ਤਕਰੀਬਨ ਸੌ ਕੂ ਕਿਲੋਮੀਟਰ ਦੂਰੋਂ ਚਲਾ ਕੇ ਲਿਆਂਧੀ ਗੱਡੀ..ਪੀਲੇ ਰੰਗ ਦੀ ਉਹ ਚੀਜ ਕਾਰ ਦੇ ਅਗਲੇ ਸ਼ੀਸ਼ੇ ਤੇ ਬਣੇ ਵਾਈਪਰ ਵਿੱਚ ਫਸੀ ਪਈ ਸੀ..!
ਟਿੰਮ ਤੇ ਕੌਫੀ ਲੈਣ ਰੁਕਿਆ ਤਾਂ ਵੇਖਿਆ ਖੱਟੇ ਰੰਗ ਦਾ ਖੂਬਸੂਰਤ ਜਿਹਾ ਪੱਤਾ ਸੀ..ਪਤਾ ਨੀ ਕਿਹੜੇ ਰੁੱਖ ਦਾ..ਪਤਝੜ ਵਿੱਚ ਬੁੱਢੇ ਹੋ ਗਏ ਕਰੋੜਾ ਪੱਤਿਆਂ ਵਾਂਙ ਹੀ ਹੇਠਾਂ ਡਿੱਗ ਪਿਆ..!
ਕਿੰਨੀ ਦੇਰ ਵੇਖਦਾ ਰਿਹਾ..ਸੁੱਟਣ ਦਾ ਜੀ ਨਾ ਕਰੇ..ਫੇਰ ਓਥੇ ਹੀ ਲਾ ਦਿੱਤਾ ਤੇ ਗੱਡੀ ਤੋਰ ਲਈ..ਹਵਾ ਦੇ ਪਹਿਲੇ ਬੁੱਲੇ ਨਾਲ ਹੀ ਕਿਧਰੇ ਗਵਾਚ ਗਿਆ..!
ਖੁਦ ਨੂੰ ਕੋਸਣ ਲੱਗਿਆ..ਮੈਨੂੰ ਉਸਨੂੰ ਉਸਦੀ ਪਹਿਲੋਂ ਵਾਲੀ ਥਾਂ ਤੋਂ ਹੀ ਨਹੀਂ ਸੀ ਹਟਾਉਣਾ ਚਾਹੀਦਾ..!
ਗੁਆਂਢ ਦੇ ਰੰਧਾਵਾ ਸਾਬ ਯਾਦ ਆ ਗਏ..ਨਾਲਦੀ ਮੁੱਕ ਗਈ ਤਾਂ ਪੁੱਤ ਸ਼ਹਿਰ ਲੈ ਆਇਆ..ਅਖ਼ੇ ਕੱਲੇ ਕੁਝ ਹੋ ਗਿਆ ਤਾਂ ਦੁਨੀਆ ਕੀ ਆਖੂ..!
ਬੱਧੇ-ਰੁੱਧੇ ਸ਼ਹਿਰ ਆਏ..ਆਖਣ ਲਗੇ ਬਰਖ਼ੁਰਦਾਰ ਉਹ ਕਮਰਾ ਦੇਵੀਂ ਜਿਥੋਂ ਬਾਹਰ ਦਿਸਦਾ ਰਹੇ..!
ਫੇਰ ਬਾਰੀ ਥਾਣੀਂ ਲਾਗੇ ਕਾਲਜ ਦੀ ਗਰਾਉਂਡ ਵੱਲ ਵੇਖਦੇ ਰਹਿੰਦੇ..!
ਬੱਚੇ ਬੁੱਢੇ ਜਵਾਨ ਸੈਰ ਕਰਦੇ ਚੁੱਗੀਆਂ ਭਰਦੇ..ਜੀ ਲੱਗਿਆ ਰਹਿੰਦਾ..ਫੇਰ ਇੱਕ ਦਿਨ ਪਤਾ ਲੱਗਾ ਮੁੱਕ ਗਏ ਨੇ!
ਮੈਂ ਅਫਸੋਸ ਕਰਨ ਗਿਆ ਤਾਂ ਮੁੰਡਾ ਦੱਸਣ ਲੱਗਾ ਕੇ ਅਜੇ ਇੱਕ ਦਿਨ ਪਹਿਲੋਂ ਹੀ ਤਾਂ ਓਹਨਾ ਦਾ ਕਮਰਾ ਬਦਲਿਆ ਸੀ..ਕਲੀ ਕਰਾਉਣੀ ਸੀ..ਮੈਂ ਸਹਿ ਸੁਭਾ ਪੁੱਛ ਲਿਆ ਦੂਜੇ ਕਮਰੇ ਦੇ ਬਾਹਰ ਕੀ ਸੀ?
ਆਖਣ ਲੱਗਾ ਫੈਕਟਰੀਆਂ!
ਮੈਂ ਚੁੱਪ ਕਰ ਗਿਆ..ਸਾਰੇ ਆਖ ਰਹੇ ਸਨ ਕੇ ਮੌਤ ਦਿਲ ਦੇ ਦੌਰੇ ਕਰਕੇ ਹੋਈ ਪਰ ਅਸਲ ਕਾਰਨ ਮੈਂ ਜਾਣਦਾ ਸਾਂ..ਮੇਰੇ ਨਾਲ ਅਕਸਰ ਦਿਲ ਦੀਆਂ ਫਰੋਲ ਜੂ ਲਿਆ ਕਰਦੇ ਸਨ!
ਬਜ਼ੁਰਗ ਹੋਵਣ ਜਾਂ ਪਤਝੜ ਦੇ ਪੱਤੇ..ਮਸਪਸੰਦ ਥਾਂ ਬਦਲ ਦਿੱਤੀ ਜਾਵੇ ਤਾਂ ਬਹੁਤ ਚਿਰ ਜਿਉਂਦੇ ਕਿਥੇ ਰਹਿੰਦੇ ਨੇ..ਗਵਾਚ ਹੀ ਜਾਂਦੇ ਨੇ..ਚੁੱਪ ਚੁਪੀਤੇ..ਬਿਨਾ ਕੋਈ ਅਵਾਜ ਕੀਤਿਆਂ!
ਹਰਪ੍ਰੀਤ ਸਿੰਘ ਜਵੰਦਾ
Nice
Nice
Awesome
Nice
Nice One