ਕਲਾਸ ਵਿੱਚ ਹਰ ਸਾਲ ਪਹਿਲੇ ਨੰਬਰ ਤੇ ਆਉਣ ਵਾਲੀ ਬੱਚੀ ਨੂੰ ਅਕਸਰ ਗੈਰ ਹਾਜ਼ਰ ਹੋਣ ਤੇ ਮੈਨੂੰ ਕੁੱਝ ਸਹੀ ਨਾ ਲੱਗਾ।
ਬੱਚੀ ਨੂੰ ਮੈਂ ਪੁੱਛਿਆ ਕਿ ਬੇਟਾ ਜੀ ਕੱਲ੍ਹ ਤੁਸੀਂ ਫਿਰ ਸਕੂਲ ਕਿਉਂ ਨਹੀਂ ਸੀ ਆਏ ? ਬੱਚੀ ਘਬਰਾਉਂਦੀ ਹੋਈ ਬੋਲੀ ਮੈਡਮ ਜੀ ਸਾਡੇ ਘਰ ਪ੍ਰਾਹੁਣੇ ਆਏ ਹੋਏ ਸਨ।ਮੈਂ ਪੁੱਛਿਆ ਕੇ ਬੇਟਾ ਤੁਸੀਂ ਘਰ ਕੀ ਕੰਮ ਕਰਦੇ ਰਹੇ ਸੀ ? ਉਸ ਦੇ ਦੱਸਣ ਤੇ ਪਤਾ ਲੱਗਾ ਕਿ ਉਹ ਆਪਣੇ ਮਾਮੀ ਜੀ ਨਾਲ ਘਰ ਦਾ ਕੰਮ ਕਰਾ ਰਹੀ ਸੀ।ਮੈਂ ਪੁੱਛਿਆ ਬੇਟਾ ਜੀ ਤੁਸੀਂ ਕਿੱਥੇ ਰਹਿੰਦੇ ? ਪਤਾ ਲੱਗਾ ਕੇ ਉਹ ਆਪਣੇ ਨਾਨਕੇ ਪਰਿਵਾਰ ਰਹਿੰਦੀ ਹੈ।ਅਗਲਾ ਸਵਾਲ ਮੈਂ ਉਸ ਕੋਲੋਂ ਪੁੱਛਿਆ ਕਿ ਬੇਟਾ ਜੀ ਤੁਹਾਡੇ ਪਾਪਾ ਜੀ ਕੀ ਕੰਮ ਕਰਦੇ ਹਨ ? ਉਸ ਬੱਚੀ ਨੇ ਦੱਸਿਆ ਕਿ ਮੇਰੇ ਪਾਪਾ ਜੀ ਇਸ ਦੁਨੀਆਂ ‘ਚ ਨਹੀਂ ਰਹੇ । ਮੈਂ ਕਿਹਾ ਕਿ ਸਿਮਰਨ ਤੇਰੀ ਮੰਮੀ ਕਿੱਥੇ ਨੇ? ਜੀ ਮੈਡਮ ਜੀ ਮੇਰੀ ਮੰਮੀ ਨੇ ਵਿਆਹ ਕਰਵਾ………. ਇਹ ਸ਼ਬਦ ਕਹਿ ਕੇ ਉਸ ਦੀਆਂ ਅੱਖਾਂ ਭਰ ਆਈਆਂ ।
ਇਸ ਤੋਂ ਪਹਿਲਾਂ ਕਿ ਮੈਂ ਉਸ ਬੱਚੀ ਤੋਂ ਕੋਈ ਹੋਰ ਸਵਾਲ ਜਵਾਬ ਕਰਦੀ,ਉਸ ਦਾ ਮਾਸੂਮ ਜਿਹਾ ਚਿਹਰਾ ਤੇ ਉਸ ਦੀ ਚੁੱਪੀ ਬਹੁਤ ਕੁਝ ਬਿਆਨ ਕਰ ਗਈ ਸੀ …..
ਮੈਡਮ ਰਾਜਵਿੰਦਰ ਕੌਰ ਬਟਾਲਾ
ਵਾਹਿਗੁਰੂ ਜੀ