ਸਾਨੂੰ ਉਥੇ ਇਕ ਹਫਤਾ ਹੀ ਹੋਇਆ ਸੀ ਕਿ ਗੁਆਂਢ ਦੇ ਬੱਚਿਆਂ ਨਾਲ ਬਾਹਰ ਖੇਡਦੇ ਪਾਰਸ ਨੂੰ ਦੋ ਮੋਟਰ ਸਾਇਕਲ ਸਵਾਰ ਚੁੱਕ ਕੇ ਲੈ ਗਏ, ਸਾਡੇ ਸਭ ਦੇ ਹੋਸ਼ ਉਡ ਗਏ ਪਰ ਇਸਤੋਂ ਪਹਿਲਾਂ ਕਿ ਅਸੀਂ ਕੁਝ ਕਰਦੇ ਘਰ ਫੋਨ ਦੀ ਘੰਟੀ ਖੜਕ ਗਈ, ਅਗਵਾਕਾਰ ਨੇ ਪੰਜ ਲੱਖ ਰੁਪਏ ਦੀ ਮੰਗ ਰੱਖੀ ਨਾਲ ਹੀ ਧਮਕੀ ਵੀ ਸੁਣਾ ਦਿੱਤੀ ਕਿ ਜੇ ਪੁਲਿਸ ਤੱਕ ਪਹੁੰਚੇ ਤਾਂ ਬੱਚੇ ਦੀ ਲਾਸ਼ ਮਿਲੇਗੀ । ਉਸ ਵੇਲੇ ਦਿਮਾਗ ਸੁੰਨ ਹੀ ਹੋ ਗਿਆ ਸੀ, ਸਮਝ ਨਹੀਂ ਲੱਗ ਰਹੀ ਸੀ ਕਿ ਕੀ ਕੀਤਾ ਜਾਵੇ । ਰੂਬੀ ਦਾ ਰੋ – ਰੋ ਬੁਰਾ ਹਾਲ ਸੀ, ਮਹਿੰਦਰ ਅੰਦਾਜਾ ਲਾ ਰਿਹਾ ਸੀ ਕਿ ਇਹ ਕੌਣ ਹੋ ਸਕਦਾ ਜਿਸਨੇ ਮਿੱਥ ਕੇ ਪਾਰਸ ਨੂੰ ਹੀ ਚੁੱਕਿਆ ਕਿਸੇ ਹੋਰ ਨੂੰ ਨਹੀਂ । ਇਕਦਮ ਮੈਨੂੰ ਨਾਨਕ ਸਿੰਘ ਦਾ ਖਿਆਲ ਆਇਆ, ਦੋ ਦਿਨ ਪਹਿਲਾਂ ਹੀ ਉਸ ਨਾਲ ਫੋਨ ਤੇ ਗੱਲ ਹੋਈ ਸੀ, ਕਿਉਕਿ ਉਨ੍ਹੀ ਦਿਨੀ ਕਿਸੇ ਕੋਲ ਈ ਮੁਬਾਇਲ ਹੁੰਦਾ ਸੀ ਇਸ ਲਈ ਨਾਨਕ ਸਿੰਘ ਨੇ ਬੜੀ ਅਪਣੱਤ ਨਾਲ ਅਪਣਾ ਮੁਬਾਇਲ ਨੰਬਰ ਦੱਸਿਆ ਤੇ ਮਿਲਕੇ ਜਾਣ ਦਾ ਵਾਅਦਾ ਲਿਆ ਸੀ । ਮੈ ਕਾਹਲੀ ਨਾਲ ਨਾਨਕ ਸਿੰਘ ਨੂੰ ਫੋਨ ਲਾਇਆ , ਘਬਰਾਏ ਹੋਏ ਨੇ ਸਾਰੀ ਗੱਲ ਉਸਨੂੰ ਦੱਸੀ ਤਾਂ ਨਾਨਕ ਸਿੰਘ ਨੇ ਕਿਹਾ ਕਿ ਤਸੀਂ ਪੁਲਿਸ ਤੱਕ ਪਹੁੰਚ ਨਾ ਕਰਿਓ ਨਹੀਂ ਤਾਂ ਪਾਰਸ ਦੇ ਲਈ ਖਤਰਾ ਹੋ ਸਕਦਾ । ਨਾਨਕ ਸਿੰਘ ਨੇI ਕਿਹਾ ਕਿ ਮੈ ਅਪਣੇ ਵੱਲੋਂ ਸੂਹ ਕਢਵਾ ਕੇ ਦੇਖਦਾਂ, ਪਰ ਦਿਨ ਢਲ ਗਿਆ ਤੇ ਉਸੇ ਹਾਲਤ ਵਿਚ ਰਾਤ ਵੀ ਲੰਘ ਗਈ। ਮੈ ਸਵੇਰੇ ਹੀ ਨਾਨਕ ਸਿੰਘ ਨੂੰ ਫੇਰ ਫੋਨ ਲਾਇਆ ਤਾਂ ਉਸਨੇ ਦੱਸਿਆ ਕਿ ਮੈ ਤੇਰੇ ਸ਼ਹਿਰ ਹੀ ਆਇਆ ਹੋਇਆਂ ਤੇ ਐਸ ਐਚ ਓ ਮੇਰਾ ਕਰੀਬੀ ਦੋਸਤ ਏ। ਉਸਨੇ ਮੈਨੂੰ ਐਸ ਐਚ ਓ ਦੀ ਕੋਠੀ ਪਹੁੰਚਣ ਲਈ ਕਿਹਾ । ਮੈ ਫੋਨ ਰੱਖ ਕੇ ਸਾਰੀ ਗੱਲ ਮਹਿੰਦਰ ਨੂੰ ਦੱਸੀ ਤੇ ਜਾਣ ਲਈ ਸਕੂਟਰ ਚੱਕ ਲਿਆ, ਮਹਿੰਦਰ ਨਾਲ ਜਾਣ ਲੱਗਾ ਤਾਂ ਰਾਣੇ ਨੇ ਉਸਨੂੰ ਰੋਕ ਦਿੱਤਾ ਤੇ ਆਪ ਮੇਰੇ ਨਾਲ ਚੱਲ ਪਿਆ । ਐਸ ਐਚ ਓ ਦੀ ਕੋਠੀ ਪਹੁੰਚੇ ਤਾਂ ਨਾਲ ਹੀ ਨਾਨਕ ਸਿੰਘ ਵੀ ਆ ਪਹੁੰਚਿਆ , ਮੈ ਸਾਰੀ ਗੱਲ ਉਨ੍ਹਾਂ ਨੂੰ ਦੱਸ ਹੀ ਰਿਹਾ ਸੀ ਕਿ ਘਰੋਂ ਮਹਿੰਦਰ ਦਾ ਫੋਨ ਨਾਨਕ ਸਿੰਘ ਨੂੰ ਆ ਗਿਆ, ਉਸਨੇ ਦੱਸਿਆ ਕਿ ਅਗਵਾਕਾਰਾਂ ਨੇ ਹੁਣੇ ਦੁਬਾਰਾ ਫੋਨ ਕਰਕੇ ਚਾਰ ਘੰਟਿਆਂ ਵਿੱਚ ਰਕਮ ਮੰਗੀ ਏ । ਐਸ ਐਚ ਓ ਨੇ ਇਕ ਕਾਗਜ ਤੇ ਪੈਨ ਚੁਕਿਆ, ਮੇਰੇ ਤੋਂ ਪੁੱਛਕੇ ਘਰ ਦਾ ਫੋਨ ਨੰਬਰ ਲਿਖਿਆ, ਅਗਵਾਕਾਰਾਂ ਦੇ ਦੋਵੇਂ ਫੋਨ ਅੰਦਾਜਨ ਕਿਹੜੇ ਵੇਲੇ ਆਏ, ਉਸਤੋਂ ਪਹਿਲਾਂ ਤੇ ਬਾਅਦ ਵਿਚ ਕਿਸਦਾ ਫੋਨ ਆਇਆ, ਕਿੰਨੀ ਲੰਬੀ ਗੱਲਬਾਤ ਹੋਈ ਤੇ ਅਜਿਹੀਆਂ ਹੋਰ ਗੱਲਾਂ ਮੇਰੇ ਤੋਂ ਪੁਛਕੇ ਲਿਖੀਆਂ ਤੇ ਕਾਗਜ ਕੋਲ ਖੜੇ ਸਿਪਾਹੀ ਨੂੰ ਫੜਾਇਆ ਤੇ ਕਿਹਾ ਕੰਟਰੋਲ ਰੂਮ ਤੋਂ ਡੀਟੇਲ ਕਢਵਾਓ । ਮੈ ਸੋਚਣ ਲੱਗਿਆ ਕਿ ਇੰਡੀਆ ਦੀ ਪੁਲਿਸ ਐਨੀ ਤਰੱਕੀ ਕਰ ਗਈ ਕਿ ਸਿੱਧੀ ਕੰਟਰੋਲ ਰੂਮ ਤੋਂ ਜਾਣਕਾਰੀ •••• ਰਾਣੇ ਨੇ ਮੇਰੇ ਮੋਢੇ ਤੇ ਹੱਥ ਰੱਖ ਕੇ ਕਿਹਾ ਮੈ ਦੋ ਮਿੰਟ ਵਿਚ ਵਾਪਿਸ ਆਉਨਾ ਤੇ ਉਥੋਂ ਬਾਹਰ ਨਿਕਲ ਗਿਆ, ਨਾਲ ਹੀ ਐਸ ਐਚ ਓ ਨੇ ਕੋਲ ਖੜੇ ਸਿਪਾਹੀ ਨੂੰ ਇਸ਼ਾਰੇ ਨਾਲ ਬਾਹਰ ਭੇਜ ਦਿੱਤਾ ਤੇ ਮੈਨੂੰ ਪੁਛਿਆ “ਕਿਸੇ ਤੇ ਸ਼ੱਕ ? ਮੈ ਨਾਂਹ ਵਿਚ ਸਿਰ ਹਿਲਾਇਆ । ਉਸਨੇ ਫੇਰ ਪੁਛਿਆ “ਇਹ ਨਾਲ ਆਇਆ ਬੰਦਾ ਕੌਣ ਏ ? ਮੇਰੀ ਥਾਂ ਤੇ ਨਾਨਕ ਸਿੰਘ ਬੋਲਿਆ “ਇਹਦੇ ਵੱਡੇ ਭਰਾ ਦਾ ਸਾਲ਼ਾ ਏ, ਰਾਣਾ , ਇਹਦੇ ਭਰਾ ਦੇ ਕਾਰੋਬਾਰ ਵਿਚ ਹਿਸੇਦਾਰ ਵੀ ਏ ਤੇ ਇਨ੍ਹਾਂ ਦੇ ਘਰ ਹੀ ਰਹਿੰਦਾ। ਐਸ ਐਚ ਓ ਬੋਲਿਆ “ਫੇਰ ਤਾਂ ਪਹਿਲਾ ਸ਼ੱਕ ਇਹਦੇ ਉਪਰ ਈ ਜਾਂਦਾ । ਮੈ ਹੈਰਾਨੀ ਨਾਲ ਉਸ ਵੱਲ ਦੇਖਿਆ, ਤੇ ਉਹ ਬੇਪਰਵਾਹੀ ਨਾਲ ਫੇਰ ਬੋਲਿਆ “ਕੋਈ ਗੱਲ ਨੀ ਰੁਕੋ ਥੋੜੀ ਦੇਰ ਹੁਣੇ ਪਤਾ ਲੱਗ ਜਾਂਦਾ, ਵੈਸੇ ਉਹ ਬਾਹਰ ਕਿਓਂ ਗਿਆ” ? ਮੈ ਕੁਛ ਸੋਚਕੇ ਕਿਹਾ ਸ਼ਾਇਦ ਸਿਗਰਟ ਪੀਣ ਗਿਆ ਹੋਣਾ । ਉਸੇ ਵੇਲੇ ਜਿਹੜਾ ਸਿਪਾਹੀ ਐਸ ਐਚ ਓ ਨੇ ਇਸ਼ਾਰੇ ਨਾਲ ਬਾਹਰ ਭੇਜਿਆ ਸੀ ਉਹ ਰਾਣੇ ਨੂੰ ਧੌਣ ਤੋਂ ਫੜਕੇ ਧੱਕੇ ਮਾਰਦਾ ਅੰਦਰ ਲਿਆਇਆ ਤੇ ਐਸ ਐਚ ਓ ਦੇ ਸਾਹਮਣੇ ਲਿਆ ਕੇ ਬੋਲਿਆ “ਸਾਹਬ ਇਹ ਬਾਹਰ ਕਿਸੇ ਨੂੰ ਫੋਨ ਤੇ ਕਹਿ ਰਿਹਾ ਸੀ ਕਿ ਕੰਟਰੋਲ ਰੂਮ ਤੋਂ ਡੀਟੇਲ ਕਢਵਾਉਣ ਲੱਗੇ ਆ ਟਿਕਾਣਾ ਬਦਲੋ” । ਮੈ ਹੈਰਾਨ ਰਹਿ ਗਿਆ ਕਿ ਆਹ ਕੀ ਹੋ ਗਿਆ, ਨਾਨਕ ਸਿੰਘ ਨੇ ਉਠਕੇ ਜੋਰਦਾਰ ਥੱਪੜ ਰਾਣੇ ਦੇ ਮਾਰਿਆ ਤੇ ਉਹ ਪਿਛੇ ਨੂੰ ਡਿਗ ਪਿਆ, ਡਿਗਦੇ ਨੂੰ ਪਿਛੋਂ ਜੱਫਾ ਮਾਰਕੇ ਸਿਪਾਹੀ ਨੇ ਫੜਿਆ ਤੇ ਨਾਨਕ ਸਿੰਘ ਨੇ ਇਕ ਥੱਪੜ ਹੋਰ ਛੱਡਿਆ । ਐਸ ਐਚ ਓ ਨੇ ਨਾਨਕ ਸਿੰਘ ਨੂੰ ਰੋਕਿਆ ਤੇ ਮੈਨੂੰ ਦੱਸਣ ਲੱਗਿਆ ਕਿ ਅਜਿਹੇ ਕੇਸਾਂ ਵਿਚ ਪੁਲਿਸ ਨੂੰ ਸਭ ਤੋਂ ਪਹਿਲਾਂ ਸ਼ੱਕ ਤੁਹਾਡੇ ਨਾਲ ਆਏ ਬੰਦੇ ਤੇ ਹੀ ਹੁੰਦਾ ਕਿਉਂਕਿ ਉਹ ਤੁਹਾਡੀਆਂ ਨਜ਼ਰਾਂ ਵਿਚ ਚੰਗਾ ਬਣਨ ਲਈ ਤੇ ਸਾਰੀ ਗੱਲ ਦੀ ਸੂਹ ਲੈਣ ਲਈ ਉਹ ਨਾਲ ਨਾਲ ਫਿਰਦਾ । ਐਸ ਐਚ ਓ ਨੇ ਦੱਸਿਆ ਕਿ ਮੈ ਸਿਪਾਹੀ ਨੂੰ ਕੰਟਰੋਲ ਰੂਮ ਤੋਂ ਡੀਟੇਲ ਕਢਵਾਉਣ ਬਾਰੇ ਜਾਣਬੁਝ ਕੇ ਕਿਹਾ ਜਿਸਤੋਂ ਇਹ ਘਬਰਾਕੇ ਇਕਦਮ ਬਾਹਰ ਨੂੰ ਚਲਾ ਗਿਆ ਤਾਂ ਮੇਰਾ ਸ਼ੱਕ ਹੋਰ ਵੀ ਪੱਕਾ ਹੋ ਗਿਆ ਤੇ ਮੈ ਦੂਜੇ ਸਿਪਾਹੀ ਨੂੰ ਇਹਦੇ ਪਿੱਛੇ ਭੇਜਿਆ, ਇਹਨੇ ਕਾਹਲੀ ਵਿਚ ਗਲਤੀ ਕੀਤੀ ਤੇ ਫੜਿਆ ਗਿਆ । ਮੁੜਕੇ ਉਸਨੇ ਸਿਪਾਹੀ ਨੂੰ ਪੁਛਿਆ “ਇਹਦਾ ਫੋਨ ਫੜਿਆ ?
