ਸਵੇਰੇ ਉੱਠ ਕੇ ਸਾਰੇ ਆਪੋ ਆਪਣੇ ਕੰਮ ਧੰਦੇ ਲੱਗ ਗਏ।ਛਿੰਦਾ ਸੀਰੀਆਂ ਨੂੰ ਲੈ ਕੇ ਮੱਝਾਂ ਦੀਆਂ ਧਾਰਾਂ ਕੱਢਣ ਵਿੱਚ ਰੁੱਝਿਆ ਹੋਇਆ ਸੀ।ਉਸ ਦੀਆਂ ਭਾਬੀਆਂ ਸਵੇਰ ਦੇ ਆਹਰ ਪਾਹਰ ਵਿੱਚ ਲੱਗੀਆਂ ਸਨ।ਰਾਤ ਦੀ ਘਟਨਾ ਕਰਕੇ ਛੋਟੀ ਭਾਬੀ ਛਿੰਦੇ ਨਾਲ ਅੱਖ ਨਹੀਂ ਮਿਲ ਰਹੀ ਸੀ ਪਰ ਛਿੰਦਾ ਇਸ ਸਭ ਕਾਸੇ ਨੂੰ ਭੁੱਲ ਚੁੱਕਾ ਸੀ।ਬੈਠਕ ਵਿੱਚ ਕੁਝ ਲੋਕ ਛਿੰਦੇ ਦੇ ਸਰਪੰਚ ਭਰਾ ਨੂੰ ਮਿਲਣ ਆਏ ਸਨ।ਛਿੰਦਾ ਵੀ ਉੱਥੇ ਹੀ ਪਹੁੰਚ ਜਾਂਦਾ ਹੈ,
“ਭਾਊ ਜੀ,ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ…..।”
“ਸਤਿ ਸ੍ਰੀ ਅਕਾਲ ਛਿੰਦਿਆ….ਹੋਰ ਸੁਣਾ ਕੀ ਹਾਲ ਆ ਤੇਰਾ ਤੇ ਤੇਰੀ ਫਸਲਬਾੜੀ ਦਾ…..।”
“ਭਾਊ,ਸਭ ਵਾਹਿਗੁਰੂ ਦੀ ਦਇਆ ਹੈ,ਬੱਸ ਅੱਜ ਝੋਨਾ ਵੱਢਣ ਲੱਗੇ ਹਾਂ।ਉਹ ਮਲਵਈਆਂ ਦੀ ਕੰਬਾਈਨ ਆਈ ਆ,ਬਾਰਾਂ ਕੁ ਵਜੇ ਆਉਣਗੇ।ਬੱਸ ਉਸ ਦੀ ਤਿਆਰੀ ਆ…..।”
“ਯਾਰ,ਆਪਣੇ ਜਗਤਾਰ ਵਾਲੀ ਕੰਬਾਈਨ ਹੈਗੀ ਆ,ਉਹਨੂੰ ਕਹਿ ਦੇਣਾ ਸੀ।ਬਾਹਰਲੇ ਬੰਦੇ ਨੂੰ ਜਰੂਰ ਕੰਮ ਦੇਣਾ ਸੀ।”ਇੱਕ ਸਿਆਣੀ ਉਮਰ ਦਾ ਬਜ਼ੁਰਗ ਬੋਲਿਆ।”
“ਚਾਚਾ,ਪਹਿਲਾਂ ਉਸ ਤੋਂ ਹੀ ਸਾਰੇ ਕੰਮ ਕਰਾਈਦਾ ਸੀ ਪਰ ਉਸ ਦੀ ਕੰਬਾਈਨ ਪੁਰਾਣੀ ਹੋ ਗਈ ਆ,ਝੋਨਾ ਬਹੁਤ ਕੇਰਦੀ ਆ।ਨਾ ਉਹ ਰਿਪੇਅਰ ਕਰਾਊਂਦਾ ਅਤੇ ਨਾ ਹੀ ਉਸ ਨੂੰ ਵੇਚ ਕੇ ਨਵੀਂ ਲਿਆਉਂਦਾ….।”
“ਆ ਗੱਲ ਤਾਂ ਤੇਰੀ ਠੀਕ ਆ ਛਿੰਦਿਆ,ਅੱਖਾਂ ਪੱਕ ਜਾਂਦੀਆਂ ਨੇ ਕਿ ਕਦੋਂ ਫਸਲ ਤਿਆਰ ਹੋਵੇ ਤੇ ਅੰਦਰ ਛੁੱਟਣ ਦੀ ਕਰੀਏ..।”
“ਲੈ ਚਾਚਾ,ਗੱਲਾਂ ਗੱਲਾਂ ਵਿੱਚ ਭੁੱਲ ਹੀ ਗਏ ਕਿ ਚਾਹ ਲਿਆਵਾਂ ਕਿ ਪ੍ਰਸ਼ਾਦਾ…..।”
“ਨਹੀਂ ਛਿੰਦੇ ਕਿਸੇ ਚੀਜ਼ ਦੀ ਲੋੜ ਨਹੀਂ,ਆ ਸਰਪੰਚ ਸਾਹਿਬ ਨੂੰ ਮਿਲਣਾ ਸੀ,ਮਿਲ ਲਿਆ ਹੁਣ ਅਸੀਂ ਚੱਲਦੇ ਹਾਂ….।”
“ਨਾ ਚਾਚਾ ਨਾ,ਐਂਦਾ ਨਹੀਂ ਜਾਣਾ,ਰੋਟੀ ਨਹੀਂ ਖਾਣੀ ਤਾਂ ਚਾਹ ਤਾਂ ਮੈਂ ਪਿਆ ਕੇ ਹੀ ਘੱਲਾਂਗਾ….।”ਛਿੰਦਾ ਉਹਨਾਂ ਨੂੰ ਬਾਹੋਂ ਫੜ ਕੇ ਬੈਠਾਊਂਦਾ ਹੋਇਆ ਬੋਲਿਆ।”
“ਛਿੰਦੇ ਫਿਰ ਚਾਹ ਨਹੀਂ,ਜੇ ਲੱਸੀ ਹੈਗੀ ਤਾਂ ਗਲਾਸ ਗਲਾਸ ਲੈ ਆ….।”
“ਲੱਸੀ ਚਾਚਾ ਵਾਧੂ…ਤੁਸੀਂ ਬੈਠੋ ਮੈਂ ਲੈ ਕੇ ਆਇਆ….।”
ਉਹ ਸਾਰੇ ਬੈਠ ਗਏ ਤੇ ਛਿੰਦਾ ਉਹਨਾਂ ਲਈ ਲੱਸੀ ਲੈਣ ਚਲਾ ਗਿਆ।ਜਦੋਂ ਉਹ ਚੌਂਕੇ ਵਿੱਚ ਲੱਸੀ ਲੈਣ ਗਿਆ ਤਾਂ ਛਿੰਦੇ ਦੀ ਛੋਟੀ ਭਾਬੀ ਬੋਲੀ,
“ਛਿੰਦੇ,ਇੱਕ ਤਾਂ ਤੂੰ ਜਾਣੇ ਖਣੇ ਨੂੰ ਚਾਹ ਪਾਣੀ ਪੁੱਛਣ ਬਹਿ ਜਾਨਾ,ਕਿਸੇ ਨੂੰ ਉਸ ਤਰਾਂ ਵੀ ਜਾਣ ਦਿਆ ਕਰ….।”
