ਦਸਵੀਂ ਸ਼੍ਰੇਣੀ ਵਿੱਚ ਪੜ੍ਹਦੇ ਬਲਜੀਤ ਸਿੰਘ ਦਾ ਕੱਦ 6 ਫੁੱਟ 1 ਇੰਚ ਹੋ ਗਿਆ ਸੀ। ਉਂਝ ਤਾਂ ਉਹ ਛੇਵੀਂ ਸ਼੍ਰੇਣੀ ਤੋਂ ਹੀ ਸਕੂਲ ਦੀ ਵਾਲੀਬਾਲ ਦੀ ਟੀਮ ਦਾ ਮੈਂਬਰ ਸੀ। ਪਰੰਤੂ ਉਸ ਦੀ ਚੰਗੀ ਡੀਲ ਡੌਲ, ਰੋਅਬ ਦਾਬ ਵਾਲ਼ਾ ਚਿਹਰਾ ਅਤੇ ਭਰਵੀਂ ਸਿਹਤ ਕਾਰਨ ਨੌਵੀਂ ਸ਼੍ਰੇਣੀ ਵਿੱਚ ਪੜ੍ਹਦਿਆਂ ਹੀ ਉਸ ਨੂੰ ਸਕੂਲ ਦੀ ਵਾਲੀਬਾਲ ਦੀ ਟੀਮ ਦਾ ਕਪਤਾਨ ਬਣਾ ਦਿੱਤਾ ਗਿਆ ਸੀ।
ਬਲਜੀਤ ਸਿੰਘ ਦੀ ਅਗਵਾਈ ਵਿੱਚ ਸਕੂਲ ਨੇ ਬਲਾਕ,ਜ਼ਿਲ੍ਹਾ ਅਤੇ ਸਟੇਟ ਪੱਧਰ ‘ਤੇ ਗੋਲਡ ਮੈਡਲ ਜਿੱਤ ਕੇ ਚਾਰੇ ਪਾਸੇ ਸਕੂਲ ਦੀ ਬੱਲੇ ਬੱਲੇ ਕਰਵਾ ਦਿੱਤੀ ਸੀ।
ਬਲਜੀਤ ਸਿੰਘ ਦੀ ਬਾਲੀਵਾਲ ਖੇਡ ਵਿੱਚ ਇੰਨੀਂ ਜ਼ਿਆਦਾ ਰੁਚੀ ਹੋਣ ਕਾਰਨ ਅਤੇ ਉਸ ਦੀਆਂ ਮਾਣਮੱਤੀਆਂ ਪ੍ਰਾਪਤੀਆਂ ਕਾਰਨ ਉਸ ਦੇ ਦਸਵੀਂ ਸ਼੍ਰੇਣੀ ਦੇ ਕੋਚ ਸ਼੍ਰੀ ਪਰਗਟ ਸਿੰਘ ਨੇ ਬਲਜੀਤ ਸਿੰਘ ਦੇ ਪਿਤਾ ਸਰਦਾਰ ਇੰਦਰਜੀਤ ਸਿੰਘ ਨੂੰ ਇੱਕ ਵਾਰੀ ਸਕੂਲ ਵਿੱਚ ਬੁਲਾ ਕੇ ਕਿਹਾ ਸੀ,
“ਸਰਦਾਰ ਇੰਦਰਜੀਤ ਸਿੰਘ ਜੀ, ਤੁਹਾਡਾ ਬੇਟਾ ਬਲਜੀਤ ਸਿੰਘ ਬਾਲੀਵਾਲ ਦੀ ਖੇਡ ਵਿੱਚ ਇੰਨਾਂ ਜ਼ਿਆਦਾ ਪਰਪੱਕ ਹੈ ਕਿ ਇਹਦੀ ਅਗਵਾਈ ਵਿੱਚ ਇਹ ਕਿਸੇ ਵੱਡੀ ਤੋਂ ਵੱਡੀ ਟੀਮ ਨੂੰ ਵੀ ਹਰਾ ਸਕਦਾ ਹੈ। ਮੇਰੀ ਤੁਹਾਨੂੰ ਨਿੱਜੀ ਰਾਏ ਹੈ ਕਿ ਤੁਸੀਂ ਬਲਜੀਤ ਸਿੰਘ ਨੂੰ ਰੋਜ਼ੀ ਰੋਟੀ ਦੀ ਖ਼ਾਤਰ ਕਿਸੇ ਹੋਰ ਪਾਸੇ ਤੋਰਨ ਦੀ ਬਜਾਇ ਬਾਲੀਵਾਲ ਖੇਡ ਵਿੱਚ ਹੀ ਅੱਗੇ ਵਧਣ ਦਿਉ। ਇਸ ਖੇਡ ਵਿੱਚ ਇਸ ਦਾ ਭਵਿੱਖ ਲਾਜ਼ਮੀ ਤੌਰ ‘ਤੇ ਉੱਜਵਲ ਹੋਵੇਗਾ।”
ਇੰਦਰਜੀਤ ਸਿੰਘ ਨੇ ਸਕੂਲ ਦੇ ਸਭ ਤੋਂ ਸੀਨੀਅਰ ਕੋਚ ਪਰਗਟ ਸਿੰਘ ਦੇ ਮੂੰਹੋਂ ਆਪਣੇ ਪੁੱਤਰ ਬਲਜੀਤ ਸਿੰਘ ਦੀ ਵਧੀਆ ਖੇਡ ਦੀ ਪ੍ਰਸ਼ੰਸਾ ਸੁਣ ਕੇ ਕਿਹਾ,
“ਠੀਕ ਹੈ, ਕੋਚ ਸਾਹਿਬ। ਵਿਦਿਆਰਥੀਆਂ ਦੀ ਪ੍ਰਤੀਭਾ ਨੂੰ ਤੁਸੀਂ ਬਾਖ਼ੂਬੀ ਪਹਿਚਾਣਦੇ ਹੋ। ਤੁਸੀਂ ਮੈਨੂੰ ਵਿਸ਼ੇਸ਼ ਤੌਰ ‘ਤੇ ਸਕੂਲ ਵਿੱਚ ਬੁਲਾ ਕੇ ਮੇਰੇ ਬੇਟੇ ਸੰਬੰਧੀ ਵਧੀਆ ਢੰਗ ਨਾਲ਼ ਗਾਈਡ ਕੀਤਾ ਹੈ, ਤੁਹਾਡਾ ਬਹੁਤ-ਬਹੁਤ ਧੰਨਵਾਦ।” ਇੰਨਾਂ ਕਹਿੰਦਾ ਹੋਇਆ ਇੰਦਰਜੀਤ ਸਿੰਘ ਸਕੂਲੋਂ ਵਾਪਸ ਚੱਲ ਪਿਆ।
ਬਲਜੀਤ ਸਿੰਘ ਜਦੋਂ ਵੀ ਆਪਣੇ ਲਈ ਕੋਈ ਟੀ ਸ਼ਰਟ, ਜੀਨ, ਜੈਕਟ ਆਦਿ ਲੈਣ ਲਈ ਜਾਂਦਾ ਤਾਂ ਉਹ ਆਪਣੇ ਪਾਪਾ ਦੇ ਨਾਲ਼ ਹੀ ਜਾਂਦਾ ਸੀ। ਸੋ਼ਰੂਮ ਦੇ ਮੁਲਾਜ਼ਮ ਉਸ ਦੀ ਆਕਰਸ਼ਕ ਸ਼ਖ਼ਸੀਅਤ ਵੇਖ ਕੇ ਪ੍ਰਭਾਵਿਤ ਹੋਏ ਬਿਨਾਂ ਨਾ ਰਹਿ ਸਕਦੇ। ਆਮ ਤੌਰ ‘ਤੇ ਉਹ ਘੱਟੋ ਘੱਟ ਚਾਰ ਚਾਰ ਜੀਨਜ਼, ਛੇ ਛੇ ਟੀ ਸ਼ਰਟ, ਛੇ ਛੇ ਪਗੜੀਆਂ ਇਕੱਠੀਆਂ ਹੀ ਖ਼ਰੀਦ ਲੈਂਦਾ।
ਜੇਕਰ ਕਿਸੇ ਸਮੇਂ ਉਸ ਦੇ ਪਾਪਾ ਇੰਦਰਜੀਤ ਸਿੰਘ ਨੇ ਉਸ ਨੂੰ ਘੱਟ ਕੱਪੜੇ ਖ਼ਰੀਦਣ ਲਈ ਕਹਿਣਾ ਤਾਂ ਉਸ ਦਾ ਇੱਕ ਹੀ ਜੁਆਬ ਹੁੰਦਾ ਸੀ,
“ਪਾਪਾ ਜੀ, ਮੇਰੀ ਹਾਈਟ ਅਤੇ ਭਰਵੀਂ ਸਿਹਤ ਹੋਣ ਕਾਰਨ ਮੇਰੇ ਨਾਪ ਦੇ ਐਕਸਟ੍ਰਾ ਸਾਈਜ਼ ਬਹੁਤ ਘੱਟ ਮਿਲਦੇ ਹਨ। ਹੁਣ ਤਾਂ ਆਪਾਂ ਸੋ਼ਰੂਮ ਵਿੱਚ ਆਏ ਹੋਏ ਹਾਂ। ਬਾਕੀ ਜਿਵੇਂ ਤੁਸੀਂ ਠੀਕ ਸਮਝੋ।”
ਇੰਦਰਜੀਤ ਸਿੰਘ ਆਪਣੇ ਪੁੱਤਰ ਦੀ ਐਕਸਟ੍ਰਾ ਸਾਈਜ਼ ਵਾਲ਼ੀ ਗੱਲ ਸੁਣ ਕੇ ਚੁੱਪ ਕਰ ਜਾਂਦਾ ਅਤੇ ਉਹ ਜਿੰਨੇਂ ਵੀ ਕੱਪੜੇ ਪਸੰਦ ਕਰ ਲੈਂਦਾ, ਉਸ ਦੀ ਪੇਮੈਂਟ ਕਰ ਦਿੰਦਾ।
ਇੰਦਰਜੀਤ ਸਿੰਘ ਨੂੰ ਜਦੋਂ ਪਤਾ ਲੱਗਾ ਕਿ ਬੁੱਢਾ ਦਲ ਪਬਲਿਕ ਸਕੂਲ ਪਟਿਆਲਾ ਵਿੱਚ ਵਾਲੀਬਾਲ ਦੀ ਬਹੁਤ ਵਧੀਆ ਟੀਮ ਬਣੀ ਹੋਈ ਹੈ ਤਾਂ ਉਸ ਨੇ ਆਪਣੇ ਪੁੱਤਰ ਨੂੰ ਬੁੱਢਾ ਦਲ ਪਬਲਿਕ ਸਕੂਲ ਪਟਿਆਲਾ ਵਿੱਚ 10+1 ਨਾੱਨ ਮੈਡੀਕਲ ਗਰੁੱਪ ਵਿੱਚ ਦਾਖ਼ਲਾ ਕਰਵਾ ਦਿੱਤਾ।
