਵਿੱਚ ਏਨਾ ਪਿਆਰ ਪੈ ਗਿਆ ਮਾਤਾ ਜੀ ਨਾਲ ਕੇ ਜਦ ਅਸੀਂ ਡਿਊਟੀ ਲਈ ਬਾਹਰ ਰਹਿਣਾ ਉਹਨਾਂ ਸ਼ਨੀਵਾਰ ਬਰੂਹਾਂ ਤੇ ਰਹਿਣਾ ਕੇ ਅੱਜ ਮੇਰੀ ਧੀ ਰਾਣੀ ਨੇ ਆਉਣਾ । ਮੈਂ ਆਪਣੇ ਦਾਦੀ ਜੀ ਨੂੰ ਨਹੀਂ ਦੇਖਿਆ ਸੀ,ਪਰ ਮਾਤਾ ਜੀ ਤੋਂ ਬਹੁਤ ਪਿਆਰ ਲਿਆ।ਜੇ ਚਿਰ ਬਾਅਦ ਆਉਣ ਦਾ ਗਿਲਾ ਕਰਨਾ ਮੈਂ ਕਹਿਣਾ , ਕੀ ਗੱਲ ਦਿਲ ਬੜਾ ਉਦਰਦਾ ਤੁਹਾਡਾ ਵਰਸੀਨਾਂ ਦੀ ਕੁੜੀ ਬਿਨਾਂ ? ਮੈਨੂੰ ਘੁੱਟ ਆਪਣੇ ਨਾਲ ਲਾਉਣਾ ਤੇ ਬੱਸ ਹੱਸ ਪੈਣਾ । ਮੂੰਹ ਵਿਚ ਦੰਦ ਨਹੀਂ ਸਨ ਪਰ ਬਹੁਤ ਸੋਹਣੀ ਲੱਗਦੀ ਸੀ ਮਾਤਾ ਮੈਨੂੰ ।
ਫਿਰ ਕਿੰਨਾ ਕਿੰਨਾ ਚਿਰ ਉਹਨਾਂ ਕੋਲ ਬੈਠ ਉਹਨਾਂ ਦੀਆਂ ਹੱਡਬੀਤੀਆਂ ਸੁਣਨੀਆਂ ਕਿਵੇਂ ਉੱਜੜੇ , ਕਿੱਥੇ ਆਏ, ਕਿਵੇਂ ਉੱਚੇ ਮਹਿਲਾਂ ਵਾਲੇ ਝੁੱਗੀਆਂ ਵਾਲੇ ਹੋਏ , ਖੁੱਲੀਆਂ ਜਗੀਰਾਂ ਵਾਲੇ ਦਰ ਦਰ ਭਟਕੇ ।ਸਮਝ ਆ ਗਈ ਕਿੰਨੀਆਂ ਵੱਡੀਆਂ ਕੀਮਤਾਂ ਅਦਾ ਕੀਤੀਆਂ ਇਸ ਆਜ਼ਾਦੀ ਲਈ! ਪਤਾ ਲੱਗਾ ਕਿਵੇਂ ਪਿੰਡੇ ਹੰਢਾਇਆ ਸਭ ਕੱਲੀ ਮਾਤਾ ਨੇ ਦੋ ਛੋਟੇ ਬੱਚੇ ਲੈਕੇ ਜੋ ਉਹਦੇ ਢਿੱਡੋਂ ਨਹੀਂ ਸਨ ਜਾਏ । ਭਰ ਜਵਾਨੀ ਰੰਡੇਪਾ ਕੱਟਿਆ ਉਹਨਾਂ ਜਵਾਕਾਂ ਦੇ ਸਿਰ ਜੋ ਪਤੀ ਦੇ ਪਹਿਲੇ ਵਿਆਹ ਦੇ ਸਨ । ਸਿਰਫ ਢਾਈ ਸਾਲ ਸੁਹਾਗਣ ਰਹੀ । ਸਾਰੀ ਉਮਰ ਚਿੱਟਾ ਰੰਗ ਪਾ ਕੇ ਹੱਥ ਵਿੱਚ ਡਾਂਗ ਲੈ ਕੇ ਆਪਣੇ ਧੀ ਪੁੱਤਰ ਲਈ ਕਮਾਈਆਂ ਕੀਤੀਆਂ ।ਵੰਡ ਵੇਲੇ ਦੇ ਜਖ਼ਮ ਸਦਾ ਨਾਸੂਰ ਬਣੇ ਰਹੇ ! ਪਾਕਿਸਤਾਨ ਦਾ ਬੰਨ ਬਾਜਵਾ ਨਹੀਂ ਸੀ ਭੁੱਲਦਾ !
ਕੋਰੀ ਅਨਪੜ੍ਹ , ਕਦੇ ਬਾਣੀ ਪੜ੍ਹਦਿਆਂ ਜਾਂ ਗੁਰੂਘਰ ਜਾਂਦਿਆਂ ਨਹੀਂ ਦੇਖਿਆ ਬੱਸ ਹਰ ਵੇਲੇ ਧੰਨ ਨਾਨਕ ! ਬਖ਼ਸ਼ ਲਵੀਂ!
ਕਦੇ ਕਿਸੇ ਤੇ ਬੋਝ ਨਹੀਂ ਬਣੇ । ਆਖਰੀ ਦਸ ਕੁ ਦਿਨ ਮੰਜੇ ਤੇ ਰਹੇ ਤੇ ਅਖੀਰੀ ਮੇਰੇ ਕੋਲੋਂ ਰਹਿਰਾਸ ਸਾਹਿਬ ਦਾ ਪਾਠ ਸੁਣ ਕੇ ਸਦਾ ਲਈ ਤੁਰ ਗਈ ਸਾਡੀ ਮਾਤਾ ।
ਨਵਜੋਤ ਕੌਰ ਬਾਜਵਾ
ਬਟਾਲਾ