ਐਮ.ਏ ਸੈਮੀਫਾਈਨਲ | M.A semifinal

ਹਾਸਾ ਠੱਠਾ 😁
1985 ਚ ਪ੍ਰੈਪ ਚ ਬਟਾਲੇ ਐਸ.ਐਲ.ਬਾਵਾ.ਡੀ.ਏ.ਵੀ ਕਾਲਜ ਚ ਐਡਮੀਸ਼ਨ ਲੈ ਲਈ ਤੇ ਆਮ ਤੌਰ ਤੇ ਬੱਸ ਤੇ ਹੀ ਕਾਲਜ ਜਾਈਦਾ ਸੀ ਉਦੋਂ ਵਿਦਿਆਰਥੀਆਂ ਦੇ ਬਹੁਤ ਹੀ ਸਸਤੇ ਬੱਸ ਪਾਸ ਬਣਦੇ ਸਨ ਪਰ ਕਦੀ ਕਦੀ ਸਕੂਟਰ ਵੀ ਲੈ ਜਾਈਦਾ ਸੀ ਘਰ-ਦਿਆਂ ਨੂੰ ਕੋਈ ਬਹਾਨਾ ਆਦਿ ਮਾਰਕੇ। ਉਦੋਂ ਪੰਜਾਬ ਦੇ ਮਾਹੌਲ ਕਰਕੇ ਸਕੂਟਰ/ ਮੋਟਰ-ਸਾਈਕਲ ਤੇ ਇਕ ਤੋਂ ਵੱਧ ਬੈਠਣਾ ਮਨਾਂ ਹੁੰਦਾ ਸੀ। ਇਸੇ ਤਰਾਂ ਇਕ ਦਿਨ ਕਾਲਜ ਦੇ ਕੋਲ ਜਿਹੇ ਹੀ ਪੁਲਿਸ ਅਤੇ ਸੀ ਆਰ ਪੀ ਨੇ ਨਾਕਾ ਲਾਇਆ ਹੋਇਆਂ ਸੀ ਤੇ ਜਿਹੜੇ ਦੋ ਦੋ ਸਕੂਟਰ ਆਦਿ ਤੇ ਸਵਾਰ ਸਨ ਉਂਨਾਂ ਨੂੰ ਰੋਕ ਕੇ ਪਾਸੇ ਬੈਠਾ ਰਹੇ ਸਨ। ਅਸੀਂ ਵੀ ਦੋ ਜਾਣਿਆਂ ਕਰਕੇ ਕਾਬੂ ਆ ਗਏ ਤੇ ਸਾਡੇ ਦੱਸਣ ਤੇ ਵੀ ਕਿ ਅਸੀਂ ਆਹ ਨਾਲ ਹੀ ਕਾਲਜ ਪੜਦੇ ਹਾਂ ਤਾਂ ਠਾਣੇਦਾਰ ਕਹਿੰਦੇ ਕੋਈ ਨਾ ਰੁਕੋ ਥੋੜ੍ਹਾ ਚਿਰ।
ਤੇ ਇੰਨੇ ਨੂੰ ਤਿੰਨ ਜਾਣੇ ਸਕੂਟਰ ਤੇ ਆਉਂਦੇ ਦਿਖਾਈ ਦਿੱਤੇ ਤਾਂ ਠਾਣੇਦਾਰ ਨੇ ਹੱਥ ਦੇ ਕੇ ਗ਼ੁੱਸੇ ਚ ਰੋਕਦਿਆ ਕਿਹਾ,” ਉੱਲੂ ਦੇ ਪੱਠਿਓ ਸਕੂਟਰ ਤੇ ਇਕ ਤੋਂ ਵੱਧ ਬੈਠਣ ਦੀ ਮਨਾਹੀ ਹੈ ਤੇ ਤੁਸੀ ਤਿੰਨ ਤਿੰਨ ਜਾਣੇ ਚੜੇ ਫਿਰਦੇ ਜੇ, ਫੇਰਦਾ ਧਾਨੂੰ ਪਟਾ ਫਿਰ ਹੀ ਤੁਸੀਂ ਬੰਦੇ ਦੇ ਪੁੱਤ ਬਣਨਾ।
