ਇੱਕ ਸੁਵੇਰ ਤੁਰੇ ਜਾਂਦੇ ਬੀਬੀ ਪਰਮਜੀਤ ਕੌਰ ਜੀ ਨੂੰ ਭਾਈ ਜਸਵੰਤ ਸਿੰਘ ਖਾਲੜਾ ਜੀ ਨੇ ਪਿੱਛਿਓਂ ਵਾਜ ਮਾਰ ਖਲਿਆਰ ਲਿਆ ਤੇ ਪੁੱਛਣ ਲੱਗੇ..ਮੇਰੇ ਬਗੈਰ ਬੱਚੇ ਪਾਲ ਲਵੇਂਗੀ?
ਅੱਗੋਂ ਆਖਣ ਲੱਗੇ..ਕਿਓਂ ਤੁਸੀਂ ਵੀ ਤੇ ਨਾਲ ਹੀ ਹੋ..ਤੁਹਾਨੂੰ ਕੀ ਹੋਣਾ?
ਫੇਰ ਘੜੀ ਕੂ ਮਗਰੋਂ ਹੀ ਕਬੀਰ ਪਾਰਕ ਘਰੋਂ ਬਾਹਰ ਕਾਰ ਧੋਂਦੇ ਹੋਏ ਭਾਈ ਸਾਬ ਚੁੱਕ ਲਏ ਗਏ ਤੇ ਸ਼ਹੀਦੀ ਮਾਰਗ ਰਵਾਨਗੀ ਪੈ ਗਈ!
ਬੀਬੀ ਬਿਮਲ ਕੌਰ ਜੀ ਮੁਤਾਬਿਕ ਕੱਤੀ ਅਕਤੂਬਰ ਚੁਰਾਸੀ ਨੂੰ ਘਰੋਂ ਛੇਤੀ ਨਿੱਕਲ ਗਏ ਭਾਈ ਬੇਅੰਤ ਸਿੰਘ ਆਖਣ ਲੱਗੇ ਅੱਜ ਪਹਿਲੋਂ ਬੰਗਲਾ ਸਾਬ ਮੱਥਾ ਟੇਕ ਕੇ ਜਾਣਾ..ਜਾਣ ਲੱਗੇ ਸੁੱਤੀ ਪਈ ਛੇ ਮਹੀਨੇ ਦੀ ਨਿੱਕੀ ਧੀ ਵੱਲ ਗਹੁ ਨਾਲ ਤੱਕਿਆ..ਕੁਝ ਸੋਚਿਆ ਤੇ ਫੇਰ ਬਾਹਰ ਨੂੰ ਨਿੱਕਲ ਗਏ..!
ਹਿੰਦੂ ਪਰਿਵਾਰ ਚ ਜਨਮੀਂ ਬੀਬੀ ਬਿਮਲ ਕੌਰ ਖਾਲਸਾ ਦੱਸਦੇ ਕੇ ਅਜੀਬ ਮਾਨਸਿਕਤਾ ਅਤੇ ਮਾਹੌਲ ਨੇ ਉਸ ਦਿਨ ਘਰ ਦੇ ਮਾਹੌਲ ਨੂੰ ਗ੍ਰਿਫਤ ਵਿਚ ਲੈ ਲਿਆ..ਫੇਰ ਚਾਰ ਕੂ ਘੰਟੇ ਮਗਰੋਂ ਪੁਲਸ ਦੀਆਂ ਧਾੜਾਂ ਅੰਦਰ ਘਿਰੀ ਹੋਈ ਬੀਬੀ ਜੀ ਲਈ ਸਾਰੀ ਦੁਨੀਆ ਦੀ ਰੂਪ ਰੇਖਾ ਬਦਲ ਚੁੱਕੀ ਸੀ..ਘਰ ਦੀ ਤਲਾਸ਼ੀ..ਫਰੋਲਾ ਫਰੋਲੀ..ਅਤੇ ਅਨੇਕਾਂ ਸਵਾਲ!
ਸੁਫਨਿਆਂ ਦੀ ਦੁਨੀਆਂ ਵਿਚੋਂ ਹੁਣੇ ਹੁਣੇ ਬਾਹਰ ਆਏ ਬੱਚੇ ਹੈਰਾਨ ਸਨ..ਅਕਸਰ ਹੀ ਵਰਦੀ ਪਾਈ ਘਰੇ ਤੁਰਿਆ ਫਿਰਦਾ ਇੱਕ ਆਪਣਾ ਅੱਤ ਨਜਦੀਕੀ ਅੱਜ ਕਿਧਰੇ ਵੀ ਨਹੀਂ ਸੀ ਦਿਸ ਰਿਹਾ..ਪਰ ਓਸੇ ਵਰਦੀ ਵਿੱਚ ਜਕੜੇ ਹੋਏ ਕਿੰਨੇ ਸਾਰੇ ਖੌਫਨਾਕ ਚੇਹਰੇ ਦਬਕੇ ਗਾਹਲਾਂ ਧਮਕੀਆਂ ਅਤੇ ਮਾਨਸਿਕ ਸਰੀਰਕ ਤਸ਼ੱਦਤ ਦੀਆਂ ਨਦੀਆਂ ਵਗਾ ਰਹੇ ਸਨ..!
ਇਤਿਹਾਸ ਗਵਾਹ ਹੈ ਕੇ ਕੱਲੀਆਂ ਰਹਿ ਗਈਆਂ ਮਾਵਾਂ ਦੇ ਸਿਦਕ ਹੋਂਸਲੇ ਓਦੋਂ ਅੰਬਰੀ ਛੂਹਣ ਲੱਗਦੇ ਜਦੋਂ ਵਰਤ ਗਏ ਭਾਣੇ ਦੀ ਖਬਰ ਮਿਲਦੀ ਏ..!
ਕਿਓੰਕੇ ਸ਼ਹੀਦੀ ਮਾਰਗ ਤੇ ਤੁਰੇ ਜਾਂਦੇ ਸਿੰਘ ਜਦੋਂ ਗੂੜੀ ਨੀਂਦਰ ਸੁੱਤੀ ਪਈ ਔਲਾਦ ਵੱਲ ਇੱਕ ਆਖਰੀ ਸਰਸਰੀ ਨਜਰ ਮਾਰਦੇ ਨੇ ਤਾਂ ਅੰਦਰੋਂ ਸਿਰਫ ਇੱਕੋ ਅਰਦਾਸ ਨਿੱਕਲਦੀ ਏ..
ਹੇ ਸੱਚੇ ਪਾਤਸ਼ਾਹ ਸਾਡੇ ਮਗਰੋਂ ਇਹਨਾਂ ਅਤੇ ਇਹਨਾਂ ਦੀਆਂ ਜੰਮਣ ਵਾਲੀਆਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਣਾ!
(ਦੋ ਸਤੰਬਰ ਇੱਕਨਵੇਂ ਨੂੰ ਜਹਾਨੋਂ ਚਲੇ ਗਏ ਬੀਬੀ ਬਿਮਲ ਕੌਰ ਜੀ ਨੂੰ ਸਮਰਪਿਤ)
ਹਰਪ੍ਰੀਤ ਸਿੰਘ ਜਵੰਦਾ