ਕੀ ਲਿਖਾਂ, ਕਿੰਝ ਲਿਖਾਂ… ਇੰਝ ਲੱਗਦਾ ਜਿਵੇਂ ਸ਼ਬਦ ਮੁੱਕ ਗਏ ਨੇ… ਦਿਲ ਦਿਮਾਗ ਹਰ ਪਲ ਸੋਚਾਂ ਵਿੱਚ ਡੁੱਬਾ ਰਹਿੰਦਾ…. ਅੱਖਾਂ ਹਰ ਪਲ ਉਸ ਨੂੰ ਲੱਭਦੀਆਂ ਰਹਿੰਦੀਆਂ… ਕੰਨ ਬਿੜਕਾਂ ਲੈਂਦੇ ਕਿ ਸ਼ਾਇਦ ਉਹ ਹੁਣੇ ਆਵਾਜ਼ ਦੇਵੇਗੀ…. ਪਰ ਮੇਰੀ ਮਾਂ ਕਿਤੇ ਨਹੀਂ ਲੱਭਦੀ…. ਆਪਣੇ ਹੱਥੀਂ ਸਭ ਰਸਮਾਂ ਕਰ ਲਈਆਂ, ਪਰ ਅਜੇ ਵੀ ਦਿਲ ਇਹ ਮੰਨਣ ਨੂੰ ਤਿਆਰ ਨਹੀਂ ਕਿ ਮੇਰੀ ਮਾਂ ਨੇ ਹੁਣ ਕਦੇ ਨਹੀਂ ਆਉਣਾ….. ਕੈਂਡੀ ਵਿੱਚ ਲੱਗੀ ਮਾਂ ਦੇ ਸਿਰਹਾਣੇ ਖੜ੍ਹੀ ਹੋ, ਸਾਰੀ ਰਾਤ ਰੋਂਦੀ ਰਹੀ…. ਪਰ ਉਹ ਮਾਂ ਜੋ ਸਾਡਾ ਲਿਆ ਇਕ ਹਉਕਾ ਵੀ ਸਹਿ ਨਹੀਂ ਸਕਦੀ ਸੀ, ਉਸ ਤੱਕ ਸਾਡੀ ਕੁਰਲਾਹਟ ਨਾ ਪਹੁੰਚੀ…. ਇਕ ਦੋ ਵਾਰ ਭੁਲੇਖਾ ਵੀ ਪਿਆ ਕਿ ਸ਼ਾਇਦ ਉਹ ਅੱਖਾਂ ਖੋਲ੍ਹਣ ਦੀ ਕੋਸ਼ਿਸ਼ ਕਰ ਰਹੀ ਆ… ਡਿਬਰ ਡਿਬਰ ਵੇਖੀ ਜਾਵਾਂ…..ਡੈਡ ਨੂੰ ਵੀ ਦੱਸਿਆ… ਪਰ ਉਹ ਮੇਰਾ ਵਹਿਮ ਹੀ ਸੀ… ਮਾਂ ਤਾਂ ਕਦੋਂ ਦੀ ਜਾ ਚੁੱਕੀ ਸੀ।
ਜਦ ਛੋਟੇ ਭਰਾ ਵੱਲ ਦੇਖਾਂ ਤਾਂ ਇਹ ਸੋਚ ਸੋਚ ਦਿਲ ਨੂੰ ਹੌਲ ਜਿਹੇ ਪੈਣ, ਕਿ ਜੋ ਪੁੱਤ ਸਾਰਾ ਦਿਨ ਆਪਣੀ ਮਾਂ ਦਾ ਖਿਆਲ ਰੱਖਦਾ ਸੀ, ਜੋ ਪਲ ਪਲ ਉਸਦੇ ਕੋਲ ਹੁੰਦਾ ਸੀ, ਉਸਨੇ ਆਪਣੀਆਂ ਅੱਖਾਂ ਦੇ ਸਾਹਮਣੇ, ਮਾਂ ਨੂੰ ਆਖਰੀ ਸਵਾਸ ਲੈਂਦੇ ਕਿਵੇਂ ਦੇਖਿਆ ਹੋਵੇਗਾ, ਉਸ ਨੇ ਮਾਂ ਦੀਆਂ ਖੁੱਲ੍ਹੀਆਂ ਅੱਖਾਂ ਨੂੰ ਆਪਣੇ ਹੱਥਾਂ ਨਾਲ ਕਿਵੇਂ ਬੰਦ ਕੀਤਾ ਹੋਵੇਗਾ?