ਜੀ ਸਾਹਬ ਫੜ ਲਿਆ।
ਪਤਾ ਕਰੋ ਹੁਣ ਉਹ ਕਿਹੜੇ ਟਿਕਾਣੇ ਤੇ ਭੇਜੇ ਨੇ ਇਹਨੇ ।
ਸਿਪਾਹੀ ਨੇ ਚਾਰ ਪੰਜ ਠੁਡੇ ਤੇ ਡੰਡੇ ਈ ਲਾਏ ਸੀ ਕਿ ਰਾਣੇ ਨੇ ਕੰਬਦੇ ਬੋਲਾਂ ਨਾਲ ਇਕ ਪੁਰਾਣੇ ਬੰਦ ਪਏ ਪੋਲਟਰੀ ਫਾਰਮ ਦਾ ਪਤਾ ਦੱਸ ਦਿੱਤਾ । ਰਾਣੇ ਨੂੰ ਗੱਡੀ ਵਿਚ ਸੁਟਕੇ ਨਾਲ ਹੋਰ ਪੁਲਿਸ ਲੈਕੇ ਐਸ ਐਚ ਓ ਚੱਲ ਪਿਆ, ਮੈ ਤੇ ਨਾਨਕ ਸਿੰਘ ਦੂਜੀ ਗੱਡੀ ਵਿਚ ਪਿਛੇ ਹੀ ਚੱਲ ਪਏ । ਰਾਣੇ ਦੇ ਬੰਦੇ ਪਾਰਸ ਨੂੰ ਲੈਕੇ ਉੱਥੇ ਪਹੁੰਚੇ ਹੀ ਸੀ ਕਿ ਪੁਲਿਸ ਨੇ ਜਾ ਦਬੋਚੇ । ਇਕ ਪੁਰਾਣੀ ਜਿਹੀ ਵੈਨ ਦੀ ਡਿੱਗੀ ਵਿਚ ਪਾਰਸ ਨੂੰ ਬੰਨਕੇ ਸੁਟਿਆ ਹੋਇਆ ਸੀ, ਉਸਨੂੰ ਬਾਹਰ ਕੱਢਿਆ ਤਾਂ ਉਹ ਮੈਨੂੰ ਚਿੰਬੜ ਕੇ ਰੋਣ ਲੱਗ ਪਿਆ ਤੇ ਇਹ ਉਹ ਦਿਨ ਸੀ ਜਦ ਮੈ ਪਹਿਲੀ ਵਾਰ ਪਾਰਸ ਨੂੰ ਜੱਫੀ ਵਿਚ ਲੈਕੇ ਰੋਇਆ ਸੀ । ਤੇ ਹੁਣ ਜਦੋਂ ਮੈ ਪਾਰਸ ਨੂੰ ਕਨੇਡੀਅਨ ਪੁਲਿਸ ਦੀ ਵਰਦੀ ਵਿਚ ਦੇਖਿਆ ਤਾਂ ਉਹ ਸਭ ਅੱਖਾਂ ਅੱਗੇ ਆ ਗਿਆ ਤੇ ਪਾਰਸ ਨੂੰ ਜੱਫੀ ਵਿਚ ਲੈਕੇ ਮੇਰਾ ਰੋਣ ਨਿਕਲ ਗਿਆ ।
ਉਸ ਵੇਲੇ ਰਾਣੇ ਵੱਲ ਦੇਖ ਕੇ ਮੇਰੇ ਸਿਰ ਨੂੰ ਖੂਨ ਚੜ ਰਿਹਾ ਸੀ, ਮੇਰਾ ਦਿਮਾਗ ਫਟਣ ਵਾਲਾ ਹੋ ਗਿਆ ਸੀ ਤੇ ਮੈ ਇਕ ਸਿਪਾਹੀ ਤੋਂ ਡੰਡਾ ਖੋਹ ਕੇ ਰਾਣੇ ਨੂੰ ਕੁੱਟਣ ਲੱਗਿਆ ਥੋੜੇ ਕੁਟਾਪੇ ਤੋਂ ਬਾਅਦ ਮੈਨੂੰ ਨਾਨਕ ਸਿੰਘ ਨੇ ਰੋਕ ਲਿਆ, ਪਰ ਮੈ ਰਾਣੇ ਤੋਂ ਪੁਛਣਾ ਚਹੁੰਦਾ ਸੀ ਕਿ ਆਖਰ ਇਹ ਸਭ ਕੁੱਝ ਕਿਉਂ ਕੀਤਾ । ਪਹਿਲਾਂ ਹੀ ਡਰੇ ਹੋਏ ਰਾਣੇ ਨੇ ਪਹਿਲੇ ਦਬਕੇ ਤੇ ਹੀ ਸਭ ਕੁਝ ਬਕ ਦਿੱਤਾ, ਉਸਦੇ ਦੱਸਣ ਮੁਤਾਬਿਕ ਮੇਰੇ ਇੰਡੀਆ ਆ ਜਾਣ ਕਰਕੇ ਸੁਨੀਤਾ ਭਾਬੀ ਨੂੰ ਇਹ ਵਹਿਮ ਹੋ ਗਿਆ ਕਿ ਹੁਣ ਮੈ ਜਾਇਦਾਦ ਅਤੇ ਕਾਰੋਬਾਰ ਵਿਚੋਂ ਹਿੱਸਾ ਮੰਗਾਂਗਾ ਇਸ ਲਈ ਉਸਨੇ ਰਾਣੇ ਦੇ ਕੰਨ ਭਰਨੇ ਸ਼ੁਰੂ ਕਰ ਦਿੱਤੇ ਤੇ ਰਾਣੇ ਨੂੰ ਇਹ ਡਰ ਹੋ ਗਿਆ ਕਿ ਜੇ ਬਿਜਨੈਸ ਵਿੱਚੋਂ ਅੱਧਾ ਹਿਸਾ ਚਲਾ ਗਿਆ ਤਾਂ ਉਸਨੂੰ ਕੁਝ ਨੀ ਮਿਲਣਾ, ਇਸ ਲਈ ਮੈਨੂੰ ਡਰਾਵਾ ਦੇਣ ਦੇ ਇਰਾਦੇ ਨਾਲ ਪਾਰਸ ਨੂੰ ਅਗਵਾ ਕੀਤਾ । ਤੇ ਸੋਚਿਆ ਕਿ ਥੋੜੀ ਰਕਮ ਲੈਕੇ ਛੱਡ ਦੇਵਾਂਗੇ ਜਿਸ ਨਾਲ ਇਨ੍ਹਾਂ ਦੇ ਦਿਲੀਂ ਡਰ ਬੈਠ ਜਾਉ ਤੇ ਇਹ ਮੁੜਕੇ ਇੰਡੀਆ ਵੱਲ ਮੂੰਹ ਨੀ ਕਰਨਗੇ । ਮੈਨੂੰ ਉਨ੍ਹਾਂ ਦੀ ਸੋਚ ਤੇ ਸ਼ਰਮ ਆ ਰਹੀ ਸੀ ਤੇ ਅਪਣੇ ਆਪ ਤੇ ਪਛਤਾਵਾ ਹੋ ਰਿਹਾ ਸੀ ਕਿ ਮੈ ਕਿਉਂ ਬੱਚਿਆਂ ਨੂੰ ਲੈਕੇ ਇੱਥੇ ਆ ਗਿਆ ।