“ਭਾਬੀ,ਕਰਮਾਂ ਭਾਗਾਂ ਵਾਲੇ ਘਰ ਨੇ ਜਿੱਥੇ ਕੋਈ ਆਉਂਦਾ ਜਾਂਦਾ ਵਾ,ਨਹੀਂ ਤੇ ਪੰਜ ਸੌ ਘਰ ਆ ਆਪਣੇ ਪਿੰਡ ਹੋਰ ਕਿਸੇ ਵੱਲ ਕੋਈ ਕਿਉਂ ਨਹੀਂ ਚੱਲਿਆ ਜਾਂਦਾ।”ਛਿੰਦਾ ਲੱਸੀ ਲੈ ਕੇ ਬੈਠਕ ਵਿੱਚ ਚਲਾ ਗਿਆ।ਸਾਰੇ ਬੰਦੇ ਲੱਸੀ ਪੀ ਕੇ ਚਲੇ ਗਏ।ਛਿੰਦਾ ਵੀ ਸੀਰੀਆਂ ਨੂੰ ਰੋਟੀ ਫੜਾ ਕੇ ਆਪ ਰੋਟੀ ਖਾਣ ਲੱਗ ਪਿਆ।
“ਛਿੰਦੇ,ਸਾਰਾ ਪ੍ਰਬੰਧ ਹੋ ਗਿਆ ਕਿ ਨਹੀਂ …..।”
“ਸਾਰਾ ਪ੍ਰਬੰਧ ਹੋ ਗਿਆ ਵਾ,ਬੱਸ ਤੁਸੀਂ ਬਾਬਾ ਜੀ ਨੂੰ ਲੈ ਕੇ ਆ ਜਾਇਓ ਅਤੇ ਹਲਵਾਈ ਕੋਲੋਂ ਕੁਝ ਮਿੱਠਾ ਵੀ ਫੜ ਲਿਉ।”
“ਠੀਕ ਆ,ਮੰਡੀ ਦਾ ਕਿਸ ਤਰਾਂ ਕਰਨਾ….ਮੈਂ ਉੱਥੇ ਰਵਾਂ ਕਿ ਤੂੰ ਚੱਲ ਪਏਂਗਾ…।”
“ਮੈਂ ਪਹਿਲੀ ਟਰਾਲੀ ਨਾਲ ਚੱਲਾ ਜਾਵਾਂਗਾ,ਤੁਸੀਂ ਬੱਸ ਇੱਥੇ ਖਿਆਲ ਰੱਖਿਓ।ਨਾਲੇ ਘਰੇ ਕੋਈ ਨਾ ਕੋਈ ਤੁਰਿਆ ਰਹਿੰਦਾ ਏ ਤੇ ਮੰਡੀ ਕੰਡ ਵੀ ਬੜੀ ਹੁੰਦੀ ਆ।ਅੱਜ ਸਿਰਫ ਅੱਧਾ ਝੋਨਾ ਹੀ ਵੱਢਿਆ ਜਾਣਾ।ਚਾਰ ਵਜੇ ਤੱਕ ਜਿੰਨਾ ਵੱਢਿਆ ਗਿਆ,ਉਹ ਤੇ ਵਿੱਕ ਜਾਵੇਗਾ ਬਾਕੀ ਇੱਥੇ ਸੈੱਡ ਥੱਲੇ ਲਾ ਲਵਾਂਗੇ,ਤੜਕੇ ਲੈ ਕੇ ਚੱਲਾਂਗੇ …ਕੱਲ੍ਹ ਦੁਪਿਹਰ ਤੱਕ ਸਾਰਾ ਵੱਢਿਆ ਜਾਊ…।”
ਛਿੰਦੇ ਹੋਣਾਂ ਕੋਲ ਸਤਾਈ ਕਿੱਲਿਆਂ ਵਿੱਚ ਝੋਨਾ ਸੀ,ਦੋ ਕਿੱਲੇ ਵਿੱਚ ਪਸ਼ੂਆਂ ਲਈ ਪੱਠੇ ਅਤੇ ਇੱਕ ਏਕੜ ਭਿੰਡੀਆਂ ਸਨ।
