ਦੋ ਫ਼ਿਲਮਾਂ ਦੀ ਚਰਚਾ ਏ..ਪਹਿਲੀ ਗਦਰ ਇੱਕ ਪ੍ਰੇਮ ਕਥਾ..ਪ੍ਰੇਮ ਕਥਾ ਤਾਂ ਨਹੀਂ ਨਫਰਤ ਦਾ ਬਿਰਤਾਂਤ ਆਖਣਾ ਜਿਆਦਾ ਢੁਕਵਾਂ..!
ਪ੍ਰਮੁੱਖ ਮੀਡਿਆ ਚੈਨਲ ਅਮਲਾ ਫੈਲਾ ਸਰਕਾਰੀ ਮਸ਼ੀਨਰੀ ਪ੍ਰਸ਼ਾਸ਼ਨ ਪੱਬਾਂ ਭਾਰ..ਹੁੱਬ-ਹੁੱਬ ਪ੍ਰਚਾਰ ਕੀਤਾ ਜਾ ਰਿਹਾ ਕੇ ਏਨੀ ਵਧੀਆ ਫਿਲਮ ਸ਼ਾਇਦ ਹੀ ਪਹਿਲੋਂ ਕਦੇ ਬਣੀ ਹੋਵੇ..!
ਸ਼ੂਟਿੰਗ ਵੇਲੇ ਅਸਲੀ ਫੌਜੀ ਸਿਪਾਹੀ ਅਸਲੀ ਟੈਂਕ ਬੰਦੂਕਾਂ ਲੋਕੇਸ਼ਨਾਂ ਬੰਬ ਮਸ਼ੀਨਰੀ ਅਤੇ ਪੁਲ ਇਮਾਰਤਾਂ..ਸਭ ਕੁਝ ਸਰਕਾਰੀ ਖਰਚੇ ਤੇ!
ਪੂਰੀ ਹੋਣ ਤੇ ਪ੍ਰਮੋਸ਼ਨ ਲਈ ਚੁਣੀ ਗਈ ਵਾਹਗੇ ਦੀ ਸਰਹੱਦ..ਓਹੀ ਸਰਹੱਦ ਜਿਥੇ ਹਰ ਸ਼ਾਮ ਦੋਵੇਂ ਪਾਸਿਓਂ ਹੁੰਦੀਆਂ ਅਜੀਬੋ ਗਰੀਬ ਹਰਕਤਾਂ ਵੇਖ ਯੂਰੋਪੀਅਨ ਯੂਨੀਅਨ ਦੀ ਇੱਕ ਫਰਾਂਸੀਸੀ ਔਰਤ ਆਖ ਉੱਠੀ ਸੀ ਕੇ ਨਫਰਤ ਦੀ ਇਹ ਖੁੱਲੀ ਨੁਮਾਇਸ਼ ਸਦੀਵੀਂ ਬੰਦ ਹੋਣੀ ਚਾਹੀਦੀ..ਸਾਡੇ ਮੁਲਖਾਂ ਦੀਆਂ ਹੱਦਾਂ ਵੀ ਲੱਗਦੀਆਂ ਹੋਰਨਾਂ ਮੁਲਖਾਂ ਨਾਲ ਪਰ ਏਦਾਂ ਦਾ ਪਾਗਲਪਣ ਕਦੇ ਵੇਖਣ ਸੁਣਨ ਨੂੰ ਨਹੀਂ ਮਿਲਿਆ..ਲੱਗਦਾ ਹੁਣੇ ਹੀ ਲੜ ਪੈਣਗੇ..!
ਕਈ ਵੇਰ ਤੇ ਲੱਗਦਾ ਇਹ ਸਭ ਦੋਵੇਂ ਪਾਸਿਓਂ ਮਿਥ ਕੇ ਕੀਤਾ ਜਾਂਦਾ..ਦੁਪਾਸੀ ਅੱਗ ਹਮੇਸ਼ ਧੁਖਦੀ ਰੱਖਣ ਖਾਤਿਰ..ਇਸੇ ਦੇ ਸਿਰ ਤੇ ਹੀ ਤਾਂ ਦੋ-ਪਾਸੜ ਸਿਆਸਤੀ ਰੌਣਕਾਂ ਸਦੀਵੀਂ ਭਖਦੀਆਂ ਰਹਿਣੀਆਂ!
ਲਹਿੰਦੇ ਪਾਸੇ ਵਾਲਿਆਂ ਨਾਲ ਗੁਜਰਾਤ ਰਾਜਿਸਥਾਨ ਕਸ਼ਮੀਰ ਦੀਆਂ ਸਰਹੱਦਾਂ ਵੀ ਲੱਗਦੀਆਂ ਪਰ ਦੇਸ਼ ਭਗਤੀ ਦੀ ਇਹ ਭੱਦੀ ਨੁਮਾਇਸ਼ ਲਈ ਵਾਹਗਾ ਹੀ ਕਿਓਂ?
ਇਹ ਤਮਾਸ਼ਾ ਵਿਖਾਉਣ ਦੂਰੋਂ-ਦੂਰੋਂ ਲੋਕ ਸੱਦੇ ਜਾਂਦੇ..ਉਹ ਭੜਕੀਲੇ ਇਸ਼ਾਰੇ ਕਰਦੇ..ਆਵਾਜੇ ਕੱਸਦੇ..ਫੇਰ ਤਾੜੀਆਂ ਨਾਹਰਿਆਂ ਮਗਰੋਂ ਦੇਸ਼ ਭਗਤੀ ਦਾ ਇੱਕ ਵੱਡਾ ਦਰਿਆ ਵਹਿ ਤੁਰਦਾ..ਅੱਧੇ ਪੌਣੇ ਘੰਟੇ ਦੇ ਵਕਤੀ ਹੋ ਹੱਲੇ ਮਗਰੋਂ ਵੱਡੀ ਭੀੜ ਗੱਡੀਆਂ ਜਹਾਜਾਂ ਤੇ ਚੜ ਆਪੋ ਆਪਣੇ ਘਰਾਂ ਨੂੰ ਤੇ ਮਗਰ ਰਹਿ ਜਾਂਦੀ ਨਫਰਤ ਦੀ ਇੱਕ ਡੂੰਘੀ ਪੈੜ ਅਤੇ ਚਿਪਸ ਖਾ ਕੇ ਸੁੱਟੇ ਗਏ ਖਾਲੀ ਲਫਾਫੇ..!
ਸੰਘ ਪਾੜੂ ਸੰਵਾਦ..ਨਫਰਤ ਵੰਡਦੀ ਸਟੋਰੀ ਲਾਈਨ..ਸੈਂਸਰ ਦੀ ਮਨਜ਼ੂਰੀ ਵੀ ਏਡੀ ਛੇਤੀ..ਕੋਈ ਇਤਰਾਜ ਪਾਬੰਦੀ ਨਹੀਂ..ਨਫਰਤ ਗੁੱਸੇ ਅਤੇ ਤਣਾਓ ਦੀ ਇਹ ਭੱਠੀ ਓਦੋਂ ਤੀਕਰ ਬਲਦੀ ਰੱਖੀ ਜਾਵੇਗੀ ਜਦੋਂ ਤੀਕਰ ਆਪਸੀ ਵਿਓਪਾਰ ਕਾਰੋਬਾਰ ਦੀ ਚੱਕੀ ਸਾਡੇ ਮੁਤਾਬਿਕ ਨਹੀਂ ਘੁੰਮਦੀ..!
ਅਖੀਰ ਵਕਤ ਦੇ ਚੱਕਰ ਤੋਂ ਅਣਜਾਣ ਸਾਰੇ ਪ੍ਰਾਣੀਆਂ ਲਈ ਇੱਕ ਗੱਲ..”ਤੁੰਮ ਕਹੀਂ ਵਕਤ ਕੀ ਬਾਤੋਂ ਮੇਂ ਨਾ ਆ ਜਾਨਾ..ਯੇ ਕਭੀ ਹਮਸੇ ਭੀ ਕਹਾ ਕਰਤਾ ਥਾ ਕੇ ਮੈਂ ਤੇਰਾ ਹੂੰ..!
ਦੂਜੇ ਪਾਸੇ ਭਾਈ ਖਾਲੜਾ ਤੇ ਬਣ ਰਹੀ ਫਿਲਮ..ਪੈਰ ਪੈਰ ਤੇ ਕੈਂਚੀ..ਕੱਟ..ਇਤਰਾਜ..ਓਬਜੈਕਸ਼ਨ..!
ਇੱਕ ਐਸੀ ਕਹਾਣੀ ਜਿਹੜੀ ਅੰਨ੍ਹੇ ਤਸ਼ੱਦਤ ਤੋਂ ਸ਼ੁਰੂ ਹੋ ਕੇ ਸ਼ਮਸ਼ਾਨ ਘਾਟਾਂ ਹਰੀਕੇ ਅਤੇ ਹੋਰ ਨਹਿਰਾਂ ਤੇ ਜਾ ਕੇ ਵੀ ਨਹੀਂ ਮੁੱਕਦੀ..ਇਨਾਮਾਂ ਪ੍ਰੋਮੋਸ਼ਨਾਂ ਦੀ ਦੌੜ ਖਾਤਿਰ ਭਾਰੂ ਹੋ ਗਈ ਕਸਾਈ ਬਿਰਤੀ..ਇੱਕ ਐਸੇ ਦੀਪਕ ਦੀ ਗੱਲ ਜਿਸਨੂੰ ਹਨੇਰੇ ਨੇ ਕਦੇ ਮੇਹਣਾ ਮਾਰਿਆ ਸੀ ਕੇ ਜਦੋਂ ਮੇਰਾ ਪੂਰਾ ਜ਼ੋਰ ਪੈ ਗਿਆ ਓਦੋਂ ਤੇਰਾ ਹੋਂਸਲਾ ਅਤੇ ਤਾਕਤ ਪਰਖਾਂਗਾ..ਪੂਰੇ ਮੁਲਖ ਵਿਚ ਇੰਝ ਦਰਸਾਇਆ ਜਾ ਰਿਹਾ ਜਿੱਦਾਂ ਕਿਸੇ ਖੂੰਖਾਰ ਦਹਿਸ਼ਤਗਰਦ ਤੇ ਬਣ ਰਹੀ ਹੋਵੇ..!
ਖੈਰ ਦੂਰ ਕਿਧਰੇ ਡੁੱਬਦੇ ਸੂਰਜ ਵੱਲ ਵੇਖਦਾ ਹੋਇਆ ਏਨੀ ਗੱਲ ਤਾਂ ਜਰੂਰ ਆਖ ਰਿਹਾ ਹੋਵੇਗਾ ਕੇ..”ਜਿੰਦਗੀ ਜੈਸੇ ਜਲਾਨੀ ਥੀ ਵੈਸੇ ਜਲਾ ਦੀ ਹਮਨੇ ਗਾਲਿਬ..ਅਬ ਧੂੰਏਂ ਪਰ ਬਹਿਸ ਕੈਸੀ ਔਰ ਰਾਖ ਪਰ ਏਤਰਾਜ਼ ਕੈਸਾ”!
ਹਰਪ੍ਰੀਤ ਸਿੰਘ ਜਵੰਦਾ