ਬੁੱਢਾ ਦਲ ਪਬਲਿਕ ਸਕੂਲ ਪਟਿਆਲਾ ਵਿੱਚ ਪੜ੍ਹਦਿਆਂ ਪੜ੍ਹਾਈ ਦੇ ਨਾਲ਼ ਨਾਲ਼ ਬਲਜੀਤ ਸਿੰਘ ਦੀ ਖੇਡ ਵਿੱਚ ਹੋਰ ਵੀ ਜ਼ਿਆਦਾ ਨਿਖ਼ਾਰ ਆਇਆ। ਜਦੋਂ ਨੈਸ਼ਨਲ ਖੇਡਣ ਲਈ ਪੰਜਾਬ ਵਾਲੀਬਾਲ ਦੀ ਟੀਮ ਦਾ ਗਠਨ ਕੀਤਾ ਗਿਆ ਤਾਂ ਬਲਜੀਤ ਸਿੰਘ ਸਮੇਤ ਸਕੂਲ ਦੇ ਤਿੰਨ ਹੋਰ ਖਿਡਾਰੀ ਨੈਸ਼ਨਲ ਟੀਮ ਵਿੱਚ ਖੇਡਣ ਲਈ ਗਏ। ਜਿੱਥੇ ਬਲਜੀਤ ਸਿੰਘ ਦੀ ਕਪਤਾਨੀ ਵਿੱਚ ਸਿਮੋਗਾ ਵਿਖੇ ਹੋਈਆਂ ਨੈਸ਼ਨਲ ਗੇਮਜ਼ ਵਿੱਚ ਪੰਜਾਬ ਦੀ ਟੀਮ ਨੇ ਗੋਲਡ ਮੈਡਲ ਜਿੱਤ ਕੇ ਸਾਰੇ ਪਾਸੇ ਬੱਲੇ ਬੱਲੇ ਕਰਵਾ ਦਿੱਤੀ।
ਬੁੱਢਾ ਦਲ ਪਬਲਿਕ ਸਕੂਲ ਪਟਿਆਲਾ ਤੋਂ 10+2 ਸ਼੍ਰੇਣੀ ਨਾੱਨ ਮੈਡੀਕਲ ਨਾਲ਼ 98 ਪ੍ਰਤੀਸ਼ਤ ਅੰਕ ਹਾਸਲ ਕਰਕੇ ਪਾਸ ਕਰ ਲਈ। ਇਸ ਉਪਰੰਤ ਬਲਜੀਤ ਸਿੰਘ ਨੇ ਪੰਜਾਬ ਇੰਜੀਨੀਅਰਿੰਗ ਕਾਲਜ ਚੰਡੀਗੜ੍ਹ ਵਿੱਚ ਕੰਪਿਊਟਰ ਇੰਜੀਨੀਅਰਿੰਗ ਵਿੱਚ ਬੀ ਟੈੱਕ ਕਰਨ ਲੱਗ ਪਿਆ।
ਬੀ ਟੈੱਕ ਦੀ ਡਿਗਰੀ ਪ੍ਰਾਪਤ ਕਰਨ ਉਪਰੰਤ ਬਹੁਤ ਜਲਦੀ ਬਲਜੀਤ ਸਿੰਘ ਅਤੇ ਉਸ ਦੇ ਇੱਕ ਜਮਾਤੀ ਹੁਸ਼ਿਆਰ ਚੰਦ ਨੂੰ ਕੈਨੇਡਾ ਦੀ ਇੱਕ ਕੰਪਨੀ ਵਿੱਚ ਜੌਬ ਮਿਲ ਗਈ।