ਛਿੰਦਾ ਟਰੈਕਟਰ ਟਰਾਲੀ ਲੈ ਕੇ ਖੇਤ ਪਹੁੰਚ ਗਿਆ ਸੀ।ਦੋ ਟਰੈਕਟਰ ਟਰਾਲੀਆਂ ਉਸ ਨੇ ਆਪਣੇ ਚਾਚੇ ਹੁਣਾਂ ਤੋਂ ਪੁੱਛੀਆਂ ਸਨ,ਇੱਕ ਨੂੰ ਉਸ ਦਾ ਸੀਰੀ ਅਤੇ ਦੂਜੀ ਨੂੰ ਉਸ ਦੇ ਚਾਚੇ ਦਾ ਮੁੰਡਾ ਸੇਮਾ ਲੈ ਗਿਆ ਸੀ।ਕੰਬਾਈਨ ਵੀ ਖੇਤ ਪੁੱਜ ਚੁੱਕੀ ਸੀ ਅਤੇ ਉਸ ਦਾ ਭਰਾ ਧਰਮ ਸਿੰਘ ਅਰਦਾਸ ਕਰਨ ਲਈ ਪਾਠੀ ਸਿੰਘ ਤੇ ਪ੍ਰਸਾਦ ਵਜੋਂ ਹਲਵਾਈ ਕੋਲੋਂ ਪੰਜ ਕਿਲੋ ਲੱਡੂ ਵੀ ਲੈ ਆਇਆ ਸੀ।ਬਾਬਾ ਜੀ ਨੇ ਅਰਦਾਸ ਕੀਤੀ ਅਤੇ ਕੁਝ ਪ੍ਰਸ਼ਾਦ ਕੰਬਾਈਨ ਦੇ ਅੱਗੇ ਅਤੇ ਕੁਝ ਝੋਨੇ ਦੀ ਫਸਲ ਵਿੱਚ ਰੱਖਿਆ।ਫਿਰ ਧਰਮ ਸਿੰਘ ਨੂੰ ਵਧਾਈ ਦੇ ਕੇ ਸਾਰਿਆਂ ਨੂੰ ਪ੍ਰਸ਼ਾਦ ਵੰਡਣ ਲਈ ਕਿਹਾ।ਕੰਬਾਈਨ ਚੱਲ ਪਈ ਸੀ।ਛਿੰਦੇ ਦੇ ਚਿਹਰੇ ਉੱਤੇ ਨਿਰਾਲੀ ਖੁਸ਼ੀ ਸੀ।ਉਹ ਕੰਬਾਈਨ ਉੱਤੇ ਚੜ੍ਹ ਕੇ ਬੈਠ ਗਿਆ।ਤਕਰੀਬਨ ਢਾਈ ਏਕੜ ਦਾ ਝੋਨਾ ਉਸ ਦੀ ਟਰਾਲੀ ਵਿੱਚ ਪੈ ਗਿਆ।ਦੋ ਟਰਾਲੀਆਂ ਭਰ ਕੇ ਉਹ ਮੰਡੀ ਨੂੰ ਰਵਾਨਾ ਹੋ ਗਏ
“ਛਿੰਦਿਆ ਵਧਾਈਆਂ ਹੋਣ ਬਈ,ਇਸ ਵਾਰ ਵੀ ਤੇਰੇ ਝੋਨਾ ਸਭ ਤੋਂ ਪਹਿਲਾਂ ਮੰਡੀ ਆਇਆ ਵਾ….।”ਆੜਤੀਏ ਨੇ ਛਿੰਦੇ ਨਾਲ ਹੱਥ ਮਿਲਾਉਂਦੇ ਹੋਏ ਆਖਿਆ।
“ਤੈਨੂੰ ਵੀ ਬਹੁਤ ਬਹੁਤ ਵਧਾਈਆਂ ਭਾਊ…ਹੋਰ ਦੱਸੋ ਘਰ ਪਰਿਵਾਰ ਸਭ ਠੀਕ ਆ…..।”
“ਸਭ ਵਧੀਆ ਛਿੰਦਿਆ,ਲਿਆਉ ਬਈ ਕਾਕਾ ਕੋਈ ਚਾਹ ਪਾਣੀ, ਨਾਲੇ ਆ ਫੜੋ ਪੈਸੇ ਤੇ ਮਿੱਠਾ ਲਿਆਉ।ਅੱਜ ਆੜਤ ਉੱਤੇ ਪਹਿਲੀ ਟਰਾਲੀ ਆਈ ਆ।”
“ਮਿੱਠਾ ਮੈਂ ਲੈ ਕੇ ਆਇਆਂ,ਆ ਫੜੋ ਤੇ ਸਾਰਿਆਂ ਨੂੰ ਵੰਡ ਦਿਉ ਅਤੇ ਆ ਪੰਜ ਸੌ ਰੁਪਏ ਲੇਬਰ ਦੀ ਵਧਾਈ।ਇਹ ਵੀ ਬਹੁਤ ਮਿਹਨਤ ਕਰਦੇ ਆ।”