ਇਹ ਸੁਣਦਿਆਂ ਉਹ ਤਿੰਨੇ ਕਹਿੰਦੇ ਜੀ ਅਸੀਂ ਵੀ ਆਹ ਸਾਹਮਣੇ ਕਾਲਜ ਦੇ ਵਿਦਿਆਰਥੀ ਹਾਂ ਜੀ।
ਤਾਂ ਠਾਣੇਦਾਰ ਮੁੱਛਾਂ ਤੇ ਹੱਥ ਫੇਰਦਾ ਕਹਿੰਦਾ,” ਵਿਖਾਓ ਆਪਣੇ ਆਈ ਕਾਰਡ ਤੇ ਕਲਾਸ ਦੱਸੋ ਕਿਹੜੀ ਚ ਪੜਦੇ ਜੇ ਤੇ ਨਾਲ ਹੀ ਜਿਹੜਾ ਸਕੂਟਰ ਚਲਾ ਰਿਹਾ ਸੀ ਉਸਨੂੰ ਇਸ਼ਾਰਾ ਕਰਕੇ ਕਹਿੰਦੇ ,” ਵਿਖਾ ਉਏ ਆਪਣਾ ਕਾਰਡ ਤੇ ਕਲਾਸ”?
ਤਾਂ ਉਸ ਪਰਸ ਚੋ ਕੱਢ ਕੇ ਕਾਰਡ ਵਿਖਾਉਂਦੇ ਹੋਏ ਕਿਹਾ,” ਬੀ.ਏ ਫ਼ਾਈਨਲ”।
ਤਾਂ ਫਿਰ ਦੂਜੇ ਨੂੰ ਪੁੱਛਿਆਂ,” ਤੂੰ ਦੱਸ ਉਏ”?
ਤਾਂ ਉਹ ਕਾਰਡ ਵਿਖਾਉਂਦਾ ਹੋਇਆਂ ਤੇ ਥੋੜਾ ਮਾਣ ਜਿਹੇ ਨਾਲ ਕਹਿੰਦਾ,” ਪੋਲੀਟੀਕਲ ਸਾਇੰਸ ਦੀ ਐਮ.ਏ ਫ਼ਾਈਨਲ”। ਉਸਦਾ ਕਾਰਡ ਵੇਖਦੇ ਹੋਏ ਸੱਭ ਤੋ ਅਖੀਰ ਵਾਲੇ ਤੀਸਰੇ ਨੂੰ ਕਹਿੰਦੇ,” ਹਾਂ ਕਾਕਾ ਤੂੰ ਵੀ ਵਿਖਾ ਆਪਣਾ ਸ਼ਨਾਖ਼ਤੀ ਕਾਰਡ ਤੇ ਕਲਾਸ”। ਉਹ ਡਰਦਾ ਹੋਇਆਂ ਕਹਿੰਦਾ, “ਜੀ ਉਹ ਤਾਂ ਘਰ ਰਹਿ ਗਿਆ”। ਤਾਂ ਠਾਣੇਦਾਰ ਕਹਿੰਦਾ ,” ਚਲ ਕਲਾਸ ਦਸ ਆਪਣੀ”?