ਭਾਵੇਂ ਵਧੀਆ ਪ੍ਰਾਪਤੀਆਂ ਹੋਣ ਕਾਰਨ ਬਲਜੀਤ ਸਿੰਘ ਤੇ ਹੁਸ਼ਿਆਰ ਚੰਦ ਨੂੰ ਇੰਡੀਆ ਵਿੱਚ ਵੀ ਚੰਗੀ ਨੌਕਰੀ ਮਿਲ ਸਕਦੀ ਸੀ, ਪਰੰਤੂ ਫ਼ਿਰ ਵੀ ਸਾਰੇ ਦੇਸ਼ ਵਿੱਚ ਵਧ ਰਹੇ ਨਸ਼ਿਆਂ ਦੇ ਪ੍ਰਕੋਪ, ਅਨੁਸ਼ਾਸਨਹੀਨਤਾ, ਮਨੁੱਖਾਂ ਵਿੱਚ ਲਗਪਗ ਖ਼ਤਮ ਹੋਣ ਤੇ ਆਈ ਸੰਵੇਦਨਹੀਣਤਾ, ਭ੍ਰਿਸ਼ਟਾਚਾਰੀ, ਆਰਥਿਕ ਨਾ ਬਰਾਬਰੀ, ਵਿੱਦਿਅਕ, ਸਮਾਜਿਕ, ਧਾਰਮਿਕ ਆਦਿ ਸੰਸਥਾਵਾਂ ਵਿੱਚ ਆਮ ਵਿਅਕਤੀ ਦੀ ਕੋਈ ਪੁੱਛ ਦੱਸ ਨਾ ਹੋਣਾ ਅਤੇ ਸਭ ਤੋਂ ਵੱਧ ਰਾਜਸੀ ਲੀਡਰਾਂ, ਪ੍ਰਸ਼ਾਸਨਿਕ ਅਧਿਕਾਰੀਆਂ, ਅਪਰਾਧੀਆਂ ਵਿੱਚ ਵਧ ਰਹੀ ਨੇੜਤਾ ਦੀ ਸਾਂਝ ਕਾਰਨ ਉਨ੍ਹਾਂ ਨੇ ਕੈਨੇਡਾ ਜਾਣ ਨੂੰ ਹੀ ਤਰਜੀਹ ਦਿੱਤੀ।
ਜਦੋਂ ਵੀ ਬਲਜੀਤ ਸਿੰਘ ਆਪਣੀ ਮੰਮੀ ਸੁਖਬੀਰ ਕੌਰ ਜਾਂ ਪਾਪਾ ਇੰਦਰਜੀਤ ਸਿੰਘ ਨੂੰ ਫ਼ੋਨ ਕਰਦਾ ਤਾਂ ਉਹ ਅਕਸਰ ਕੈਨੇਡਾ ਦੇ ਸਾਫ਼ ਸੁਥਰੇ ਮਾਹੌਲ, ਸੱਚ ਬੋਲਣ ਵਾਲੇ ਲੋਕਾਂ, ਉਥੋਂ ਦੇ ਪੁਲਿਸ, ਪ੍ਰਸ਼ਾਸਨ, ਟ੍ਰੈਫ਼ਿਕ ਪ੍ਰਬੰਧ ਦੀ ਬਹੁਤ ਜ਼ਿਆਦਾ ਤਾਰੀਫ਼ ਕਰਦਾ ਰਹਿੰਦਾ।
ਬਲਜੀਤ ਸਿੰਘ ਨੂੰ ਕੈਨੇਡਾ ਰਹਿੰਦਿਆਂ ਜਿਹੜੀ ਗੱਲ ਨੇ ਸਭ ਤੋਂ ਵੱਧ ਪ੍ਰਭਾਵਿਤ ਕੀਤਾ, ਉਹ ਇਹ ਸੀ ਕਿ ਉੱਥੇ ਕੋਈ ਵੀ ਇਕੱਲੀ ਕਹਿਰੀ ਮੁਟਿਆਰ ਆਪਣੀ ਡਿਊਟੀ ਖ਼ਤਮ ਕਰਕੇ ਰਾਤ ਬਰਾਤੇ ਦੋ ਢਾਈ ਕਿਲੋਮੀਟਰ ਪੈਦਲ ਚੱਲ ਕੇ ਬੜੀ ਸਹਿਜਤਾ ਨਾਲ਼ ਆਪਣੇ ਘਰ ਪਹੁੰਚ ਜਾਂਦੀ ਹੈ। ਕਿਸੇ ਮਨਚਲੇ ਦੀ ਇਹ ਜੁਰੱਰਤ ਹੀ ਨਹੀਂ ਪੈਂਦੀ ਕਿ ਉਸ ਨੂੰ ਰਸਤੇ ਵਿੱਚ ਪ੍ਰੇਸ਼ਾਨ ਕਰ ਸਕੇ।
ਅੱਜ ਫ਼ੇਰ ਬਲਜੀਤ ਸਿੰਘ ਨੇ ਵੀਡੀਓ ਕਾਲ ਕਰਕੇ ਆਪਣੇ ਪਾਪਾ ਇੰਦਰਜੀਤ ਸਿੰਘ ਨੂੰ ਕੈਨੇਡਾ ਦੇ ਮਾੱਲ ਵਿੱਚੋਂ ਸ਼ੌਪਿੰਗ ਕਰਕੇ ਲਿਆਂਦੀ ਜੀਨ ਤੇ ਟੀ ਸ਼ਰਟ ਵਿਖਾਉਂਦਿਆਂ ਹੋਇਆਂ ਪੁੱਛਿਆ,
“ਇਹ ਵੇਖੋ ਪਾਪਾ, ਜੀਨ ਦਾ ਇਹ ਬਿਲਕੁਲ ਯੂਨੀਕ ਕਲਰ ਹੈ। ਨਾਲ਼ ਹੀ ਇਹ ਟੀ ਸ਼ਰਟ ਖ਼ਰੀਦ ਕੇ ਲਿਆਂਦੀ ਹੈ। ਤੁਹਾਨੂੰ ਇਹ ਦੋਵੇਂ ਚੀਜ਼ਾਂ ਕਿਵੇਂ ਲੱਗੀਆਂ?”
ਇੰਦਰਪਾਲ ਸਿੰਘ ਨੇ ਬਲਜੀਤ ਸਿੰਘ ਦੇ ਬੈੱਡ ‘ਤੇ ਰੱਖੀ ਜੀਨ ਅਤੇ ਟੀ ਸ਼ਰਟ ਨੂੰ ਇੱਕ ਵਾਰੀ ਫ਼ੇਰ ਤੋਂ ਗਹੁ ਨਾਲ਼ ਵੇਖਦਿਆਂ ਹੋਇਆਂ ਕਿਹਾ,
“ਬਲਜੀਤ ਡੀਅਰ, ਜੀਨ ਦਾ ਕਲਰ ਤਾਂ ਸੱਚਮੁੱਚ ਬਹੁਤ ਹੀ ਵਧੀਆ ਹੈ, ਟੀ ਸ਼ਰਟ ਵੀ ਕਾਫ਼ੀ ਸੋਹਣੀ ਹੈ। ਪਰੰਤੂ ਪੁੱਤਰ ਤੂੰ ਕੇਵਲ ਇੱਕੋ ਜੀਨ ਤੇ ਇਕੋ ਟੀ ਸ਼ਰਟ ਹੀ ਖ਼ਰੀਦ ਕੇ ਲਿਆਂਦੀ ਹੈ। ਕੀ ਉਥੇ ਸੋ਼ਅ ਰੂਮ ਵਿੱਚ ਹੋਰ ਜੀਨਜ਼ ਅਤੇ ਟੀ ਸ਼ਰਟਾਂ ਨਹੀਂ ਸਨ?”
