ਸਾਡੇ ਜਲੰਧਰ ਵਿਚ ਰਾਤ ਵੇਲੇ ਅਕਸਰ ਲੁੱਟ ਖੋਹ ਦੀਆਂ ਵਾਰਦਾਤਾਂ ਹੋ ਜਾਂਦੀਆਂ ਹਨ। ਸਾਡੀ ਅਖ਼ਬਾਰ ਦਾ ਦਫ਼ਤਰ ਜਲੰਧਰ ਦੇ ਫੋਕਲ ਪੁਆਇੰਟ ਵੱਲ ਸਥਿਤ ਹੈ। ਇਸ ਇਲਾਕੇ ਵਿਚ ਕਈ ਕਾਰਖਾਨੇ ਵੀ ਹਨ, ਜਿਨ੍ਹਾਂ ਦੇ ਕਾਮੇ ਵੱਖ ਵੱਖ ਸ਼ਿਫਟਾਂ ਵਿਚ ਕੰਮ ਕਰਦੇ ਹਨ। ਅਖ਼ਬਾਰੀ ਕਾਮਿਆਂ ਦੀ ਡਿਊਟੀ ਵੀ ਵੱਖ ਵੱਖ ਸ਼ਿਫਟਾਂ ਵਿਚ ਦਿਨ ਰਾਤ ਚੱਲਦੀ ਰਹਿੰਦੀ ਹੈ। ਅਖ਼ਬਾਰ ਦੇ ਫੀਚਰ ਜਾਂ ਮੈਗਜ਼ੀਨ ਸਫਿਆਂ ਦੇ ਸਾਥੀਆਂ ਦੀ ਡਿਊਟੀ ਅਕਸਰ ਦਿਨ ਵੇਲੇ ਹੁੰਦੀ ਹੈ। ਨਿਊਜ਼ ਸੈਕਸ਼ਨ ਵਾਲੇ ਸਾਥੀਆਂ ਦੀ ਡਿਊਟੀ ਅਮੂਮਨ ਸ਼ਾਮ ਨੂੰ ਸ਼ੁਰੂ ਹੋ ਕੇ ਦੇਰ ਰਾਤ ਤੱਕ ਹੁੰਦੀ ਹੈ। ਸਾਡੀ ਅਖ਼ਬਾਰ ਦੇ ਹਿੰਦੀ ਅਤੇ ਪੰਜਾਬੀ ਨਿਊਜ਼ ਡੈਸਕ ਤੇ ਕੰਪਿਊਟਰ ਓਪਰੇਟਰਾਂ ਸਾਥੀਆਂ ਦੀ ਡਿਊਟੀ ਲਗਪਗ ਇਕੱਠੀ ਹੀ ਦੇਰ ਰਾਤ ਖ਼ਤਮ ਹੁੰਦੀ ਹੈ। ਹਿੰਦੀ ਅਖ਼ਬਾਰ ਦੇ ਨਿਊਜ਼ ਡੈਸਕ ਤੇ ਕੰਪਿਊਟਰ ਓਪਰੇਟਰ ਵਾਲੇ ਸਾਥੀਆਂ ਵਿਚੋਂ ਕਈ ਸਾਥੀ ਜਾਂ ਕਹਿ ਲਓ ਬਹੁਤੇ ਸਾਥੀ ਹਿਮਾਚਲ, ਯੂਪੀ ਜਾਂ ਬਿਹਾਰ ਦੇ ਹਨ। ਕੁਝ ਸਾਲ ਪਹਿਲਾਂ ਦੀ ਗੱਲ ਹੈ, ਦਫ਼ਤਰ ਪੁੱਜਾ ਤਾਂ ਰੌਲਾ ਪਿਆ ਹੋਇਆ ਸੀ ਕਿ ਹਿੰਦੀ ਵਾਲੇ ਕੰਪਿਊਟਰ ਓਪਰੇਟਰ ਮਿਸ਼ਰਾ ਜੀ ਨਾਲ ਰਾਤੀਂ ਲੁੱਟ ਹੋ ਗਈ। ਪਤਾ ਲੱਗਾ ਕਿ ਲੁਟੇਰੇ ਮੋਟਸਾਈਕਲ ਦੇ ਨਾਲ ਨਾਲ ਪੈਸੇ ਤੇ 📱 ਮੋਬਾਇਲ ਵੀ ਖੋਹ ਕੇ ਲੈ ਗਏ ਹਨ। ਅਸੀਂ ਮਿਸ਼ਰਾ ਜੀ ਨਾਲ ਅਫ਼ਸੋਸ ਕਰਨ ਪੁੱਜੇ। ਅਸੀਂ ਅਜੇ ਪੂਰਾ ਵੇਰਵਾ ਪੁੱਛਣਾ ਹੀ ਸੀ ਕਿ ਉਹ ਅੱਗੇ ਕਿਸੇ ਹੋਰ ਸਾਥੀ ਨੂੰ ਆਪਣਾ ਕਿੱਸਾ ਸੁਣਾ ਰਹੇ ਸਨ। ‘ ਭਾਈ ਸਾਹਿਬ, ਹੂਆ ਯੂੰ ਕਿ ਹਮ ਰਾਤ ਡੇਢ ਕੁ ਬਜੇ ਸੋਢਲ ਮੰਦਿਰ ਕੇ ਪਾਸ ਸੇ ਜਾ ਰਹੇ ਥੇ ਏਕ ਬਿੱਲੀ ਰਾਸਤਾ ਕਾਟ ਗਈ, ਹਮਨੇ ਤੁਰੰਤ ਬਾਈਕ ਰੋਕ ਦੀ ਔਰ ਜੂਤੇ ਉਤਾਰ ਕੇ ਹਾਥ ਜੋੜ ਕੇ ਮੰਤਰ ਪੜ੍ਹਨੇ ਲਗੇ। ਇਤਨੇ ਮੇਂ ਏਕ ਬਾਈਕ ਪੇ ਪੀਛੇ ਸੇ ਦੋ ਜਨ ਆਏ ਔਰ…! ‘ ਐਨਾ ਕਹਿ ਕੇ ਮਿਸ਼ਰਾ ਜੀ ਦਾ ਧਿਆਨ ਸਾਡੇ ਵੱਲ ਪਿਆ ਤੇ ਓਹ ਸਾਨੂੰ ਵੀ ਸਾਰੀ ਘਟਨਾ ਦੱਸਣ ਦੀ ਤਿਆਰੀ ਕਰਨ ਲੱਗੇ।