ਇਕ ਦਿਨ ਦੁਪਹਿਰੇ ਰੋਟੀ ਨਹੀਂ ਖਾਧੀ..ਸ਼ਾਮ ਤੱਕ ਭੁੱਖ ਲੱਗ ਗਈ..ਡੱਬੇ ਚ ਦੇਖਿਆ ਮਿੱਸੀ ਰੋਟੀ ਪਈ ਸੀ …ਏਨੇ ਨੂੰ ਉਪਰੋਂ ਪੂਜਾ ਆ ਗਈ …ਕਹਿੰਦੀ ਚਲੋ ਕੱਠੇ ਚਾਹ ਪੀਂਦੇ ਆਂ…ਦੋ ਕੱਪ ਬਣਾਏ ਪਰ ਮੈਨੂੰ ਭੁੱਖ ਵੀ ਲੱਗੀ ਸੀ …ਮੈਂ ਨਾਲ ਮਿੱਸੀ ਰੋਟੀ ਰੱਖੀ ਤੇ ਚਾਹ ਚ ਗਰਾਹੀਂ ਡੁਬੋ ਕੇ ਖਾਣ ਲੱਗ ਗਈ…ਮੈਨੂੰ ਮਜ਼ਾ ਈ ਏਦਾਂ ਆਉਂਦਾ…ਅੱਗੋਂ ਓਹ੍ਹ ਕਹਿੰਦੀ ਸ਼ਰਮਾ ਨਾ ਆਪਾਂ ਵੀ ਚਾਹ ਚ ਸੇਵੀਆਂ ਪਾ ਕੇ ਖਾਂਦੇ ਆਂ..
ਕਹਿੰਦੀ ਮੇਰੀ ਨਨਾਣ ਸੀਮਾ ਦੀ ਸਹੇਲੀ ਨੇ ਮੁੰਡੇ ਦਾ ਵਿਆਹ ਕੀਤਾ ..ਅਗਲੇ ਦਿਨ ਓਹ੍ਹ ਸਾਰਾ ਪਰਿਵਾਰ ਕੱਠੇ ਬੈਠ ਕੇ ਚਾਹ ਪੀ ਰਹੇ ਸੀ ..ਓਹਦੀ ਨਵੀ ਨੂੰਹ ਨੇ ਬਿਸਕੁਟ ਚੁੱਕਿਆ ਤੇ ਚਾਹ ਚ ਡੁਬੋ ਕੇ ਖਾਣ ਲੱਗ ਗਈ ….ਓਹਦੀ ਸੱਸ ਅੱਖਾਂ ਕੱਢੇ…ਇਹ ਕੀ…
ਥੋੜ੍ਹੇ ਚਿਰ ਬਾਅਦ ਸੀਮਾ ਨੇ ਮੁੰਡਾ ਵਿਆਹਿਆ …ਵਿਆਹ ਤੋਂ ਅਗਲੇ ਦਿਨ ਕਦੇ ਭੰਡ ਆ ਗਏ ..ਕਦੇ ਖੁਸਰੇ ਆ ਗਏ..ਸੀਮਾ ਕੋਲੋ ਚੱਜ ਨਾਲ ਨਾਸ਼ਤਾ ਵੀ ਨਾ ਕਰ ਹੋਇਆ…ਜਦੋਂ ਸਾਰਿਆਂ ਨੂੰ ਤੋਰ ਕੇ ਵੇਹਲੀ ਹੋਈ ਤਾਂ ਉਹਨੇ ਚਾਹ ਬਣਾ ਲਈ ਸਾਰਿਆਂ ਲਈ…ਕਹਿੰਦੀ ਮੈਂ ਥੱਕੀ ਹੋਈ ਸੀ ਮੇਰਾ ਦਿਲ ਕਰੇ ਚਾਹ ਦੇ ਵੱਡੇ ਕੱਪ ਨਾਲ ਬਿਸਕੁਟ ਦੀ ਪਲੇਟ ਲੈ ਕੇ ਬੈਠ ਜਾਵਾਂ ਪਰ ਓਹਨੂੰ ਸਹੇਲੀ ਦੀ ਗੱਲ ਯਾਦ ਆ ਗਈ ਤੇ ਸੋਚਣ ਲੱਗੀ ਕਿਤੇ ਮੇਰੀ ਨੂੰਹ ਉਲਟ ਨਾ ਹੋਵੇ…ਕਹਿੰਦੀ ਮੈਂ ਬਿਸਕੁਟ ਨੂੰਹ ਦੇ ਅੱਗੇ ਕੀਤੇ …ਓਹ੍ਹ ਕਹਿੰਦੀ,” ਮੰਮੀ ਜੀ ਮੈਂ ਤਾਂ ਖਾਂਦੀ ਨਹੀਂ …ਮੈਂ ਭੁਜੀਆ ਲੈ ਲਵਾਂਗੀ” …ਸੀਮਾ ਨੇ ਓਹਦਾ ਟੈਸਟ ਲੈਣਾ ਸੀ ਕਿ ਬਿਸਕੁਟ ਕਿਵ਼ੇਂ ਖਾਂਦੀ ….ਸੀਮਾ ਕਹਿੰਦੀ -ਨਹੀਂ ਬੱਚੇ “ਇਕ ਤਾਂ ਤੈਨੂੰ ਲੈਣਾ ਈ ਪੈਣਾ “…ਨੂੰਹ ਰਾਣੀ ਨੇ ਚੁੱਕ ਲਿਆ ਤੇ ਡੁਬੋ ਕੇ ਖਾ ਲਿਆ …ਸੀਮਾ ਕਹਿੰਦੀ ਮੇਰੇ ਸਾਹ ਚ ਸਾਹ ਆਇਆ ਕਿ ਇਹ ਵੀ ਮੇਰੇ ਵਰਗੀ ਏ…ਮੈਂ ਵੀ ਚੌਂਕੜੀ ਮਾਰੀ ਤੇ ਪਲੇਟ ਆਪਣੇ ਅੱਗੇ ਰੱਖੀ ਤੇ ਚਾਰ ਪੰਜ ਬਿਸਕੁਟਾਂ ਨੂੰ ਡੋਬਾ ਦਿੱਤਾ ਤੇ ਮਜ਼ੇ ਨਾਲ ਚਾਹ ਪੀਤੀ।
ਕੁਲਵਿੰਦਰ ਕੌਰ