ਖਾਲੀ ਖੂਹ | khaali khoo

ਘਰਾਂ ‘ਚ ਆਮ ਗੱਲ-ਬਾਤ ਵੇਲੇ ਇੱਕ ਗੱਲ ਸੁਣ ਜਾਂਦੀ ਹੈ ਕਿ ਜੇ ਸਮੇਂ ਸਿਰ ਨਾ ਸੰਭਾਲੀਏ ਤਾਂ ਭਰੇ ਖੂਹ ਵੀ ਖਾਲੀ ਹੋ ਜਾਂਦੇ ਨੇ । ਅੱਜ ਦੀ ਮੇਰੀ ਲਿਖਤ ਵੀ ਕੁਛ ਇਸੇ ਗੱਲ-ਬਾਤ ਦੇ ਆਲੇ ਦੁਆਲੇ ਹੈ।
ਪੰਜਾਬ ਇੱਕ ਸਮੇਂ ਬਹੁਤ ਕੀਮਤੀ ਹੀਰਿਆਂ, ਅਣਮੁਲੇ ਖ਼ਜ਼ਾਨਿਆਂ ਦਾ ਤੇ ਪਵਿੱਤਰ ਵਿਚਾਰਾਂ, ਕਦਰਾਂ ਕੀਮਤਾਂ ਨਾਲ ਲੱਪਾ ਲੱਪ ਭਰਿਆ ਖੂਹ ਸੀ ।
ਹਰ ਪੰਜਾਬੀ ਨੂੰ ਮਾਣ ਸੀ ਤੇ ਪੂਰੀ ਦੁਨੀਆ ਦੇ ਲੋਕ ਇਸਦਾ ਹੁਸਨ ਦੇਖਣ ਫੇਰਾ ਪਾਈ ਰੱਖਦੇ ਸਨ। ਮਤਲਬ ਪੂਰੇ ਸੰਸਾਰ ਭਰ ‘ਚ ਗੱਲਾਂ ਹੁੰਦੀਆਂ ਸਨ ਇਸਦੇ ਜਲਵੇ ਦੀਆ ।
ਪਰ ਇਸ ਖੂਹ ਨੂੰ ਖਾਲੀ ਕਰਨ ‘ਚ ਬਾਹਰਲਿਆਂ ਨੇ ਤਾਂ ਨਾ-ਮਾਤਰ ਪਰ ਆਪਣਿਆਂ ਦਾ ਵੱਡਾ ਹੱਥ ਰਿਹਾ ਬਿਲਕੁਲ ਉਸੇ ਤਰਾਂ ਜਿਵੇ ਬਿੰਨਾ ਦੇਖ-ਰੇਖ ਪਏ ਪੀਪੇ ਚੋਂ ਜਵਾਕ ਗੁੜ ਸ਼ਕਰ ਨਿਬੇੜ ਦਿੰਦੇ ਤੇ ਲੋੜ ਵੇਲੇ ਮਾਂ ਤਾਂਹ-ਠਾਂਹ ਦੇਖੇ । ਪੀਪਾ ਭਰਿਆ ਹੈ ਜਾਂ ਖਾਲੀ ਤੋਂ ਅਣਜਾਣ ਇੱਕ ਮਾਣ ਜਿਹਾ ਹੀ ਹੁੰਦਾ, ਬੰਦਾ ਬੇਫ਼ਿਕਰਾ ਹੁੰਦਾ ।
ਪੰਜਾਬ ਜਦੋਂ ਤੱਕ ਹਰਿਆਂ ਭਰਿਆ ਤੇ ਮੂੰਹ ਤੱਕ ਬੇਸ਼ਕੀਮਤੀ ਸੁਗਾਤਾਂ ਨਾਲ ਭਰਿਆ ਸੀ ਤਾਂ ਬੜਾ ਮਾਣ ਸੀ ਸਭ ਬੇਪਰਵਾਹ, ਬੱਸ ਇਸੇ ਦੇ ਚਲਦਿਆਂ ਅਸੀਂ ਘੋੜੇ ਵੇਚ ਸੌਂਦੇ ਰਹੇ । ਸੌਦਿਆਂ ਹੋਇਆ ਸਾਡੇ ਵਿਚਾਰਾਂ ਉੱਤੇ ਹਮਲੇ ਹੋਏ, ਸਾਡੀਆਂ ਅਣਖਾਂ ਕਦੋਂ ਹੰਕਾਰ ‘ਚ ਬਦਲ ਗਈਆਂ ਪਤਾ ਨਾ ਚੱਲਿਆ, ਖੂਹ ਵੱਲ ਵੀ ਕਿਸੇ ਦਾ ਧਿਆਨ ਨਹੀਂ । ਸਾਨੂੰ ਤਾਂ ਬੇਗਾਨੀਆਂ, ਲਿਸ਼ਕਦੀਆਂ ਪੀਲੀਆ ਚੀਜਾਂ ਨੇ ਐਸਾ ਮੋਹਿਆ ਕਿ ਅਸੀਂ ਨੀਂਦਰੇ ਆਪਣਾ ਆਪ ਗਵਾ ਬੈਠੇ । ਬਾਹਰਲੀ ਚਮਕ ਸਾਡਾ ਆਪਣਾ ਵਜ਼ੂਦ ਖਤਮ ਕਰਨ ਲੱਗੀ ।
