ਕੁਝ ਸਾਲ ਪਹਿਲੋਂ ਇੱਕ ਦਿਨ ਮੇਰੀ ਖਲੋਤੀ ਗੱਡੀ ਵਿਚ ਕਿਸੇ ਪਿੱਛੋਂ ਲਿਆ ਕੇ ਕਾਰ ਮਾਰ ਦਿੱਤੀ..ਕਾਗਜੀ ਕਾਰਵਾਈ ਵਿਚ ਅੱਧਾ ਘੰਟਾ ਲੱਗ ਗਿਆ..!
ਮੁੜ ਕਾਹਲੀ ਨਾਲ ਗੱਡੀ ਭਜਾਉਂਦਾ ਮੀਟਿੰਗ ਵਾਲੀ ਜਗਾ ਤੇ ਅੱਪੜ ਹੀ ਰਿਹਾ ਸਾਂ ਕੇ ਅਚਾਨਕ ਪਿੱਛਿਓਂ ਇੱਕ ਫਲੈਸ਼ ਵੱਜੀ..ਸੜਕ ਕੰਢੇ ਲੱਗੇ ਕੈਮਰੇ ਨੇ ਸ਼ਾਇਦ ਓਵਰ ਸਪੀਡ ਦੀ ਫੋਟੋ ਵੀ ਖਿੱਚ ਲਈ ਸੀ..ਢਾਈ ਸੌ ਦੀ ਜੁਰਮਾਨੇ ਵਾਲੀ ਟਿਕਟ ਅੱਖਾਂ ਅੱਗੇ ਘੁੰਮਣ ਲੱਗੀ!
ਓਧਰੋਂ ਦੂਸਰੀ ਜਗਾ ਕਿਸੇ ਹੋਰ ਨੂੰ ਘਰ ਦਿਖਾਉਣ ਦਾ ਟਾਈਮ ਹੁੰਦਾ ਜਾ ਰਿਹਾ ਸੀ..!
ਮਿਥੀ ਜਗਾ ਪਹੁੰਚਿਆ ਤਾਂ ਅੱਗੋਂ ਲੱਗਾ ਹੋਇਆ ਜਿੰਦਰਾ ਠੰਡ ਨਾਲ ਫ੍ਰੀਜ ਹੋ ਗਿਆ..ਖੋਲ੍ਹਦਿਆਂ ਖੋਲ੍ਹਦਿਆਂ ਹੀ ਪੰਦਰਾਂ ਮਿੰਟ ਲੱਗ ਗਏ!
ਤੀਜੀ ਥਾਂ ਗੋਰਾ ਗੋਰੀ ਆਪਸ ਵਿਚ ਲੜੀ ਜਾ ਰਹੇ ਸਨ..ਸੋ ਇਹ ਮਿਲਣੀ ਵੀ ਘਰੇਲੂ ਕਲੇਸ਼ ਦੀ ਭੇਂਟ ਚੜ ਗਈ..!
ਮੈਂ ਨਿੱਕੀ ਨਿੱਕੀ ਗੱਲ ਤੇ ਕਦੀ ਵੀ ਦਿਲ ਨਹੀਂ ਸੀ ਛੱਡਿਆ ਪਰ ਉਸ ਦਿਨ ਪਤਾ ਨਹੀਂ ਕਿਓਂ ਮਨ ਹਲਕੀ ਜਿਹੀ ਢਹਿੰਦੀ ਕਲਾ ਵੱਲ ਨੂੰ ਜਾਂਦਾ ਮਹਿਸੂਸ ਹੋਣ ਲੱਗਾ!
ਮੈਂ ਵਾਪਿਸ ਦਫਤਰ ਪਹੁੰਚਿਆ ਅਤੇ ਆਪਣੇ ਕਮਰੇ ਵਿਚ ਬੰਦ ਹੋ ਕੇ ਬੈਠ ਗਿਆ..ਐਤਵਾਰ ਹੋਣ ਕਾਰਨ ਦਫਤਰ ਵਿਚ ਵੀ ਪੂਰੀ ਤਰਾਂ ਸੁੰਞ ਮਸਾਣ ਸੀ!
ਅਚਾਨਕ ਏਦਾਂ ਲੱਗਾ ਜਿਦਾਂ ਕੋਈ ਮੇਰੇ ਕਮਰੇ ਦੇ ਬਾਹਰ ਰੋ ਰਿਹਾ ਹੋਵੇ..ਬਾਹਰ ਨਿੱਕਲਿਆਂ ਤਾਂ ਇੱਕ ਫਿਲਿਪੀਨੋ ਏਜੰਟ ਪਾਣੀ ਦੀ ਟੂਟੀ ਅੱਗੇ ਖਲੋਤਾ ਨੈਪਕਿੰਨ ਨਾਲ ਅੱਖਾਂ ਪੂੰਝ ਰਿਹਾ ਸੀ!
ਪੁੱਛਣ ਤੇ ਆਖਣ ਲੱਗਾ ਕੇ ਅੱਜ ਮੇਰਾ ਛੋਟਾ ਭਰਾ ਕੈਂਸਰ ਨਾਲ ਮਰ ਗਿਆ..ਮਾਂ ਜਾਇਆ ਸੁਵੇਰ ਦਾ ਚੇਤੇ ਆਈ ਜਾਂਦਾ ਏ..ਸਾਰੀ ਉਮਰ ਅਸੀਂ ਇੱਕਠੇ ਖੇਡੇ..ਲੜੇ..ਝਗੜੇ..ਖਾਦਾ ਪੀਤਾ..ਹੁਣ ਇੰਝ ਲੱਗਦਾ ਕਿਸੇ ਸੱਜੀ ਬਾਂਹ ਤੋੜ ਸੁੱਟੀ ਹੋਵੇ..!
ਉਸਦੀ ਹਾਲਤ ਦੇਖ ਮੇਰੇ ਵਜੂਦ ਅੰਦਰ ਇਕੱਠੀ ਹੋ ਗਈ ਢਹਿੰਦੀ ਕਲਾ ਓਸੇ ਵੇਲੇ ਹੀ ਖੰਬ ਲਾ ਕੇ ਕਿਧਰੇ ਫੁਰਰ ਹੋ ਗਈ ਤੇ ਮੈਂ ਉਸਦਾ ਦੁੱਖ ਵੰਡਾਉਣ ਉਸਦੇ ਕੋਲ ਹੀ ਬੈਠ ਗਿਆ..!
ਫੇਰ ਦੋਹਾਂ ਇੱਕਠਿਆਂ ਕੌਫੀ ਪੀਤੀ..ਜਿੰਦਗੀ ਦੀ ਫਿਲੋਸਫੀ ਦੇ ਕਿੰਨੇ ਸਾਰੇ ਪੱਖ ਵਲਵਲੇ ਸਾਂਝੇ ਕੀਤੇ..ਏਧਰ ਓਧਰ ਦੀਆਂ ਗੱਲਾਂ ਮਾਰੀਆਂ..ਕੁਝ ਚਿਰ ਮਗਰੋਂ ਲੱਗਿਆ ਜਿੱਦਾਂ ਆਪਣੇ ਪੈਰਾਂ ਸਿਰ ਹੋ ਗਿਆ ਹੋਵੇ..!
ਆਥਣ ਵੇਲੇ ਘਰੇ ਜਾਂਦਿਆਂ ਆਪਣਾ ਆਪ ਬੜਾ ਹਲਕਾ ਫੁਲਕਾ ਜਿਹਾ ਮਹਿਸੂਸ ਹੋ ਰਿਹਾ ਸੀ..ਸ਼ਾਇਦ ਮੇਰੇ ਦਿਲ ਦੀ ਲਗਾਤਾਰ ਚੱਲਦੀ ਹੋਈ ਧੜਕਣ ਅਤੇ ਸਟੇਰਿੰਗ ਨੂੰ ਕੰਟਰੋਲ ਕਰਦੇ ਹੋਏ ਦੋਵੇਂ ਹੱਥ ਮੈਨੂੰ ਜੱਗ ਜਿਉਂਦਿਆਂ ਦੇ ਮੇਲੇ ਵਾਲਾ ਕੀਮਤੀ ਜਿਹਾ ਇਹਸਾਸ ਦਵਾਉਂਦੇ ਹੋਏ ਆਖ ਰਹੇ ਸਨ..”ਕਮਲਿਆ ਚੋਵੀ ਘੰਟਿਆਂ ਵਿਚੋਂ ਗੁਜਰੀ ਹੋਈ ਇੱਕ ਘੜੀ ਤੇ ਜਾਂ ਫੇਰ ਇੱਕ ਪੂਰੇ ਦਾ ਪੂਰਾ ਦਿਨ ਮਾੜਾ ਹੋ ਸਕਦਾ ਏ..ਸਾਰੀ ਜਿੰਦਗੀ ਕਦੇ ਵੀ ਨਹੀਂ!
ਕਾਰਵਾਂ-ਏ-ਜਿੰਦਗੀ ਸਿਵਾਏ ਕੁਝ ਅਧੂਰੀਆਂ ਖਵਾਹਿਸ਼ਾਂ ਤੋਂ ਹੋਰ ਕੁਝ ਵੀ ਤੇ ਨਹੀਂ
ਆਹ ਕੀਤਾ ਨਹੀਂ..ਉਹ ਹੋਇਆ ਨਹੀਂ..ਉਹ ਮਿਲਿਆ ਨਹੀਂ..ਤੇ ਆਹ ਰਿਹਾ ਨਹੀਂ
ਹਰਪ੍ਰੀਤ ਸਿੰਘ ਜਵੰਦਾ
Nice
Nice
Nice