“ਜੀਤੀ ਪੁੱਤ ਅੱਜ ਬਹੁਤ ਕਾਹਲੀ ਕਰ ਰਹੀਂ ਏਂ ਕਾਲਜ ਜਾਣ ਦੀ——— ਮੈਂ ਤੈਨੂੰ ਕਿਹਾ ਸੀ ਕਿ ਅੱਜ ਰਹਿਣ ਦੇਈਂ——–ਐਵੇਂ ਕੋਈ ਭੂੰਡ ਆਸ਼ਿਕ ਤੇਰੇ ਨਾਲ ਕੋਈ ਛੇੜ- ਛਾੜ ਨਾ ਕਰ ਦੇਵੇ —————–ਮੈਂ ਸੁਣਿਆ ਕਾਲਜਾਂ ਵਿੱਚ ਇਸ ਦਿਨ ਬਹੁਤ ਗੰਦ ਪੈਦਾਂ”!
“ਓਹ ਅੱਛਾ ