ਬਚਪਨ ਵਿੱਚ ਜਦੋਂ ਟੀ ਵੀ ਤੇ ਕਿਸੇ ਦਾ ਜਨਮ ਦਿਨ ਮਨਾਉਂਦਿਆਂ ਨੂੰ ਵੇਖਣਾ ਤਾਂ ਬਾਲ ਮੰਨ ਚ ਵੀ ਇਹ ਸੱਧਰ ਜਿਹੀ ਹੋਣੀ ਕਿ ਕਦੇ ਅਸੀਂ ਵੀ ਮਨਾਵਾਂਗੇ ਇਸ ਤਰਾਂ ਹੀ ਆਪਣਾ ਜਨਮ ਦਿਨ। ਉਨਾਂ ਨੇ ਸਿਰਾਂ ਤੇ ਲਿਸ਼ਕਣੀਆਂ ਜਿਹੀਆਂ ਟੋਪੀਆਂ ਪਾਈਆ ਤੇ ਸਾਰੇ ਕਮਰੇ ਨੂੰ ਹੀ ਸ਼ਿੰਗਾਰਿਆ ਹੁੰਦਾ ਸੀ। ਉਦੋਂ ਇਹ ਗੀਤ ‘ਬਾਰ ਬਾਰ ਦਿਨ ਯੇ ਬਾਰ ਬਾਰ ਦਿਲ ਯੇ ਗਾਏ ਤੂੰ ਜੀਓ ਹਜਾਰੋਂ ਸਾਲ ਹੈਪੀ ਬਰਥਡੇ ਟੂ ਯੂ’ ,ਉਦੋਂ ਹੈਪੀ ਬਰਥਡੇ ਦਾ ਪਤਾ ਨਹੀਂ ਸੀ ਲੱਗਦਾ ਕਿ ਇਹ ਕੀ ਕਹਿ ਰਹੇ ਹਨ ਕਿੳਕਿ ਅੰਗਰੇਜ਼ੀ ਤਾਂ ਸਾਨੂੰ ਛੇਵੀਂ ਜਮਾਤ ਤੋਂ ਸ਼ੁਰੂ ਹੁੰਦੀ ਸੀ। ਉਦੋਂ ਪਿੰਡਾ ਵਿੱਚ ਤਾਂ ਕਿਸੇ ਨੂੰ ਜਨਮ ਦਿਨ ਮਨਾਉਣ ਤਾਂ ਬਿਲਕੁਲ ਪਤਾ ਨਹੀਂ ਸੀ ਹੁੰਦਾ। ਉਦੋਂ ਸਿਰਫ ਇਕ ਜਦੋਂ ਬੱਚਾ ਸਾਲ ਕੁ ਦਾ ਹੋ ਜਾਂਦਾ ਸੀ ਤਾਂ ‘ਧਮਾਣ’ ਕਰਦੇ ਹੁੰਦੇ ਸੀ ਜਿਸ ਵਿੱਚ ਅਖੰਡ ਸਾਹਿਬ ਜੀ ਦਾ ਭੋਗ ਪਾ ਕੇ ਤੇ ਫਿਰ ਗੁਰੂ ਗ੍ਰੰਥ ਸਾਹਿਬ ਦੇ ਪੰਨੇ ਤੋੰ ਨਿਕਲੇ ਅੱਖਰ ਤੋਂ ਬੱਚੇ ਦਾ ਨਾਮ ਰੱਖਿਆਂ ਜਾਂਦਾ ਸੀ ਤੇ ਸਾਦਾ ਲੰਗਰ ਆਦਿ ਹੁੰਦਾ ਸੀ। ਕੇਕ ਆਦਿ ਦਾ ਤਾਂ ਕਿਸੇ ਨੂੰ ਪਤਾ ਨਹੀਂ ਸੀ ਹੁੰਦਾ।
