ਮੈਂ ਓਸ ਵੇਲੇ ਅੱਠਵੀਂ ‘ਚ ਪੜਦਾ ਸੀ । ਸਾਡੇ ਇੱਕ ਜਾਣਕਾਰ ਪਰਿਵਾਰ ਜਿਨ੍ਹਾਂ ਦੇ ਦੋ ਬੱਚੇ ਸਾਡੇ ਜਮਾਤੀ ਸਨ, ਓਨ੍ਹਾਂ ਦਾ ਸਭ ਤੋਂ ਛੋਟਾ ਬੇਟਾ ਰਿੱਕੀ ਉਦੋਂ ਸ਼ਾਯਿਦ ਪੰਜਵੀਂ ਜਮਾਤ ਵਿੱਚ ਸੀ ।ਇੱਕ ਦਿਨ ਰਿੱਕੀ ਦੇ ਦੋਸਤ ਦਾ ਸ਼ਾਮ ਨੂੰ ਫੋਨ ਆਇਆ । ਗਰਮੀਆਂ ਦੇ ਦਿਨ ਹੋਣ ਕਰਕੇ ਰਿੱਕੀ ਸਕੂਲ ਤੋਂ ਆ ਕੇ ਸੁੱਤਾ ਪਿਆ ਸੀ । ਘੰਟੀ ਵਜਦਿਆਂ ਹੀ ਫੋਨ ਪੰਜਾਬ ਦੇ ਪਿੰਡਾਂ ਚੋ ਪੜਕੇ ਪੰਜਾਬੀ ਟਾਈਪਿੰਗ ਚ ਮੁਹਾਰਤ ਹਾਸਲ ਕਰਕੇ ਲੁਧਿਆਣੇ ਸਟੈਨੋ ਲੱਗੇ ਰਿੱਕੀ ਦੇ ਪਿਤਾ ਜੀ ਨੇ ਚੱਕਿਆ ।
ਦੋਸਤ – ਨਮਸਤੇ ਅੰਕਲ, ਰਿੱਕੀ ਸੇ ਬਾਤ ਕਰਵਾ ਦੋਗੇ ?
ਕੰਮ ਤੋਂ ਥੱਕੇ ਆਏ ਸਰਦਾਰ ਸਾਹਬ ਨੇ ਵੀ ਕਾਹਲੀ ਕਾਹਲੀ ਆਪਣੀ ਪੰਜਾਬੀ ਦੀ ਹਿੰਦੀ ਬਣਾਓਂਦੇ ਆਖਿਆ – ਬੇਟਾ ਰਿੱਕੀ ਤੋ ਸੂਆ ਪੜਾ ਹੈ ।
ਇਸ ਤੋਂ ਪਹਿਲਾਂ ਕਿ ਦੋਸਤ ਅੱਗਿਓਂ ਕੁਝ ਕਹਿੰਦਾ, ਸਾਰੇ ਟੱਬਰ ਦਾ ਹਾਸਾ ਨਿੱਕਲ ਗਿਆ ਤੇ ਸਟੈਨੋ ਸਾਹਬ ਨੇ ਵੀ ਹੱਸਦਿਆਂ ਫੋਨ ਰੱਖ ਦਿੱਤਾ । ਅਗਲੇ ਦਿਨ ਸਕੂਲੋਂ ਵਾਪਿਸ ਆਓਂਦਿਆਂ ਜਦੋ ਸਾਨੂੰ ਗੱਲ ਸੁਣਾਈ ਗਈ, ਜਿੰਨਾਂ ਹਾਸਾ ਓਸ ਦਿਨ ਆਇਆ ਸੀ, ਅੱਜ ਵੀ ਗੱਲ ਚੇਤੇ ਕਰਕੇ ਓਨਾਂ ਹੀ ਹੱਸੀਦਾ ।
– ਅਰਮਾਨ