ਕੋਈ ਸਮਾਂ ਸੀ ਜਦੋਂ ਮੁੰਡੇ ਦਾ ਵਿਆਹ ਰੱਖਿਆ ਜਾਂਦਾ ਸੀ ਤਾਂ ਸਭ ਤੋਂ ਪਹਿਲਾਂ ਦੋ ਤਿੰਨ ਕਾਰਜ ਇਹੋ ਜਿਹੇ ਸੀ ਜਿੰਨਾ ਦਾ ਵਿਆਹ ਵਾਲਿਆਂ ਨੂੰ ਜ਼ਿਆਦਾ ਫ਼ਿਕਰ ਹੁੰਦਾ ਸੀ ਇੱਕ ਤਾਂ ਬਰਾਤ ਲਈ ਬੱਸ ਕਰਨੀ ਦੂਜਾ ਹਲਵਾਈ ਤੇ ਤੀਜਾ ਬਾਜੇ ਵਾਲੇ ਕਈ ਵਾਰ ਜ਼ਿਆਦਾ ਸਾਹਾ ਹੋਣ ਕਰਕੇ ਇਹ ਆਸਾਨੀ ਨਾਲ ਨਹੀਂ ਸਨ ਮਿਲਦੇ ਜਾਂ ਫੇਰ ਵੱਧ ਰੇਟ ਤੇ ਕਰਨੇ ਪੈਂਦੇ ਸੀ ਅੱਸੀ ਨੱਬੇ ਦੇ ਦਹਾਕਿਆਂ ਵਿਚ ਵਿਆਹਾਂ ਵਿਚ ਦੋ ਤਰ੍ਹਾਂ ਦੇ ਬਾਜੇ ਵਾਲਿਆਂ ਦੀ ਪੂਰੀ ਚੜਤ ਹੁੰਦੀ ਸੀ ਇਕ ਤਾਂ ਹੁੰਦਾ ਸੀ ਬੈਂਡ ਬਾਜਾ, ਦੂਜਾ ਫ਼ੌਜੀ ਬੈਂਡ ਦਾ ਵਰਜਨ ਜਿਸ ਨੂੰ ਨੂੰ ਅਸੀਂ ਤਾਂ ਬੀਨ ਬਾਜਾ ਹੀ ਕਹਿੰਦੇ ਹੁੰਦੇ ਸੀ ਹੁਣ ਜਿਸ ਬਰਾਤ ਵਿੱਚ ਤਾਂ ਬੈਂਡ ਬਾਜਾ ਹੁੰਦਾ ਸੀ ਉਹ ਤਾਂ ਲਗਦੀ ਸੀ ਕਿ ਜਿਵੇਂ ਥੋੜ੍ਹੇ ਪੜ੍ਹੇ ਲਿੱਖਿਆ ਦੀ ਬਰਾਤ ਹੋਵੇ ਵਾਜੇ ਵਾਲਿਆ ਨੇ ਜਿਵੇਂ ਅੰਗਰੇਜ਼ੀ ਫੌਜ ਦੀਆਂ ਵਰਦੀਆਂ ਪਾਈਆਂ ਹੋਣ ਇੱਕ ਹੁੰਦਾ ਸੀ ਉਨ੍ਹਾਂ ਦਾ ਮਾਸਟਰ ਜੋ ਉਨ੍ਹਾਂ ਦੀ ਰਹਿਨੁਮਾਈ ਕਰਦਾ ਸੀ ਕਿਸੇ ਨੇ ਕੋਈ ਬਾਜੇ ਵਿਚ ਆਪਣੀ ਪਸੰਦ ਦਾ ਗੀਤ ਲਵਾਓਣਾ ਹੋਵੇ ਤਾਂ ਉਨ੍ਹਾਂ ਦੇ ਮਾਸਟਰ ਨੂੰ ਹੀ ਦੱਸਣਾ ਪੈਂਦਾ ਸੀ , ਪਰ ਜਦੋਂ ਸਵੇਰੇ ਬਰਾਤ ਚੜ੍ਹਨ ਵੇਲੇ ਇਹਨਾਂ ਦੀ ਪੂਰੀ ਟੀਮ ਪੂਰੇ ਅਨੁਸ਼ਾਸ਼ਨ ਚ ਚਾਰ ਸੱਜੇ ਚਾਰ ਖੱਬੇ ਅਤੇ ਵਿਚਕਾਰ ਇਹਨਾਂ ਦਾ ਮਾਸਟਰ ਲਾੜੇ ਦੇ ਅੱਗੇ ਬੈਂਡ ਵਜਾਉਂਦੇ ਜਾਂਦੇ ਤਾਂ ਲਾੜੇ ਦੀ ਟੌਹਰ ਕਿਸੇ ਰਾਜੇ ਮਹਾਰਾਜੇ ਤੋਂ ਘੱਟ ਨਹੀਂ ਸੀ ਜਾਪਦੀ ਪਰ ਦੁਪਿਹਰ ਦਾ ਸਮਾਂ ਹੋਣ ਤੱਕ ਕਈ ਸ਼ਰਾਬੀ ਇਹਨਾਂ ਦਾ ਵੀ ਸੁਰ ਤਾਲ ਵਿਗਾੜ ਦਿੰਦੇ ਸੀ ਜਿਵੇਂ ਅੱਜਕਲ੍ਹ ਡੀਜੇ ਤੇ ਆਪਣੀ ਪਸੰਦ ਦਾ ਗੀਤ ਲਵਾਉਣ ਲਈ ਧੱਕਾ ਮੁੱਕੀ ਤੱਕ ਹੋ ਜਾਂਦੈ ਉਦੋਂ ਇਹ ਕੰਮ ਬਾਜੇ ਵਾਲਿਆਂ ਨਾਲ਼ ਹੁੰਦਾ ਸੀ ਕਈ ਤਾਂ ਨਗੀਨਾ ਫ਼ਿਲਮ ਦਾ ਗੀਤ ਲਵਾ ਕੇ ਸੱਪ ਵਾਂਗੂੰ ਮੇਲਣ ਲੱਗ ਪੈਂਦੈ ਸੀ ਪਰ ਸ਼ਰਾਬੀਆਂ ਵਲੋਂ ਨੋਟ ਵੀ ਖ਼ੂਬ ਵਾਰੇ ਜਾਂਦੇ ਸੀ ।
ਹੁਣ ਗੱਲ ਕਰਦੇ ਹਾਂ ਬੀਨ ਬਾਜੇ ਦੀ ਇਹ ਹੁੰਦਾ ਤਾਂ ਫੌਜੀ ਬੈਂਡ ਹੀ ਸੀ ਪਰ ਵਜਾਉਣ ਵਾਲਿਆਂ ਦਾ ਪਹਿਰਾਵਾ ਜਮਾਂ ਦੇਸੀ ਹੁੰਦਾ ਸੀ ਕੁੜਤਾ ਚਾਦਰਾ ਅਤੇ ਉੱਤੋਂ ਗਾਉਣ ਵਾਲਿਆਂ ਵਾਂਗੂੰ ਚਮਕੀਲੀ ਜਿਹੀ ਜੈਕਟ ਅਤੇ ਸਿਰ ਤੇ ਟੌਹਰੇ ਵਾਲੀ ਪੱਗ ਬੰਨ੍ਹੀ ਹੁੰਦੀ ਸੀ ਇਹਨਾਂ ਦੇ ਗਰੁੱਪ ਵਿਚ ਦੋ ਤਿੰਨ ਜਣੇ ਮਰਦਾਨਾਂ ਤੋਂ ਜਨਾਨਾਂ ਬਣੇ ਜਿਨ੍ਹਾਂ ਨੂੰ ਨਚਾਰ ਕਿਹਾ ਜਾਂਦਾ ਸੀ ਵੀ ਹੁੰਦੇ ਸੀ ਅਸਲ ਵਿੱਚ ਤਾਂ ਇਹ ਬਾਜਾ ਨਚਾਰਾ ਕਰਕੇ ਹੀ ਪ੍ਰਸਿੱਧ ਹੁੰਦਾ ਸੀ ਅੱਜ ਕੱਲ੍ਹ ਤਾਂ ਵਿਆਹਾਂ ਵਿਚ ਕੁੜੀਆਂ ਡਾਂਸਰਾਂ ਬੁਲਾਈਆਂ ਜਾਂਦੀਆਂ ਹਨ ਪਰ ਉਦੋਂ ਬਰਾਤ ਦੇ ਮਨੋਰੰਜਨ ਲਈ ਨਚਾਰ ਹੀ ਹੁੰਦੇ ਸੀ ਜੋ ਬੀਨ ਬਾਜੇ ਦੇ ਸੁਰਾਂ ਤੇ ਨੱਚ ਨੱਚ ਕੇ ਬਰਾਤ ਦਾ ਭਰਪੂਰ ਮਨੋਰੰਜਨ ਕਰਦੇ ਹੁੰਦੇ ਸੀ ।
ਭਾਵੇਂ ਅੱਜ ਕੱਲ੍ਹ ਡੀਜੇ ਦੇ ਸ਼ੋਰ ਨੇ ਵਾਜੇ ਵਾਲਿਆਂ ਦੀਆਂ ਕਦਰਾਂ ਕੀਮਤਾਂ ਨੂੰ ਖੋਰਾ ਲਾਇਆ ਹੋਵੇ ਪਰ ਉਹਨਾਂ ਸਮਿਆਂ ਵਿੱਚ ਵਿਆਹ ਦਾ ਸਾਰਾ ਦਾਰਮਦਾਰ ਬਾਜੇ ਵਾਲਿਆਂ ਤੇ ਹੀ ਹੁੰਦਾ ਸੀ।
ਦਵਿੰਦਰ ਸਿੰਘ ਰਿੰਕੂ,
ਓਸ ਵੇਲੇ ਓਹਨਾਂ ਦਾ ਆਪਣਾ ਹੀ ਨਜ਼ਾਰਾ ਹੁੰਦਾ ਸੀ