ਕੰਨਾਂ ਵਿੱਚ ਉਹਦੇ ਆਖਰੀ ਬੋਲ ਗੂੰਜੀ ਜਾ ਰਹੇ ਸੀ, ਜੋ ਉਹਨੇ ਮੇਰਾ ਮੱਥਾ ਚੁੰਮ, ਮੈਨੂੰ ਕਹੇ ਸੀ … ਰਾਣੀ, ਮੇਰਾ ਦੁਨੀਆਂ ਤੋਂ ਜਾਣ ਨੂੰ ਜੀਅ ਨਹੀਂ ਕਰਦਾ… ਮਾਂ ਨੂੰ ਜੱਫੀ ਪਾ ਮੈਂ ਕਿਹਾ ਸੀ ਕਿ ਅਸੀਂ ਤੈਨੂੰ ਜਾਣ ਹੀ ਨਹੀਂ ਦੇਣਾ… ਤੁਸੀਂ ਠੀਕ ਹੋ ਜਾਣਾ… ਪਰ ਵਾਹਿਗੁਰੂ ਨੂੰ ਸ਼ਾਇਦ ਇਹ ਮਨਜੂਰ ਨਹੀਂ ਸੀ।
ਮੇਰੀਆਂ ਅੱਖਾਂ ਅੱਗੇ ਜ਼ਿੰਦਗੀ ਦੀ ਰੀਲ ਘੁੰਮ ਰਹੀ ਸੀ… ਸਾਡੀ ਮਾਂ ਨੇ ਆਪਣੀ ਜ਼ਿੰਦਗੀ ਵਿੱਚ ਬਹੁਤ ਮਿਹਨਤ ਕੀਤੀ… ਸਾਨੂੰ ਦੋਵਾਂ ਭੈਣ ਭਰਾਵਾਂ ਨੂੰ ਪੂਰੇ ਲਾਡਾਂ ਚਾਵਾਂ ਨਾਲ ਪਾਲਿਆ…. ਸਾਡੀ ਹਰ ਰੀਝ ਪੂਰੀ ਕੀਤੀ। ਡੈਡ ਦੇ ਮੋਢੇ ਨਾਲ ਮੋਢਾ ਜੋੜ ਕੇ, ਘਰ ਨੂੰ ਪੂਰੀ ਤਨਦੇਹੀ ਨਾਲ ਚਲਾਇਆ। ਡੈਡ ਜੌਬ ਕਰਦੇ ਸਨ, ਤਾਂ ਘਰ ਸਾਰੀ ਜ਼ਿੰਮੇਵਾਰੀ ਮੰਮੀ ਨੇ ਨਿਭਾਈ। ਸਾਡੇ ਬਾਪੂ ਜੀ, ਬੀਬੀ ਦੀ ਰੱਜ ਕੇ ਸੇਵਾ ਕੀਤੀ। ਆਪਣੀ ਭੂਆ ਦੇ ਪਿੰਡ ਵਿਆਹੀ ਹੋਣ ਕਰਕੇ, ਸਾਰਾ ਪਿੰਡ ਮੰਮੀ ਨੂੰ ਪਿੰਡ ਨੂੰਹ ਦੀ ਥਾਂ ਮੰਮੀ ਨੂੰ ਧੀ ਦਾ ਦਰਜਾ ਦਿੰਦਾ ਸੀ। ਪਿੰਡ ਸਾਰੇ ਬੱਚੇ ਮੰਮੀ ਨੂੰ ਭੈਣ ਕਹਿ ਕੇ ਬੁਲਾਉਂਦੇ ਸਨ। ਮੈਨੂੰ ਯਾਦ ਹੈ ਕਿ ਮੰਮੀ ਨੇ, ਮੇਰੀ ਭੂਆ ਅਤੇ ਅੱਗੇ ਮੇਰੇ ਡੈਡ ਦੀ ਭੂਆ ਦੀਆਂ ਕੁੜੀਆਂ ਦੇ ਵਿਆਹ ਵੀ ਆਪਣੇ ਹੱਥੀਂ ਕੀਤੇ ਸਨ, ਮੰਮੀ ਦੱਸਦੇ ਹੁੰਦੇ ਸੀ, ਕੁੜੀਆਂ ਨੇ ਮੇਰੇ ਦਾਜ ਦੀ ਜਿਸ ਵੀ ਚੀਜ਼ ਉਤੇ ਉਂਗਲ ਰੱਖੀ ਕਿ ਸਾਨੂੰ ਇਹ ਪਸੰਦ, ਮੈਂ ਉਹ ਚੀਜ਼ ਉਹਨਾਂ ਦੇ ਦਾਜ ਵਿਚ ਦੇ ਦਿੱਤੀ… ਕਿ ਧੀਆਂ ਦੀ ਖੁਸ਼ੀ ਪੂਰੀ ਕਰਨਾ ਪੁੰਨ ਦਾ ਕੰਮ ਹੁੰਦਾ ਏ.. .. ਮੇਰੇ ਦਾਦਕੇ ਪਰਿਵਾਰ ਦੇ ਸਾਰੇ ਰਿਸ਼ਤੇਦਾਰ ਮੰਮੀ ਨੂੰ ਬਹੁਤ ਪਿਆਰ ਕਰਦੇ ਸਨ…. ਬਹੁਤ ਮਾਣ ਦਿੰਦੇ ਸਨ। ਮੇਰੇ ਨਾਨਕੇ ਪਰਿਵਾਰ ਵਿੱਚ ਉਹ ਸਭ ਭੈਣਾਂ ਭਰਾਵਾਂ ਤੋਂ ਵੱਡੇ ਸਨ…
ਤੇ ਉਹਨਾਂ ਨੂੰ ਮਾਂ ਦਾ ਦਰਜ਼ਾ ਦਿੰਦੇ ਸਨ… ਕਿਸੇ ਦਾ ਰਿਸ਼ਤਾ ਕਰਨਾ, ਕੋਈ ਵਿਆਹ ਸ਼ਾਦੀ ਹੋਣਾ, ਤਾਂ ਮੰਮੀ ਨੂੰ ਪੁੱਛ ਕੇ, ਅੱਗੇ ਲਾ ਕੇ ਕਰਨਾ…. ਜੇ ਕਿਸੇ ਨੇ ਗੁੱਸੇ ਨਰਾਜ ਹੋ ਜਾਣਾ ਤਾਂ ਮੰਮੀ ਨੂੰ ਸੱਦ ਲੈਣਾ….. ਮੰਮੀ ਨੇ ਪਿਆਰ ਨਾਲ ਸਮਝਾ ਬੁਝਾ ਕੇ ਗੁੱਸੇ ਮਿਟਾ ਦੇਣੇ…. ਅਸੀਂ ਕਈ ਵਾਰ ਕਹਿਣਾ ਕਿ ਮੰਮੀ ਤੁਹਾਨੂੰ ਤਾਂ ਵਕੀਲ ਹੋਣਾ ਚਾਹੀਦਾ ਸੀ…..