“ਛਿੰਦਿਆ,ਤੇਰੇ ਵਰਗਾ ਨਈਂ ਕੋਈ ਬਣ ਸਕਦਾ,ਤੂੰ ਆਉਣਾ ਏਂ ਤਾਂ ਇਸ ਤਰਾਂ ਲੱਗਦਾ ਜਿਵੇਂ ਕੋਈ ਆਪਣਾ ਆ ਗਿਆ ਹੋਵੇ ਬਾਕੀ ਤਾਂ ਵੱਢ ਖਾਣਿਆਂ ਵਾਂਗੂੰ ਪੈਂਦੇ ਆ।”ਪੱਲੇਦਾਰਾਂ ਦੇ ਮੁੱਖੀ ਨੇ ਛਿੰਦੇ ਨੂੰ ਅਸੀਸਾਂ ਦਿੰਦੇ ਹੋਏ ਕਿਹਾ।”
“ਵੀਰ,ਇੱਥੋਂ ਕੀ ਲੈ ਜਾਣਾ…..? ਜੇ ਕਿਸੇ ਨਾਲ ਦੋ ਘੜੀਆਂ ਹੱਸ ਕੇ ਬੋਲ ਲਈਏ ਤਾਂ ਘੱਸਦਾ ਕੁਝ ਨਹੀਂ ਪਰ ਅਗਲਾ ਵੀਹ ਥਾਵਾਂ ਤੇ ਵੱਡਿਆਈ ਕਰਦਾ….।”
“ਤੂੰ ਹੁਣ ਪੱਖੇ ਥੱਲੇ ਬਹਿ,ਬੇਫਿਕਰਾ ਹੋ ਜਾ ਸਾਰਾ ਕੰਮ ਸਾਡੇ ਉੱਤੇ ਛੱਡ ਦੇ……।”
“ਭਾਊ,ਪੰਜ ਕੁ ਬੋਰੀਆਂ ਪਹਿਲਾਂ ਸਾਫ ਕਰ ਦਿਉ,ਮੈਂ ਪਿੰਗਲਵਾੜੇ ਲੈ ਕੇ ਜਾਣੀਆਂ…..।”
“ਕੋਈ ਨਹੀਂ ,ਤੂੰ ਸਾਫ ਹੋ ਗਈਆਂ ਸਮਝ।”
ਪੱਲੇਦਾਰਾਂ ਝੋਨਾ ਸਾਫ ਕਰਕੇ ਟਰੈਕਟਰ ਦੇ ਪਿਛਲੇ ਪਾਸੇ ਰੱਖ ਦਿੱਤਾ।ਛਿੰਦੇ ਨੇ ਇੱਕ ਜਾਣੇ ਨੂੰ ਨਾਲ ਲਿਆ ਤੇ ਤੁਰ ਪਿਆ।ਬੱਸ ਸਟੈਂਡ ਕੋਲ ਜਾ ਕੇ ਉਸ ਨੇ ਪੰਜ ਹਜਾਰ ਦੇ ਫਲ ਲਏ ਅਤੇ ਪਿੰਗਲਵਾੜੇ ਪਹੁੰਚ ਗਏ।ਉੱਥੇ ਉਸ ਨੇ ਝੋਨਾ,ਫਲ ਅਤੇ ਘਰੋਂ ਲਿਆਂਦਾ ਦੇਸੀ ਘਿਉ ਦੇ ਦਿੱਤਾ ਤੇ ਵਾਪਸ ਜਾਣ ਦੀ ਇਜ਼ਾਜ਼ਤ ਮੰਗੀ ਪਰ ਪ੍ਰਬੰਧਕਾਂ ਨੇ ਰੋਕ ਲਿਆ।ਉਹ ਦੁੱਧ ਗਰਮ ਕਰ ਲਿਆਏ।