ਤਾਂ ਉਹ ਚੁੱਪ ਕਰਕੇ ਡੁੰਨ ਵੱਟਾ ਜਿਹਾ ਬਣ ਕੇ ਖਲੋਤਾ ਰਿਹਾ। ਕਿੳਕਿ ਉਹ ਨਾ ਤਾਂ ਕਾਲਜ ਪੜਦਾ ਸੀ ਬੱਸ ਉਹ ਤਾਂ ਇੰਨਾਂ ਨਾਲ ਕਾਲਜ ਗੇੜੀ ਸੇੜੀ ਮਾਰਨ ਆ ਜਾਂਦਾ ਸੀ ਤੇ ਸਕੂਟਰ ਵੀ ਇਸਦਾ ਹੁੰਦਾ ਸੀ। ਉਸਨੂੰ ਚੁੱਪ ਕੀਤਾ ਵੇਖ ਕੇ ਠਾਣੇਦਾਰ ਕਹਿੰਦਾ,”ਉਏ ਦੱਸੇਗਾ ਕਿ ਭੇਜਾਂ ਤੈਨੂੰ ਵੀ ‘ਬੀ.ਕੋ’( ਉਦੋਂ ਬੀਕੋ ਬਟਾਲੇ ਦਾ ਕੀ ਪੰਜਾਬ ਦਾ ਮਸਹੂਰ ਤੇ ਬਦਨਾਮ ਟਾਰਚਰ ਸੈਂਟਰ ਹੁੰਦਾ ਸੀ ਉਥੇ ਖਾੜਕੂਆ ਨੂੰ ਟਾਰਚਾਰ ਕੀਤਾ ਜਾਂਦਾ ਸੀ ਤੇ ਕੋਈ ਕਰਮਾਂ ਵਾਲਾ ਹੀ ਉੱਥੋਂ ਬੱਚ ਕੇ ਹੀ ਆਉਂਦਾ ਸੀ। ਉਹ ਇਕ ਬੰਦ ਪਈ ਫਾਉਂਡਰੀ ਸੀ ਜਿਸਦਾ ਨਾਂ ਬੀਕੋ ਸੀ)
ਬੀਕੋ ਦਾ ਨਾਂ ਸੁਣਦਿਆਂ ਹੀ ਉਹ ਹੋਰ ਡਰ ਗਿਆ ਤੇ ਫਿਰ ਆਪਣੇ ਦੋਹਾ ਸਾਥੀਆਂ ਵੱਲੋਂ ਦਿੱਤੇ ਜੁਆਬ ਦਾ ਹਿਸਾਬ ਜਿਹਾ ਲਾ ਕੇ ਕਹਿੰਦਾ,” ਜੀ ਮੈਂ ਐਮ ਏ ਸੈਮੀਫਾਈਨਲ ਚ ਪੜਦਾ ਹਾਂ”।
ਤਾਂ ਠਾਣੇਦਾਰ ਕਹਿੰਦਾ,” ਪਤੰਦਰਾਂ ਇਹ ਕਿਹੜੀ ਕਲਾਸ ਹੋਈ ਉਏ, ਇਹ ਤਾਂ ਮੈ ਪਹਿਲੀ ਵਾਰ ਸੁਣ ਰਿਹਾ ਹਾਂ”। ਤੇ ਉਹ ਦੂਜੇ ਦੋਵਾ ਨੂੰ ਉਂਨਾਂ ਦੇ ਕਾਰਡ ਵਾਪਸ ਕਰਦੇ ਹੋਏ ਕਹਿੰਦਾ,” ਤੁਸੀ ਤੇ ਜਾੳ,ਮੈਨੂ ਲੱਗ ਗਿਆ ਪਤਾ ਇਹ ਕੋਈ ਨਹੀਂ ਪੜਦਾ ਪੁੜਦਾ ਹੁਣ ਮੈ ਇਹਨੂੰ ਸੈਮੀਫਾਈਨਲ ਚੋਂ ਫ਼ਾਈਨਲ ਚ ਕਰਕੇ ਹੀ ਇਹਨੂੰ ਭੇਜੂਗਾ।
ਤੇ ਫਿਰ ਉਹ ਸਾਨੂੰ ਵੀ ਕਹਿੰਦਾ ਕਿ ਤੁਸੀ ਵੀ ਜਾਓ ਉਏ ਪਾੜਿਓ। ਤੇ ਸੈਮੀਫਾਈਨਲ ਵਾਲੇ ਨੂੰ ਗੱਡੀ ਚ ਬੈਠਾ ਕੇ ਲੈ ਗਏ।

Leave a Reply

Your email address will not be published. Required fields are marked *