ਆਪਣੇ ਪਾਪਾ ਦੀ ਕਹੀ ਗੱਲ ਦਾ ਭਾਵ ਸਮਝਦਿਆਂ ਹੋਇਆਂ ਬਲਜੀਤ ਸਿੰਘ ਨੇ ਕਿਹਾ,
“ਪਾਪਾ ਜੀ, ਉਹ ਵੇਲੇ ਤਾਂ ਹੁਣ ਲੱਦ ਗਏ। ਜਦੋਂ ਚਾਰ ਚਾਰ ਜੀਨਜ਼ ਅਤੇ ਛੇ ਛੇ ਟੀ ਸ਼ਰਟਾਂ ਖ਼ਰੀਦੀਆਂ ਜਾਂਦੀਆਂ ਸਨ। ਪਾਪਾ ਜੀ, ਸੱਚਮੁੱਚ ਹੀ ਮੈਂ ਇੱਥੇ ਕੈਨੇਡਾ ਆ ਕੇ ਹੀ ਪੈਸੇ ਦੀ ਕੀਮਤ ਜਾਣ ਸਕਿਆ ਹਾਂ। ਉੱਥੇ ਇੰਡੀਆ ਰਹਿੰਦਿਆਂ ਤਾਂ ਮੈਨੂੰ ਇਉਂ ਲੱਗਦਾ ਸੀ ਕਿ ਰੁਪਈਏ ਤਾਂ ਸ਼ਾਇਦ ਰੁੱਖਾਂ ਨੂੰ ਹੀ ਲੱਗਦੇ ਹਨ। ਸੱਚਮੁੱਚ ਪਾਪਾ ਜੀ, ਹਰੇਕ ਪੁੱਤਰ ਤੇ ਧੀ ਆਪਣੇ ਪਾਪਾ ਦੇ ਸਿਰ ‘ਤੇ ਹੀ ਐਸ਼ ਕਰਦੇ ਹਨ। ਜਦੋਂ ਬਾਹਰ ਆ ਕੇ ਖ਼ੁਦ ਸੋਲਾਂ ਸੋਲਾਂ ਘੰਟੇ ਖੜ੍ਹੀ ਲੱਤ ਡਿਊਟੀ ਕਰਨੀ ਪੈਂਦੀ ਹੈ, ਤਦ ਪਤਾ ਚੱਲਦਾ ਹੈ ਕਿ ਕਿਹੜੇ ਭਾਅ ਵਿੱਕਦੀ ਹੈ।” “ਪਾਪਾ, ਸੱਚਮੁੱਚ ਮੈਂ ਤੁਹਾਡਾ ਇਸ ਜਨਮ ਵਿੱਚ ਤਾਂ ਕੀ, ਸਗੋਂ ਸੱਤ ਜਨਮਾਂ ਤੱਕ ਵੀ ਤੁਹਾਡਾ ਕਰਜ਼ ਨਹੀਂ ਉਤਾਰ ਸਕਾਂਗਾ। ਮੈਨੂੰ ਬੜੀ ਹੈਰਾਨੀ ਹੁੰਦੀ ਹੈ, ਉਨ੍ਹਾਂ ਮੁੰਡੇ ਕੁੜੀਆਂ ‘ਤੇ, ਜਿਹੜੇ ਆਪਣੇ ਪਾਪਾ ਅਤੇ ਮੰਮੀ ਦੇ ਕੀਤੇ ਅਹਿਸਾਨਾਂ ਨੂੰ ਵਿਸਾਰ ਕੇ ਉਨ੍ਹਾਂ ਨੂੰ ਕਦੇ ਯਾਦ ਵੀ ਨਹੀ ਕਰਦੇ।”
ਇੰਦਰਜੀਤ ਸਿੰਘ ਆਪਣੇ ਪੁੱਤਰ ਦੀਆਂ ਸੋਹਣੀਆਂ ਅਤੇ ਸੂਝ ਭਰੀਆਂ ਸਿਆਣੀਆਂ ਗੱਲਾਂ ਸੁਣ ਕੇ ਮਾਣ ਨਾਲ਼ ਭਰ ਗਿਆ।
ਡਾ. ਇਕਬਾਲ ਸਿੰਘ ਸਕਰੌਦੀ
06, ਥਲੇਸ ਬਾਗ਼ ਕਲੋਨੀ ਸੰਗਰੂਰ।
08427685020.