ਉਮਰ ਹੋਊ ਕੋਈ ਸਤਰ ਕੂ ਸਾਲ..ਚਿੱਟਾ ਦਾਹੜਾ..ਦਰਮਿਆਨਾ ਕਦ..ਮੇਰੇ ਅੱਗੇ ਅੱਗੇ ਤੁਰੇ ਜਾ ਰਹੇ ਸਨ..ਕਾਹਲੇ ਕਦਮੀਂ..ਅੱਗਿਓਂ ਆਉਂਦੇ ਹਰੇਕ ਵੱਲ ਵੇਖ ਥੋੜਾ ਰੁਕ ਜਿਹਾ ਜਾਂਦੇ..ਅਗਲਾ ਜਦੋਂ ਨਜਰਾਂ ਨਾ ਮਿਲਾਉਂਦਾ ਤਾਂ ਤੋਰ ਇੱਕ ਵਾਰ ਕਾਹਲੇ ਕਦਮੀਂ ਹੋ ਜਾਂਦੀ..!
ਜਿਗਿਆਸਾ ਜਿਹੀ ਜਾਗੀ..ਤੇਜ ਕਦਮਾਂ ਨਾਲ ਬਰੋਬਰ ਹੋ ਕੇ ਪਾਸੇ ਜਿਹੇ ਖਲਿਆਰ ਲਿਆ..ਡੌਰ-ਭੌਰ ਵੇਖੀ ਜਾਣ ਅਖ਼ੇ ਯਾਰ ਪਛਾਣਿਆਂ ਨਹੀਂ..ਤੂੰ ਕਿਧਰੇ ਮਲੇਰਕੋਟਲਿਓਂ ਥਾਣੇਦਾਰ ਦੇ ਘਰੋਂ ਟਾ ਨਹੀਂ..?
ਮੇਰੇ ਜਵਾਬ ਤੋਂ ਪਹਿਲੋਂ ਹੀ ਫੇਰ ਬੋਲਣਾ ਸ਼ੁਰੂ ਕਰ ਦਿੱਤਾ..”ਹੁਣ ਸਿਆਣ ਲਿਆ..ਤੂੰ ਚੀਮਿਆਂ ਦੇ ਘਰੋਂ ਓਹਨਾ ਦਾ ਜਵਾਈ..ਹੈਂ ਨਾ? ”
ਮੈਂ ਆਖਿਆ ਨਹੀਂ ਬਾਬਾ ਜੀ..!
ਮੈਨੂੰ ਬਾਹੋਂ ਫੜ ਕੋਲ ਬੇਂਚ ਤੇ ਬਿਠਾ ਲਿਆ..ਕੇਰਾਂ ਫੇਰ ਸ਼ੁਰੂ ਹੋ ਗਏ..ਸ਼ਾਇਦ ਕਦੇ ਦੇ ਡੱਕੇ ਹੋਏ ਸਨ..
“ਯਾਰ ਦਵਾਈ ਲੈਣ ਆਇਆਂ ਸਾਂ..ਆਹ ਵੇਖ ਦੋ ਚਾਰ ਪੱਤੇ ਹੀ ਰਹਿ ਗਏ..ਮੇਰੇ ਡੰਗਰ ਵੀ ਭੁੱਖੇ..ਐਤਕੀਂ ਪਿਛੇਤੀ ਬਾਸਮਤੀ ਵੀ ਡੁੱਬ ਗਈ..ਤੂੜੀ ਦੇ ਕੁੱਪ ਹੜ ਗਏ..ਜੋ ਜਹਾਨ ਦਾ ਸੱਪ ਸਾਡੇ ਅੰਦਰੀਂ ਆਣ ਵੜਿਆ..ਰੱਬ ਦੇ ਜੀ ਨੇ ਵਿਚਾਰੇ ਜਾਣ ਵੀ ਕਿੱਧਰ ਨੂੰ..ਪਰੂੰ ਮੋਹਿੰਦਰ ਕੌਰ ਦੀ ਸੱਸ ਪੂਰੀ ਹੋ ਗਈ ਸੀ..ਮੇਰੀ ਵੱਖੀ ਵਿਚ ਵੀ ਪੀੜ ਜਿਹੀ ਨਿਕਲਦੀ..ਇਲਾਇਚੀ ਨਾਲ ਠੀਕ ਹੁੰਦੀ..ਉਹ ਵੀ ਮੁੱਕ ਗਈਆਂ..ਘਰੇ ਆਖਦੇ ਬੁੜਾ ਖਾਂਦਾ ਘਟ ਰੋਲਦਾ ਜਿਆਦਾ..ਹੁਣ ਕਰਾਂ ਵੀ ਕੀ..ਚਿੱਥੀ ਜੂ ਨਹੀਂ ਜਾਂਦੀ..ਨਾਲ ਹੀ ਮੂੰਹ ਵਿਚ ਆਪਣਾ ਪੋਟਾ ਪਾ ਲਿਆ..ਦਾਹੜ ਵਿਖਾਉਣ ਲੱਗੇ..ਐਤਕੀ ਗਿਆ ਤਾਂ ਕਢਵਾ ਦੇਣੀ ਏ ਬਾਘੇ ਪੁਰਾਣੇ ਸ਼ਰਮੇਂ ਤੋਂ..ਇਥੇ ਤਾਂ ਆਹਂਦੇ ਪੈਸੇ ਈ ਬੜੇ ਲੱਗਦੇ..ਖੈਰ ਤੂੰ ਦੱਸ..ਤੇਰਾ ਕਿਹੜਾ ਪਿੰਡ?