ਰਾਣੇ ਨੂੰ ਫੜਕੇ ਐਸ ਐਚ ਓ ਥਾਣੇ ਲੈ ਗਿਆ, ਮੈ ਪਾਰਸ ਨੂੰ ਨਾਨਕ ਸਿੰਘ ਦੀ ਗੱਡੀ ਵਿਚ ਲੈਕੇ ਘਰ ਆ ਗਿਆ, ਪਾਰਸ ਨੂੰ ਦੇਖਦੇ ਈ ਰੂਬੀ ਵਿਚ ਜਾਨ ਪੈ ਗਈ ਪਰ ਸੁਨੀਤਾ ਭਾਬੀ ਦਾ ਰੰਗ ਉੱਡ ਗਿਆ । ਮਹਿੰਦਰ ਦੇ ਪੁਛਣ ਤੇ ਮੈ ਸਾਰੀ ਕਹਾਣੀ ਦੱਸੀ ਤਾਂ ਸੁਨੀਤਾ ਭਾਬੀ ਉਲਟਾ ਮੇਰੇ ਤੇ ਦੂਸ਼ਣ ਲਾਉਣ ਲੱਗੀ ਕਿ ਤੂੰ ਜਾਣਬੁੱਝ ਕੇ ਰਾਣੇ ਨੂੰ ਫਸਾਇਆ । ਮੈ ਉਸੇ ਵੇਲੇ ਅਪਣਾ ਸਮਾਨ ਨਾਨਕ ਸਿੰਘ ਦੀ ਗੱਡੀ ਵਿਚ ਰੱਖਿਆ ਤੇ ਰੂਬੀ ਅਤੇ ਬੱਚਿਆਂ ਨੂੰ ਲੈਕੇ ਉਸਦੇ ਘਰ ਆ ਗਿਆ, ਤੁਰਦੇ ਨੂੰ ਮਹਿੰਦਰ ਨੇ ਰੋਕਿਆ ਤਾਂ ਮੈ ਉਸਦੇ ਵੱਡੇ ਮੁੰਡੇ ਦੀਪਕ ਵੱਲ ਇਸ਼ਾਰਾ ਕਰਕੇ ਕਿਹਾ ਕਿ ਜੇ ਮੈ ਦੀਪਕ ਨਾਲ ਇਸ ਤਰਾਂ ਕੀਤਾ ਹੁੰਦਾ ਤਾਂ ਤੂੰ ਕੀ ਕਰਦਾ ।
ਉਸ ਦਿਨ ਮੈ ਅਪਣੇ ਆਪ ਨਾਲ ਹੀ ਇਕ ਵਾਅਦਾ ਕਰਕੇ ਤੁਰਿਆ ਸੀ ਕਿ ਮੁੜਕੇ ਇੱਥੇ ਨੀ ਆਉਣਾ ਤੇ ਮੈ ਕਦੇ ਗਿਆ ਵੀ ਨਈਂ । ਉਸ ਤੋਂ ਬਾਅਦ ਰਾਣੇ ਨੂੰ ਜੇਲ ਹੋ ਗਈ, ਮਹਿੰਦਰ ਨਮੋਸ਼ੀ ਕਰਕੇ ਚੁਪਚਾਪ ਰਹਿਣ ਲੱਗਾ ਤੇ ਆਖਰ ਨੂੰ ਅਧਰੰਗ ਦਾ ਸ਼ਿਕਾਰ ਹੋ ਕੇ ਮੰਜੇ ਤੇ ਪੈ ਗਿਆ । ਹੁਣ ਮੇਰਾ ਸਿਰਫ ਨਾਨਕ ਸਿੰਘ ਨਾਲ ਹੀ ਰਾਬਤਾ ਹੈ, ਉਸਤੋਂ ਹੀ ਉੱਥੇ ਦੀ ਖਬਰ ਸਾਰ ਮਿਲਦੀ ਰਹਿੰਦੀ ਏ ।