ਦੁੱਧ ਪੀ ਕੇ ਜਦੋਂ ਛਿੰਦਾ ਜਾਣ ਲੱਗਾ ਤਾਂ ਉਹਨਾਂ ਛਿੰਦੇ ਅਤੇ ਉਸ ਦੇ ਨਾਲ ਆਏ ਬੰਦੇ ਨੂੰ ਸਿਰੋਪਾ ਦਿੱਤਾ।ਉਹ ਵਾਪਸ ਮੰਡੀ ਆ ਗਏ।ਇੰਨੇ ਚਿਰ ਨੂੰ ਬਾਕੀ ਝੋਨਾ ਵੀ ਆ ਗਿਆ ਸੀ।ਝੋਨਾ ਲੇਟ ਆਉਣ ਕਾਰਨ ਅੱਜ ਵਿੱਕਿਆ ਨਹੀਂ ਸੀ ਅਤੇ ਛਿੰਦੇ ਨੂੰ ਰਾਤ ਮੰਡੀ ਹੀ ਰਹਿਣਾ ਪਿਆ।ਉਸ ਦਾ ਭਰਾ ਛਿੰਦੇ ਅਤੇ ਸੀਰੀ ਦੀ ਰੋਟੀ ਫੜਾ ਗਿਆ ਸੀ।
ਅਗਲੇ ਦਿਨ ਸਾਰਾ ਝੋਨਾ ਵੱਢਿਆ ਗਿਆ ਅਤੇ ਚੰਗੇ ਭਾਅ ਵਿੱਕ ਵੀ ਗਿਆ।ਛਿੰਦਾ ਆਪਣੇ ਘਰ ਦੇ ਅਤੇ ਸੀਰੀਆਂ ਦੇ ਬੱਚਿਆਂ ਵਾਸਤੇ ਕੁਝ ਖਾਣ ਪੀਣ ਦਾ ਸਾਮਾਨ ਲੈ ਕੇ ਘਰ ਆ ਗਿਆ।ਆਉਂਦੇ ਹੀ ਸਾਰੇ ਉਸ ਦੇ ਦੁਆਲੇ ਹੋ ਗਏ।ਉਸ ਦੇ ਭਰਾ ਨੇ ਬੱਚਿਆਂ ਨੂੰ ਦੱਬਕਾ ਮਾਰਿਆ ਕਿ ਪਹਿਲਾਂ ਉਹ ਆਪਣੇ ਚਾਚੇ ਨੂੰ ਨਹਾ ਧੋ ਲੈਣ ਦੇਣ,ਫਿਰ ਸਾਰਿਆਂ ਨੂੰ ਸਭ ਕੁਝ ਮਿਲ ਜਾਵੇਗਾ।ਛਿੰਦੇ ਨੇ ਆਪਣੇ ਭਾਬੀ ਨੂੰ ਸਾਰਾ ਸਮਾਨ ਫੜਾ ਦਿੱਤਾ ਅਤੇ ਆਪ ਨਹਾਉਣ ਲਈ ਚਲਾ ਗਿਆ।ਭਾਬੀ ਨੇ ਸਾਰਿਆਂ ਨੂੰ ਇੱਕ ਇੱਕ ਕੇਲਾ ਵੰਡ ਦਿੱਤਾ ਅਤੇ ਬਾਕੀ ਸੇਬ ਤੇ ਜਲੇਬੀਆਂ ਰੱਖ ਲਈਆਂ ਤਾਂ ਜੋ ਰੋਟੀ ਤੋਂ ਬਾਅਦ ਸਾਰੇ ਬੈਠ ਕੇ ਖਾ ਸਕਣ।ਬੱਚੇ ਕੇਲੇ ਲੈ ਕੇ ਆਪਣੇ ਆਪਣੇ ਕਮਰਿਆਂ ਵੱਲ ਨੂੰ ਭੱਜ ਨਿੱਕਲੇ ਅਤੇ ਰੌਲਾ ਪਾਉਣ ਲੱਗੇ,
“ਚਾਚਾ ਛਿੰਦਾ ਜਿੰਦਾਬਾਦ,ਚਾਚਾ ਛਿੰਦਾ ਜਿੰਦਾਬਾਦ…..”
ਚਲਦਾ……..
ਬਲਕਾਰ ਸਿੰਘ ਜੋਸਨ 9779010544