ਦੋਸਤੋ ਇਹ ਮਸਲਾ ਮਹਾਮਾਰੀ ਬਣ ਚੁਕਾ ਏ..ਇੱਕ ਨਾਨੀ ਦੀ ਬਾਰਾਂ ਵਰ੍ਹਿਆਂ ਦੀ ਦੋਹਤੀ ਗੰਭੀਰ ਡਿਪ੍ਰੈਸ਼ਨ ਵਿੱਚ ਸੀ..ਮੇਰੇ ਜ਼ੋਰ ਦੇਣ ਤੇ ਨਾਨੀ ਨੇ ਸਾਰਾ ਕੁਝ ਸ਼ੁਰੂ ਤੋਂ ਦੱਸਣਾ ਸ਼ੁਰੂ ਕੀਤਾ..!
ਦੱਸਣ ਲੱਗੀ ਮੇਰਾ ਇਸਦਾ ਨਾਨੇ ਨਾਲ ਤਲਾਕ ਹੋ ਗਿਆ ਤਾਂ ਇਸਦੀ ਮਾਂ ਮੇਰੇ ਪੇਟ ਵਿੱਚ ਸੀ..ਡੰਗ ਟਪਾਉਣ ਖਾਤਿਰ ਮੈਂ ਦੂਜੇ ਥਾਂ ਬੈਠ ਗਈ..ਉਸਦੇ ਵੀ ਪਹਿਲੋਂ ਦੋ ਬੱਚੇ ਸਨ..ਕਿਸੇ ਗੱਲੋਂ ਦੂਜੀ ਥਾਂ ਤੋਂ ਵੀ ਵਖਰੇਵਾਂ ਪੈ ਗਿਆ..!
ਮੁੜ ਇਸਦੀ ਮਾਂ ਨੂੰ ਕੱਲੀ ਨੇ ਪਾਲਿਆ..ਵੱਡੀ ਕੀਤੀ ਫੇਰ ਵਿਆਹ ਕੀਤਾ..ਸਾਲ ਬਾਅਦ ਫੇਰ ਇਹ ਹੋ ਪਈ..ਅਜੇ ਮਸੀਂ ਛੇਆਂ ਦੀ ਵੀ ਨਹੀਂ ਸੀ ਹੋਈ ਕੀ ਧੀ ਜਵਾਈ ਵੱਖੋ-ਵੱਖ ਹੋ ਗਏ..ਇਸਦੀ ਮਾਂ ਗੋਰੇ ਵੱਲ ਜਾ ਬੈਠੀ..ਉਸਦੇ ਵੀ ਪਹਿਲੇ ਤੋਂ ਦੋ ਨਿਆਣੇ ਸਨ..ਜਵਾਈ ਨੇ ਵੀ ਪੰਜਾਬੋਂ ਹੌਲੀ ਉਮਰ ਦੀ ਇੱਕ ਹੋਰ ਲੈ ਆਂਦੀ..!
ਇਸਦਾ ਆਪਣੇ ਪਿਓ ਨਾਲ ਬੜਾ ਤੇਹ ਸੀ..ਪਰ ਪਿਓ ਮਜਬੂਰ..ਨਵੀਂ ਲਿਆਂਧੀ ਇਸਨੂੰ ਦਬਕੇ ਮਾਰ ਘਰੋਂ ਕੱਢ ਦਿਆ ਕਰਦੀ..ਇੰਝ ਵਾਰ ਵਾਰ ਹੋਇਆ..ਫਿਰ ਇਹ ਚੁੱਪ ਕਰ ਗਈ..ਤੇ ਹੁਣ ਸਾਰਾ ਦਿਨ ਬੱਸ ਰੋਂਦੀ ਰਹਿੰਦੀ..!
ਸੋ ਦੋਸਤੋ ਰੇਤਲੀਆਂ ਕੰਧਾਂ ਤੋਂ ਵੀ ਕਮਜ਼ੋਰ ਪੈ ਗਈ ਰਿਸ਼ਤਿਆਂ ਦੀ ਇੱਕ ਜੁੰਮੇਵਾਰ ਬੁਨਿਆਦ ਜਦੋਂ ਮਾਮੂਲੀ ਹਿਲਜੁਲ ਮਗਰੋਂ ਹੀ ਢਹਿ ਢੇਰੀ ਹੋ ਜਾਂਦੀ ਏ ਤਾਂ ਸਭ ਤੋਂ ਪਹਿਲੋਂ ਇਸ ਹੇਠ ਆ ਕੇ ਇੱਕ ਬੱਬਸ ਅਤੇ ਅਨਭੋਲ ਬਚਪਣ ਹੀ ਦਮ ਤੋੜਦਾ ਏ..!
ਇਹਨਾਂ ਅਜੀਬ ਸਥਿਤੀਆਂ ਤੋਂ ਅਵਾਜਾਰ ਹੋਏ ਜਦੋਂ ਆਪਣੀ ਜੰਮਣ ਵਾਲੀ ਨੂੰ ਕਿਸੇ ਹੋਰ ਮਰਦ ਦੀ ਆਗੋਸ਼ ਵਿੱਚ ਅਤੇ ਪਿਓ ਨੂੰ ਕਿਸੇ ਬੇਗਾਨੀ ਨਾਲ ਮੁਹੱਬਤੀ ਪੀਂਘ ਝੂਟਦਿਆਂ ਵੇਖਦੇ ਨੇ ਤਾਂ ਅਕਸਰ ਹੀ ਲਹੂ ਦੇ ਘੁੱਟ ਭਰ ਕੇ ਰਹਿ ਜਾਂਦੇ..!
ਐਸੇ ਹਾਲਾਤ ਰੋਕੇ ਜਾ ਸਕਦੇ ਨੇ ਬਸ਼ਰਤੇ ਨਿੱਜੀ ਸਵਾਰਥ ਪਾਸੇ ਰੱਖ ਨਿੱਕੇ-ਨਿੱਕੇ ਸਮਝੌਤੇ ਕਰਨ ਦਾ ਵਲ ਆ ਜਾਵੇ..ਕਿਓੰਕੇ ਇੱਕ ਵੇਲਾ ਸੀ ਜਦੋਂ ਗੁੱਸਾ ਪੀ ਲਿਆ ਜਾਂਦਾ ਤੇ ਪਾਟਾ ਸੀ ਲਿਆ ਜਾਂਦਾ ਸੀ..ਓਦੋਂ ਗੱਲ ਗੱਲ ਤੇ ਹਰੇਕ ਚੀਜ ਕੁੜੇ ਦਾਨ ਵਿਚ ਸਿੱਟਣ ਦਾ ਰਿਵਾਜ ਨਹੀਂ ਸੀ ਹੋਇਆ ਕਰਦਾ!
ਹਰਪ੍ਰੀਤ ਸਿੰਘ ਜਵੰਦਾ