ਮੰਮੀ ਨੇ ਸਾਰੀ ਉਮਰ ਗੁਰਬਾਣੀ ਦਾ ਪੱਲਾ ਫੜ ਰੱਖਿਆ… ਹਰ ਵੇਲੇ ਗੁਰੂ ਰਾਮਦਾਸ ਜੀ ਨੂੰ ਧਿਆਉੰਦੇ ਤੇ ਆਖਦੇ ਕਿ ਮੈਂ ਗੁਰੂ ਰਾਮਦਾਸ ਜੀ ਦੀ ਧੀ ਹਾਂ… ਸਾਨੂੰ ਨਿੱਕੇ ਹੁੰਦਿਆਂ ਨੂੰ ਹੀ ਬਾਣੀ ਨਾਲ ਜੋੜਨ ਵਾਲੀ ਸਾਡੀ ਮਾਂ ਨੇ ਹਮੇਸ਼ਾ ਸਾਨੂੰ ਬਾਣੀ ਦੀ ਓਟ ਲੈਣ ਦੀ ਹੀ ਸਿੱਖਿਆ ਦਿੱਤੀ ਸੀ।
ਪਰ ਸਭ ਨੂੰ ਪਿਆਰ ਕਰਨ ਵਾਲੀ, ਸਭ ਦੀ ਅੰਤ ਪਿਆਰੀ… ਸਭ ਨੂੰ ਵਿਛੋੜਾ ਦੇ ਗਈ। ਲੋਕ ਆਖਦੇ ਨੇ ਕਿ ਜੋ ਦੁਨੀਆਂ ਛੱਡ ਕੇ ਤੁਰ ਜਾਂਦਾ, ਉਹ ਆਸਮਾਨ ਵਿਚ ਜਾ ਤਾਰਾ ਬਣ ਜਾਂਦਾ…. ਰਾਤ ਆਸਮਾਨ ਵਿਚਲੇ ਤਾਰਿਆਂ ਚੋਂ ਮਾਂ ਨੂੰ ਲੱਭਦੀ ਰਹੀ… ਪਰ ਇੰਨੇ ਤਾਰਿਆਂ ਵਿੱਚੋਂ ਵੀ ਮਾਂ ਦੇ ਮੇਚ ਦਾ ਤਾਰਾ ਨਾ ਲੱਭਾ…. ਲੱਭਦਾ ਵੀ ਕਿਵੇਂ? ਤਾਰੇ ਤਾਂ ਪੱਥਰ ਹੁੰਦੇ ਨੇ… ਜੋ ਬਿਗਾਨੀ ਰੌਸ਼ਨੀ ਨਾਲ ਚਮਕਦੇ ਨੇ….. ਪਰ ਮਾਵਾਂ ਤਾਂ ਕੋਮਲ ਚਿੱਤ ਅਤੇ ਖੁਦ ਨੂਰ ਹੁੰਦੀਆਂ ਨੇ… ਜੋ ਆਪਣੀ ਰੋਸ਼ਨੀ ਨਾਲ ਆਪਣੇ ਬੱਚਿਆਂ ਦੇ ਜੀਵਨ ਨੂੰ ਰੁਸ਼ਨਾਉੰਦੀਆਂ ਨੇ… ਉਹਨਾਂ ਦੇ ਰਾਹਾਂ ਦੇ ਹਨੇਰੇ ਦੂਰ ਕਰਦੀਆਂ ਨੇ…. ਮਾਵਾਂ ਕਦੇ ਤਾਰੇ ਨ੍ਹੀ ਬਣਦੀਆਂ…. ਉਹ ਧੜਕਣ ਬਣਦੀਆਂ ਨੇ…. ਜੋ ਬੱਚੇ ਪਹਿਲਾਂ ਮਾਂ ਦੇ ਦਿਲ ਦੀ ਧੜਕਣ ਹੁੰਦੇ ਨੇ… ਤੁਰ ਜਾਣ ਤੋਂ ਬਾਅਦ ਉਹ ਬੱਚਿਆਂ ਦੇ ਦਿਲਾਂ ਚ ਧੜਕਦੀਆਂ ਨੇ….
ਬੇਸ਼ੱਕ ਤੂੰ ਅੱਖਾਂ ਤੋਂ ਦੂਰ ਹੋ ਗਈ ਏਂ, ਪਰ ਜਿੰਨਾ ਚਿਰ ਸਾਡਾ ਦਿਲ ਧੜਕੇਗਾ, ਉਸ ਧੜਕਣ ਵਿੱਚ ਹਮੇਸ਼ਾਂ ਤੂੰ ਰਹੇਂਗੀ ਮਾਂ….ਸਾਡੇ ਅੰਗ ਸੰਗ ਰਹੀਂ ਮਾਂ..
ਅਸੀਸਾਂ ਬਣ ਕੇ, ਦੁਆਵਾਂ ਬਣ ਕੇ…. ਤੇਰੇ ਬਿਨਾਂ ਅਸੀਂ ਕੱਖ ਦੇ ਵੀ ਨਹੀਂ 🙏
ਰਣਜੀਤ ਚਾਹਲ 🌿