ਇਸੇ ਤਰਾਂ ਪੰਜਵੀਂ ਚ ਪੜਦਿਆ ਲੁਧਿਆਣੇ ਰਹਿੰਦੇ ਰਿਸ਼ਤੇਦਾਰ ਦੇ ਬੱਚੇ ਦਾ ਜਨਮ ਦਿਨ ਤੇ ਗਏ ਸਾਂ ਪਰ ਅਸੀਂ ਧਮਾਣ ਤੇ ਜਾਣਾ ਹੀ ਕਹਿੰਦੇ ਸਾਂ ਉੱਥੇ ਵੀ ਸ਼ਾਮ ਨੂੰ ਜਿਵੇਂ ਫਿਲਮਾਂ ਚ ਵੇਖਦੇ ਸੀ ਸਾਰਿਆ ਨੇ ਅੱਖਾਂ ਤੇ ਲਿਸ਼ਕਣੀਆਂ ਜਿਹੀ ਐਨਕਾਂ ਲਾਈਆਂ ਤੇ ਸਿਰਾਂ ਤੇ ਵੀ ਲਿਸ਼ਕਣੀਆਂ ਜਿਹੀਆਂ ਟੋਪੀਆਂ ਤੇ ਕਮਰੇ ਨੂੰ ਭੁਕਾਨਿਆਂ ਆਦਿ ਨਾਲ ਸ਼ਿੰਗਾਰਿਆ ਹੋਇਆਂ। ਤੇ ਵਿੱਚ ਮੇਜ ਤੇ ਵੱਡਾ ਸਾਰਾ ਕੇਕ ਪਿਆ ਤੇ ਜਿਸ ਤੇ ਮੋਮਬੱਤੀਆਂ ਜੱਗ ਰਹੀਆਂ ਸਨ। ਇਸ ਤਰਾਂ ਲੱਗ ਰਿਹਾ ਸੀ ਜਿਵੇਂ ਹੋਰ ਹੀ ਦੁਨੀਆ ਤੇ ਆਏ ਹੋਈਏ। ਬੱਚਾ ਵੀ ਪੂਰਾ ਸ਼ਹਿਜ਼ਾਦਾ ਬਣਿਆਂ ਹੋਇਆਂ ਜਦੋਂ ਉਸ ਨੇ ਫੂਕ ਮਾਰ ਕੇ ਮੋਮਬੱਤੀਆਂ ਬੁਝਾਈਆਂ ਤਾਂ ਸਾਰੇ ਤਾਲੀ ਜਿਹੀ ਮਾਰ ਕੇ ਹੈਪੀ ਬਰਡੇ ਟੂ ਯੂ ਕਹਿਣ ਤੇ ਮੈ ਵੇਖਾਂ ਉਂਨਾਂ ਦੇ ਮੂੰਹ ਵੱਲ ਕਿ ਇਹ ਕੀ ਕਹਿਣ ਡਹੇ ਹਨ ਕਿੳਕਿ ਉਦੋਂ ਅੰਗਰੇਜ਼ੀ ਤਾਂ ਸਾਡੇ ਨੇੜੇ ਤੇੜੇ ਤੋ ਵੀ ਨਹੀਂ ਲੰਘੀ ਸੀ ਉਦੋਂ ਅਜੇ ਪੰਜਵੀਂ ਚ ਪੜਦੇ ਸਾਂ ਤੇ ਅੰਗਰੇਜ਼ੀ ਛੇਵੀਂ ਚ ਲੱਗੀ ਸੀ ਤੇ ਛੇਵੀਂ ਵਿੱਚ ਸਾਡਾ ਅੰਗਰੇਜ਼ੀ ਦਾ ਪੇਪਰ ਇਸ ਤਰਾਂ ਸੀ ਕਿ ਪੰਜ ਵਾਰੀ ਵੱਡੀ ਦੇ ਬੀ ਸੀ ਲਿਖੋ ਤੇ ਪੰਜ ਵਾਰੀ ਨਿੱਕੀ ਏ ਬੀ ਸੀ ਲਿਖੋ। ਚਲੋ ਜੀ ਕੇਕ ਕੱਟਣ ਤੋ ਬਾਅਦ ਵੱਡਿਆਂ ਨੂੰ ਤਾਂ ਕੇਕ ਦਾ ਟੁਕੜਾ ਦਿੱਤਾ ਗਿਆ ਤੇ ਬਚਿਆਂ ਨੂੰ ਪੇਸਟਰੀ। ਮੇਰੀ ਜਾਣੇ ਬਲਾ ਕਿ ਇਹ ਕੀ ਸ਼ੈਅ ਹੈ ਤੇ ਇਸਨੂੰ ਖਾਣਾ ਕਿਸ ਤਰਾਂ ਕਿੳਕਿ ਪੇਸਟਰੀ ਵੀ ਜ਼ਿੰਦਗੀ ਪਹਿਲੀ ਵਾਰ ਹੀ ਇਥੇ ਵੇਖੀ ਸੀ ਫਿਰ ਮੈਂ ਚੋਰੀ ਅੱਖ ਨਾਲ ਹੋਰਨਾਂ ਬੱਚਿਆ ਨੂੰ ਖਾਦੇ ਵੇਖਿਆਂ ਤੇ ਕੁੱਝ ਮਾਤਾ ਜੀ ਨੇ ਸਹਾਇਤਾ ਕੀਤੀ ਤਾਂ ਜ਼ਿੰਦਗੀ ਪੇਸਟਰੀ ਦਾ ਪਹਿਲੀ ਵਾਰੀ ਸਵਾਦ ਵੇਖਿਆਂ। ਬਹੁਤ ਸਵਾਦ ਲੱਗੀ ਤੇ ਹੋਰ ਖਾਣ ਨੂੰ ਜੀਅ ਕੀਤਾ ਪਰ ਸੰਗਦਿਆਂ ਦੁਬਾਰਾ ਮੰਗੀ ਹੀ ਨਹੀਂ ਹਾਲਾਕਿ ਉੱਥੇ ਹੋਰ ਵੀ ਪਈਆਂ ਸਨ ਤੇ ਕਈ ਬੱਚੇ ਲੈ ਵੀ ਰਹੇ ਸਨ। ਇਸੇ ਤਰਾਂ ਜਦੋਂ ਸਵੇਰੇ ਉਠ ਕੇ ਮੈ ਉਂਨਾਂ ਦੇ ਗੇਟ ਕੋਲ ਖਲੋਤਾ ਸੀ ਤਾਂ ਅਚਾਨਕ ਇਕ ਅਖ਼ਬਾਰਾਂ ਵੇਚਣ ਵਾਲਾ ਆਇਆ ਤੇ ਉਹ ਦੋ ਅਖ਼ਬਾਰਾਂ ਗੇਟ ਦੇ ਉੱਤੋਂ ਦੀ ਸੁੱਟ ਗਿਆ। ਮੇਰਾ ਬਾਲ ਮੰਨ ਸੋਚੇ ਪਈ ਇੱਥੇ ਸ਼ਹਿਰਾਂ ਚ ਅਖ਼ਬਾਰਾਂ ਵੀ ਮੁੱਫਤ ਮਿਲਦੀਆਂ ਹਨ ਜਿਹੜਾ ਬਿਨਾ ਪੈਸੇ ਲਏ ਤੋ ਸੁੱਟ ਕੇ ਚਲਿਆ ਗਿਆ ਤੇ ਨਾਲੇ ਇੰਨੀ ਸੁਵੱਖਤੇ,ਅਜੇ ਤਾਂ ਦਿਨ ਚੜਿਆ ਹੀ ਸੀ। ਸਾਡੇ ਤਾਂ ਕਦੇ ਕਦਾਈਂ ਜਦੋਂ ਵੀਰ ਜੀ ਹੋਰੀ ਸ਼ਹਿਰ ਗਏ ਤੋਂ ਸ਼ਾਮਾਂ ਨੂੰ ਕੋਈ ਅਖਬਾਰ ਲਿਆਉਂਦੇ ਹੁੰਦੇ ਸਨ।
ਲਓ ਜੀ ਇਸੇ ਤਰਾਂ ਪ੍ਰਾਇਮਰੀ ਸਕੂਲ ਤੋਂ ਹਾਈ ਸਕੂਲ ਤੇ ਹਾਈ ਸਕੂਲ ਤੋਂ ਕਾਲਜ ਚਲੇ ਗਏ ਪਰ ਨਾ ਕਦੀ ਕਿਸੇ ਨੇ ਜਨਮ ਦਿਨ ਮਨਾਇਆਂ ਤੇ ਨਾ ਹੀ ਕਿਸੇ ਜਨਮ ਦਿਨ ਦੀ ਮੁਬਾਰਕਬਾਦ ਦਿੱਤੀ ਤੇ ਨਾ ਹੀ ਕਿਸੇ ਨੂੰ ਦਿੱਤੀ।
