ਸਕੂਲ ਸਮੇਂ ਦੀ ਘਟਨਾ ਪਰ ਹੁਣ ਹਾਸਾ ਠੱਠਾ:-
ਮੇਰਾ ਕਜਨ( ਭੂਆ ਦਾ ਮੁੰਡਾ) ਮੈਥੋਂ ਤਿੰਨ ਕੁ ਸਾਲ ਵੱਡਾ ਹੈ, ਅਸੀਂ ਦੋਵਾਂ ਨੇ ਅੱਠਵੀ ਤੋਂ ਦਸਵੀਂ ਇਕੱਠਿਆਂ ਨੇ ਮੇਰੇ ਪਿੰਡ ਦੇ ਸਕੂਲ ਤੋਂ ਕੀਤੀ। ਪੜ੍ਹਾਈ ਵਿੱਚ ਉਸਦਾ ਹੱਥ ਥੋੜਾ ਤੰਗ ਸੀ ਤੇ ਮੈਂ ਕੁਝ ਠੀਕ-ਠਾਕ ਸੀ ਸ਼ਾਇਦ ਇਹੀ ਸੋਚ ਸੀ ਕਿ ਉਸਨੂੰ ਮੇਰੇ ਹੀ ਸਕੂਲ ਵਿੱਚ ਪਾਇਆ ਗਿਆ ਸੀ।
ਇਕ ਕਿਸਾ ਉਸ ਸਮੇਂ ਦਾ ਸਾਂਝਾ ਕਰਦਾ ਹਾਂ।
ਸ਼ਾਇਦ ਨੌਵੀ ਕਲਾਸ ਵਿੱਚ ਸਾਡਾ ਅੰਗਰੇਜੀ ਦਾ ਪੇਪਰ ਸੀ, ਖੁੱਲੇ ਮੈਦਾਨ ਵਿੱਚ ਬਹੁਤ ਦੂਰ ਦੂਰ ਕਰਕੇ ਅਸੀ ਬੈਠੇ ਸੀ। ਅੱਧੇ ਤੋ ਜਿਆਦਾ ਸਮਾਂ ਹੋ ਗਿਆ ਸੀ ਇਕ ਮੁੰਡਾ ਜੋ ਮੇਰੇ ਇਸ ਵੀਰ (ਕਜਨ) ਦਾ ਦੋਸਤ ਸੀ, ਪਾਣੀ ਪੀਣ ਦੇ ਬਹਾਨੇ ਮੇਰੇ ਕੋਲੋ ਲੰਘ ਕੇ ਜਾਂਦੇ ਨੇ ਕਿਹਾ ਕਿ ‘ਖਾਲੀ ਸਥਾਨ ਭਰਨ’ ਵਾਲੇ ਸਵਾਲ ਤੇ ਨਿਸ਼ਾਨੀਆਂ ਲਾ ਦੇ। ਵਾਪਸ ਜਾਂਦੇ ਹੋਏ ਉਹ ਮੇਰੇ ਕੋਲੋ ਪੇਪਰ ਲੈ ਜਾਵੇਗਾ। ਮੈ ਉਸ ਸਮੇ ਤੱਕ ਅਪਣਾ ਪੇਪਰ ਲਗਭਗ ਖਤਮ ਕਰ ਚੁੱਕਿਆ ਸੀ।
ਕੁਲ ਪੰਜ ਖਾਲੀ ਥਾਵਾਂ ਸਨ ਅਤੇ ਉਨਾਂ ਦੇ ਪੰਜ ਉਤਰ ਵੀ ਦਿੱਤੇ ਸਨ ਜਿਨਾ ਵਿੱਚੋਂ ਸਹੀ ਚੁਣਨੇ ਸਨ। ਪੰਜਾਂ ਵਿਚੋਂ ਤਿੰਨ ਸਹੀ ਹੋਣ ਬਾਰੇ ਮੈਨੂੰ ਪਤਾ ਸੀ ਅਤੇ ਦੋ ਤੇ ਭਰੋਸਾ ਨਹੀ ਸੀ ਕਿ ਜੋ ਮੈ ਲਿਖੇ ਉਹ ਠੀਕ ਹਨ ਜਾਂ ਗਲਤ। ਇਸ ਲਈ ਮੈ ਜੋ ਨਿਸ਼ਾਨੀਆਂ ਲਾਈਆਂ ਉਸ ਵਿੱਚ ਉਹ ਦੋ ਅਪਣੇ ਨਾਲੋਂ ਉਲਟੇ ਲਗਾ ਦਿੱਤੇ ਤਾਂ ਕਿ ਕਿਸੇ ਦੇ ਤਾਂ ਸਾਰੇ ਸਹੀ ਹੋਣਗੇ।