ਦੋ ਕੁ ਸਾਲ ਪਹਿਲਾਂ ਪਤਾ ਲੱਗਿਆ ਸੀ ਕਿ ਮਹਿੰਦਰ ਦੇ ਵੱਡੇ ਮੁੰਡੇ ਦੀਪਕ ਦੀ ਨਸ਼ੇ ਦੀ ਓਵਰ ਡੋਜ਼ ਨਾਲ ਮੌਤ ਹੋ ਗਈ ਤੇ ਸਦਮੇ ਵਿਚ ਮਹਿੰਦਰ ਵੀ ਅਗਲੇ ਦਿਨ ਹੀ ਪੂਰਾ ਹੋ ਗਿਆ । ਮੈ ਸੁਨੀਤਾ ਭਾਬੀ ਕੋਲ ਅਫਸੋਸ ਕਰਨ ਲਈ ਛੋਟੇ ਮੁੰਡੇ ਰਾਜਨ ਨੂੰ ਫੋਨ ਲਾਇਆ ਤਾਂ ਉਸਨੇ ਗੱਲ ਕਰਨ ਤੋਂ ਹੀ ਨਾਂਹ ਕਰ ਦਿਤੀ ।
ਪਿਛਲੇ ਮਹੀਨੇ ਮੈਨੂੰ ਨਾਨਕ ਸਿੰਘ ਨੇ ਇਕ ਖਬਰ ਦਾ ਲਿੰਕ ਭੇਜਿਆ ਤਾਂ ਮੈ ਦੇਖਿਆ ਕਿ ਅੰਬਾਲੇ ਦੇ ਕਿਸੇ ਇੰਮੀਗਰੇਸ਼ਨ ਏਜੰਟ ਦੇ ਬੰਦ ਪਏ ਦਫਤਰ ਅੱਗੇ ਲੋਕ ਕੱਠੇ ਹੋਏ ਸੀ ਕਿਉਂਕਿ ਉਹ ਧੋਖਾਧੜੀ ਕਰਕੇ ਭੱਜ ਗਿਆ ਸੀ, ਇਨ੍ਹਾਂ ਲੋਕਾਂ ਵਿਚ ਸੁਨੀਤਾ ਭਾਬੀ ਵੀ ਅਪਣੇ ਛੋਟੇ ਮੁੰਡੇ ਰਾਜਨ ਨਾਲ ਖੜੀ ਸੀ ਤੇ ਦੱਸ ਰਹੀ ਸੀ ਕਿ ਮੁੰਡੇ ਨੂੰ ਅਮਰੀਕਾ ਭੇਜਣ ਲਈ ਤੀਹ ਲੱਖ ਦਿੱਤਾ ਸੀ ਤੇ ਸਾਡੀ ਖੂਨ ਪਸੀਨੇ ਦੀ ਕਮਾਈ ਹੜੱਪ ਕਰਕੇ ਏਜੰਟ ਭੱਜ ਗਿਆ । ਇਹ ਸਭ ਸੁਣਕੇ ਮੈ ਸੋਚ ਰਿਹਾ ਸੀ ਕਿ ਇਨ੍ਹਾਂ ਦੇ ਸਾਹਮਣੇ ਖੜ ਕੇ ਪੁੱਛਾਂ ਕੀ ਸੱਚਮੁਚ ਇਹ ਤੇਰੀ ਖੂਨ ਪਸੀਨੇ ਦੀ ਕਮਾਈ ਏ ।
ਸਮਾਪਤ
✍️ ਲੱਕੀ ਲਖਵੀਰ