ਪਰ ਜਦੋਂ ਯੂਨੀਵਰਸਿਟੀ ਲਾਅ ਦੇ ਪੰਜ ਸਾਲਾ ਕੋਰਸ ਚ ਦਾਖਲਾ ਲੈ ਲਿਆ ਤਾਂ ਉੱਥੇ ਮਾਹੋਲ ਹੀ ਹੋਰ। ਹਰ ਕੋਈ ਕਿਸੇ ਦੇ ਜਨਮ-ਦਿਨ ਤੇ ਮੁਬਾਰਕ ਬਾਦ ਦੇਂਦਾ ਤੇ ਦੋਸਤ ਤੇ ਕਲਾਸਫੈਲੋ ਜਨਮ ਦਿਨ ਦਾ ਗਰੀਟਿੰਗ ਕਾਰਡ ਵੀ ਦੇਦੇ। ਤੇ ਫਿਰ ਕੈਨਟੀਨ ਛੋਟੀ ਮੋਟੀ ਪਾਰਟੀ ਵੀ ਚਲਦੀ। ਤੇ ਹੋਸਟਲ ਜਦੋਂ ਕਿਸੇ ਸੀਨੀਅਰ ਦੇ ਬੁੱਕ ਰੈਕ ਉਤੇ ਕਾਰਡਾਂ ਦੀ ਲੰਮੀ ਲਾਇਨ ਕਾਰਡਾਂ ਦੀ ਵੇਖਦੇ ਤਾਂ ਉਨਾਂ ਨੂੰ ਕੇ ਸਾਡੀਆਂ ਦੱਬੀਆਂ ਖਾਹਿਸ਼ਾਂ ਫਿਰ ਜਾਗ ਗਈਆਂ ਕਿ ਚਲੋ ਇੱਥੇ ਤਾਂ ਸਾਨੂੰ ਕੋਈ ਨਾ ਕੋਈ ਦੇਣਗੇ ਜਨਮ ਦਿਨ ਦੀਆ ਮੁਬਾਰਕਾਂ ਤੇ ਅਸੀਂ ਵੀ ਆਪਣੇ ਬੁੱਕ ਰੈਕ ਤੇ ਕਾਰਡਾਂ ਦੀ ਲਾਇਨ ਲਾਵਾਂਗੇ ਤੇ ਕੈਨਟੀਨ ਚ ਪਾਰਟੀ ਦੇਵਾਂਗੇ।
ਲਓ ਜੀ ਇਕ ਦਿਨ ਉਹ ਸੁਭਾਗਾ ਦਿਨ ਵੀ ਆ ਗਿਆ ਜਿਸ ਦਿਨ ਮੇਰਾ ਜਨਮ-ਦਿਨ ਸੀ ਤੇ ਆਪਾ ਦੋ ਦਿਨ ਪਹਿਲਾਂ ਕਿਸੇ ਨਾ ਕਿਸੇ ਤਰੀਕੇ ਆਪਣੀ ਜਨਮ ਤਰੀਕ ਬਾਰੇ ਸਾਰਿਆ ਨੂ ਦੱਸ ਦਿੱਤਾ।
ਮੈ ਤੇ ਮੇਰਾ ਦੋਸਤ ਹੋਸਟਲੋਂ ਤਿਆਰ ਸਿਆਰ ਹੋ ਕੇ ਡਿਪਾਰਟਮੈਂਟ ਦੇ ਬਾਹਰ ਰੁੱਖਾਂ ਥੱਲੇ ਬੈਠੇ ਹੀ ਸੀ ਕਿੳਕਿ ਕਲਾਸ ਲੱਗਣ ਨੂੰ ਅਜੇ ਟਾਇਮ ਸੀ ਤਾਂ ਸਾਹਮਣੇ ਤੋ ਕਲਾਸ ਦੀਆ ਦੋ ਕੁੜੀਆਂ ਹੱਥਾ ਵਿੱਚ ਕਾਰਡ ਫੜੀ ਸਾਡੇ ਵੱਲ ਆਉਂਦੀਆਂ ਦਿਸੀਆਂ। ਆਪਾ ਵੀ ਖੁਸ ਕਿ ਅੱਜ ਜ਼ਿੰਦਗੀ ਚ ਪਹਿਲੀ ਵਾਰੀ ਕੋਈ ਸਾਨੂੰ ਜਨਮ ਦਿਨ ਦੀਆ ਮੁਬਾਰਕਾਂ ਦੇਵੇਗਾ।
ਪਰ ਏਥੇ ਵੀ ਹੋਰ ਹੀ ਭਾਣਾ ਵਰਤ ਗਿਆ। ਅਜੇ ਉਂਨਾਂ ਏਨਾ ਹੀ ਕਿਹਾ ਕਿ ‘ਕਾਹਲੋਂ’
ਤਾਂ ਵਿੱਚੋਂ ਹੀ ਮੇਰਾ ਕੋਲ ਬੈਠਾ ਮੇਰਾ ਦੋਸਤ ਔਜਲਾ ਬੋਲ ਪਿਆ ਕਿ ‘ਕਾਹਲੋ ਨਾ ਹੋ ਗਿਆ ਇਹ ਭਗਤ ਸਿੰਘ ਜਾਂ ਬਾਬਾ ਨਾਨਕ ਹੋ ਗਿਆ ਜਿਹਦਾ ਜਨਮ ਦਿਨ ਮਨਾਈਏ। ਗੱਲ ਕੀ ਕਿ ਉਸ ਦੋਸਤ ਨੇ ਪੂਰੀ ਕਾਮਰੇਡੀ ਝਾੜ ਦਿੱਤੀ,ਉਨਾਂ ਤੇ ਪੂਰੇ ਪੰਦਰਾਂ ਮਿੰਟ ਲਾਏ। ਮੈ ਵੇਖਾਂ ਉਹਦੇ ਵੱਲ ਡੋਰ ਭੌਰਾ ਜਿਹਾ ਕਿ ਇਨੇ ਮੇਰੇ ਰੂਮ ਮੇਟ ਤੇ ਮੇਰੇ ਸੱਭ ਤੋਂ ਖ਼ਾਸ ਦੋਸਤ ਨੇ ਮੇਰੇ ਨਾਲ ਹੀ ਵੈਰ ਕੱਢਣਾ ਸੀ ਪਰ ਉਹ ਬਾਹਵਾਂ ਮਾਰ ਮਾਰ ਆਪਣੇ ਹੀ ਧਿਆਨ ਉੱਨਾਂ ਨੂੰ ਲੈਕਚਰ ਦੇ ਰਿਹਾ ਸੀ ਕਿ ਸਾਨੂੰ ਜ਼ਿੰਦਗੀ ਵਿੱਚ ਇਹੋ ਜਿਹੇ ਕੰਮ ਕਰਨੇ ਚਾਹੀਦੇ ਹਨ ਕਿ ਲੋਕ ਤੁਹਾਡਾ ਜਨਮ ਦਿਨ ਮਨਾਉਣ ਤੇ ਤੁਹਾਨੂੰ ਯਾਦ ਕਰਨ। ਜਿਵੇਂ ਅਸੀਂ ਮਸਹੂਰ ਲੋਕਾਂ ਦਾ,ਸ਼ਹੀਦਾਂ ਦਾ ਤੇ ਮਹਾਂਪੁਰਸਾਂ ਦਾ ਜਨਮ ਦਿਹਾੜਾ ਮਨਾਉਂਦੇ ਹਾਂ। ਆਹ ਕੀ ਗੱਲ ਹੋਈ ਆਪਣਾ ਜਨਮ ਦਿਨ ਆਪ ਹੀ ਮਨਾਈ ਜਾਓ। ਗੱਲ ਕੀ ਉਸਨੇ ਪੂਰੀ ਕਾਮਰੇਟੀ ਉਨਾਂ ਤੇ ਝਾੜ ਦਿੱਤੀ ਉਹ ਚੁੱਪ ਚਾਪ ਔਖੀਆ ਭਾਰੀਆਂ ਹੋ ਕਿ ਉੱਥੋਂ ਚਲੇ ਗਈਆਂ। ਫਿਰ ਨਾ ਕੋਈ ਹੋਰ ਆਇਆ ਤੇ ਨਾਂ ਅਗਲੇ ਸਾਲਾਂ ਵਿੱਚ ਤੇ ਕਮਰੇ ਦੇ ਬੁੱਕ ਰੈਕ ਉਤੇ ਕਾਰਡਾਂ ਦੀ ਲਾਇਨ ਲਾਉਣ ਦੀ ਹਸਰਤ ਵਿੱਚੇ ਹੀ ਰਹਿ ਗਈ। ਭਾਵੇਂ ਉਦੋਂ ਦੋਸਤ ਦੀ ਗੱਲ ਬੁਰੀ ਲਗੀ ਪਰ ਬਾਅਦ ਚ ਸਮਝ ਆਇਆ ਕਿ ਜੋ ਉਹ ਕਹਿ ਰਿਹਾ ਸੀ ਬਿਲਕੁਲ ਸੱਚ ਹੈ ਕਿ ਬੰਦੇ ਨੂੰ ਜੀਵਨ ਵਿੱਚ ਕੁੱਝ ਨਾ ਕੁੱਝ ਅਜਿਹਾ ਕਰਨਾ ਚਾਹੀਦਾ ਹੈ ਕਿ ਲੋਕ ਯਾਦ ਕਰਨ।
ਫਿਰ ਲਾਅ ਤੋਂ ਬਾਅਦ ਕਬੀਲਦਾਰੀ ਦਾ ਜੂਲਾ ਗੱਲ ਪੈ ਗਿਆ ਤੇ ਉਸੇ ਵਿੱਚ ਰੁੱਝ ਗਏ ਫਿਰ ਕਿੰਨੇ ਜਨਮ ਦਿਨ ਮਨਾਉਣਾ ਸੀ,ਫਿਰ ਬੱਚੇ ਹੋਲੀ ਹੋਲੀ ਜਵਾਨ ਹੋਏ ਤਾਂ ਉਹਨਾਂ ਨੇ ਮੇਰੇ ਵੱਲੋਂ ਮਨ੍ਹਾ ਕਰਨ ਦੇ ਬਾਵਜੂਦ ਵੀ ਕੇਕ ਲੈ ਆਉਂਦੇ ਤੇ ਅਸੀਂ ਵੀ ਫੂਕ ਮਾਰ ਤੇ ਕੇਕ ਕੱਟ ਕੇ ਹੁਣ ਬੁੱਢੇ ਵਾਰੇ ਜਨਮ-ਦਿਨ ਮਨ੍ਹਾ ਲਈਦਾ ਹੈ। ਪਰ ਇਕ ਗੱਲ ਦਾ ਧਿਆਨ ਜ਼ਰੂਰ ਰਖਿਆ ਕਰੋ ਕਿ ਮੋਮਬੱਤੀਆਂ ਨੂੰ ਕੇਕ ਤੋ ਥੋੜਾ ਪਰੇ ਤੇ ਵੱਖਰਾ ਰੱਖ ਕੇ ਹੀ ਫੂਕ ਮਾਰਿਆਂ ਕਰੋ,ਮੈ ਤੇ ਇਸ ਤਰਾਂ ਹੀ ਕਰਦਾ ਹਾਂ ਵਰਨਾ ਕਈ ਤਾਂ ਫੂਕ ਮਾਰਨ ਦੇ ਨਾਲ ਨਾਲ ਥੋੜਾ ਥੁੱਕ ਵੀ ਕੇਕ ਤੇ ਲਾ ਬਾਕੀਆਂ ਨੂੰ ਖਵਾ ਦੇਦੇ ਹਨ ਤੇ ਅੱਜਕਲ ਹਰ ਕੋਈ ਕਿਸੇ ਨਾ ਕਿਸੇ ਬਿਮਾਰੀ ਤੋਂ ਪੀੜਤ ਹੈ। ਸੋ ਉਸਤੋਂ ਬਚਣਾ ਚਾਹੀਦਾ ਹੈ।
ਤੇ ਸੁੱਖ ਨਾਲ ਇਸ ਵਾਰ 56 ਵਾਂ ਲਗ ਗਿਆ ਹੈ। 🎂