ਬੋਲੀ , ਕਦਰਾਂ ਕੀਮਤਾਂ, ਮਿਹਨਤਾਂ ਜਾਣੋ ਪਾਰਸ ਪੰਜਾਬ ਨੂੰ ਜਿਵੇ ਲੋਹੇ ਨੇ ਆਪਣੇ ਲਪੇਟੇ ‘ਚ ਲੈ ਲਿਆ ਤੇ ਲੋਹਾ ਆਪਣੇ ਜੰਗ ਨਾਲ ਹੀ ਖਤਮ ਹੋਣ ਤੇ ਆਇਆ ਹੋਇਆ ।
ਇੱਥੇ ਕੁੱਛ ਕ ਗੱਲਾਂ ਨਾਲ ਮੈ ਲਿਖਤ ਦਾ ਅੰਤ ਕਰ ਰਿਹਾ ਕਿ ਜਿਵੇ ਵਿਹਲੇ ਬੈਠਿਆ ਖਾਤੇ ਖਾਲੀ ਹੋ ਜਾਂਦੇ ਨੇ ਉਸੇ ਤਰਾਂ ਬਿੰਨ੍ਹਾ ਰਾਖੀ ਘਰ ਲੁੱਟੇ ਜਾਂਦੇ ਨੇ । ਅਸੀਂ ਅੱਜ ਆਪਣੇ ਪੁਰਖਿਆਂ ਦੇ ਕਿਤੇ ਕੰਮਾਂ ਦਾ ਹਵਾਲਾ ਦੇ ਕੇ ਝੂਠੀ ਵਡਿਆਈ ਖੱਟ ਰਹੇ ਹਾ, ਹਾਲਾਂਕਿ ਅੰਦਰੋਂ ਸਾਡਾ ਜ਼ਮੀਰ ਸਾਨੂੰ ਲਾਹਨਤਾਂ ਪਾ ਰਿਹਾ । ਗੱਲਾਂ ਅਸੀਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀਆ ਕਰਦੇ ਹਾਂ ਪਰ ਕਰਦੇ ਹਾਂ ਉੱਤੋਂ ਉੱਤੋਂ, ਅੰਦਰੋਂ ਸੱਚ ਨਾਲ ਵਾਕਫ਼ ਹਾਂ ।
ਇਸ ਲਿਖਤ ‘ਚ ਕੋਈ ਸੁਝਾਅ ਦੇਣ ਦੀ ਗੁੰਜਾਇਸ਼ ਨਹੀਂ ਕਿ ਅਸੀਂ ਦੁਬਾਰਾ ਖੁਸ਼ਹਾਲ ਪੰਜਾਬ ਕਿਵੇਂ ਸਿਰਜ ਸਕਦੇ ਹਾਂ ਕਿਉਂਕਿ ਹੁਣ ਤਾਂ ਖੂਹ ਆਪ ਪਿਆਸ ਨਾਲ ਮਰਨ ਕਿਨਾਰੇ ਹੈ । ਚੜ੍ਹਦੀ ਕਲਾ ਦੇ ਬੋਲ ਉਸਦੇ ਡੂੰਘੇ ਤਲ ਤੱਕ ਨਹੀਂ ਪਹੁੰਚ ਰਹੇ ਕਿਉਂਕਿ ਉਹ ਬੋਲ ਵੀ ਹੁਣ ਦੱਬੀ ਜ਼ੁਬਾਨ ਨਾਲ ਬੋਲੇ ਜਾ ਰਹੇ ਹਨ ।
ਰੁਪਿੰਦਰਸਿੰਘ
ਪੰਜਾਬ

Leave a Reply

Your email address will not be published. Required fields are marked *