ਜਦੋਂ ਪੇਪਰ ਕੁਝ ਦਿਨਾਂ ਬਾਅਦ ਚੈਕ ਹੋ ਕੇ ਮਿਲੇ ਤਾਂ ਮੇਰੇ ਉਸ ਸਵਾਲ ਵਿੱਚ ਤਿੰਨ ਠੀਕ ਨਿਕਲੇ, ਸਾਡੇ ਮਨੀਟਰ ਦੇ ਵੀ ਤਿੰਨ ਹੀ ਠੀਕ ਸਨ ਪਰ ਮੇਰੇ ਵੀਰ ਅਤੇ ਉਸਦੇ ਦੋਸਤ ਦੇ ਪੰਜ ਪੰਜ ਠੀਕ ਨਿਕਲੇ।
ਜਿਵੇਂ ਕਹਿੰਦੇ ਹੁੰਦੇ ਕਿ ਔਡੀਟਰ ਦੀ ਕਲਮ ਬਿਨਾਂ ਦੇਖੇ ਸਹੀ ਮਾਰਦੀ ਰਹਿੰਦੀ ਹੈ ਪਰ ਜਿੱਥੇ ਰੁਕ ਗਈ ਸਮਝੋ ਉੱਥੇ ਗਲਤੀ ਹੈ। ਅੰਗਰੇਜੀ ਦੀ ਅਧਿਆਪਕਾ ਨੇ ਪੇਪਰ ਦੇਖੇ ਸਨ ਪਰ ਸਾਡੇ ਹੈਡ ਮਾਸਟਰ ਸਾਹਿਬ ਜੋ ਅੰਗਰੇਜੀ ਦੀ ਕਲਾਸ ਕਦੇ ਕਦੇ ਲੈਂਦੇ ਸਨ ਅਤੇ ਉਸ ਸਵਾਲ ਤੇ ਉਨਾਂ ਦੀ ਨਿਗਾਹ ਪੈ ਗਈ ਕਿ ਇਹ ਕਿਵੇਂ ਹੋਇਆ ਕਿ ਦੋ ਨਲਾਇਕ ਜਿਹੇ ਪੰਜ ਪੰਜ ਠੀਕ ਕਰ ਗਏ ਅਤੇ ਦੂਜੇ ਕੋਈ ਤਿੰਨ ਤੋਂ ਚੌਥੇ ਤਕ ਨਹੀ ਪਹੁੰਚੇ। ਉਨਾਂ ਨੇ ਬਹੁਤ ਪੁਛਿਆ ਕਿ ਇਹ ਕਿਵੇਂ ਹੋਇਆ ਪਰ ਦੋਨਾਂ ਨੇ ਕੁੱਝ ਨਹੀ ਦਸਿਆ, ਫਿਰ ਉਸ ਸਮੇ ਕੁਟਾਪਾ ਚਾੜ੍ਹਿਆ ਜਾਂਦਾ ਸੀ, ਦੋਨਾਂ ਦੇ ਵਜੰਤਰ ਚੜਿਆ ਪਰ ਉਹ ਕੁੱਝ ਬੋਲੇ ਨਹੀ। ਕਹਿੰਦੇ ਜੀ ਤੁਕਾ ਮਾਰਿਆ ਸੀ। ਪਰ ਮੈਂ ਬਹੁਤ ਡਰਿਆ ਉਸ ਸਮੇ ਕਿ ਜੇ ਮੇਰਾ ਨਾਮ ਆ ਗਿਆ ਫਿਰ ਕੀ ਬਣੂ, ਹੁਣ ਤਾਂ ਬੇਸ਼ੱਕ ਮਜਾਕ ਜਾਂ ਹਾਸਾ ਲੱਗਦਾ ਹੈ।
ਮਨਜੀਤ ਸਿੰਘ ਅਜਨੋਹਾ