ਜੁਆਬ ਦੇਣ ਹੀ ਲੱਗਾ ਸਾਂ ਕੇ ਫੇਰ ਟੋਕ ਦਿੱਤਾ..”ਯਾਰ ਮੈਨੂੰ ਘਰੇ ਕੋਈ ਨੀ ਕਵਾਉਂਦਾ..ਕੱਲਾ ਹੀ ਬੋਲਦਾ ਰਹਿੰਦਾ..ਫੇਰ ਮੇਰਾ ਹੱਥ ਫੜ ਲਿਆ ਤੇ ਆਖਣ ਲੱਗੇ..”ਆਖ ਵੇਖ ਕੇ ਮੇਰਾ ਪਾਸਪੋਰਟ ਹੀ ਦਵਾ ਦੇ..ਮੈਂ ਵਾਪਿਸ ਪਰਤ ਜਾਣਾ..ਇਥੇ ਜੀ ਨਹੀਂ ਲੱਗਦਾ”
ਨਾਲ ਹੀ ਰੋ ਪਏ!
ਫੇਰ ਘੜੀ ਕੂ ਮਗਰੋਂ ਆਪੇ ਹੁੰਝੂ ਪੂੰਝ ਉੱਠ ਖਲੋਤੇ ਤੇ ਕਿੰਨਾ ਕੁਝ ਬੋਲਦੇ ਹੋਏ ਤੁਰ ਪਏ..”ਯਾਰ ਮੁਹਿੰਦਰ ਕੌਰ ਪੂਰੀ ਹੋ ਗਈ..ਮੋੜਵੀਂ ਮਕਾਣ..ਕੋਠੇ ਛਤੀਰੀਆਂ..”
ਥੋੜੀ ਦੂਰ ਮਗਰ ਗਿਆ ਪਰ ਹੋਰ ਤੇਜ ਹੋ ਗਏ..ਅਖੀਰ ਅੱਖੋਂ ਓਹਲੇ..ਸ਼ਾਇਦ ਮਨ ਤੇ ਪਿਆ ਥੋੜਾ ਹੌਲਾ ਹੋ ਗਿਆ ਸੀ..!
ਤੁਰੇ ਜਾਂਦਿਆਂ ਨੂੰ ਵੇਖ ਸੋਚ ਰਿਹਾਂ ਸਾਂ ਬੰਦੇ ਨੂੰ ਜਦੋਂ ਸੱਪਾਂ ਨਾਲ ਹਮਦਰਦੀ ਹੋ ਜਾਵੇ ਤਾਂ ਪੱਕੀ ਗੱਲ ਏ ਕੋਲ ਰਹਿੰਦਾ ਕੋਈ ਹਮਸਾਇਆ ਸੱਪਾਂ ਨਾਲੋਂ ਵੀ ਵੱਧ ਜ਼ਹਿਰੀ ਡੰਗ ਮਾਰ ਰਿਹਾ ਹੋਵੇਗਾ..!
“ਦਵਾ ਕੀ ਬੋਤਲੋਂ ਮੇਂ ਹਮਦਰਦੀ ਭਰਕਰ ਬਾਂਟਾ ਕਰੋ ਦੋਸਤੋ..ਆਜ ਕਲ ਲੋਕ ਬਿਮਾਰੀਓਂ ਸੇ ਨਹੀਂ ਤਨਹਾਈਓਂ ਸੇ ਮਰੇ ਜਾ ਰਹੇਂ ਹੈਂ!
ਹਰਪ੍ਰੀਤ ਸਿੰਘ ਜਵੰਦਾ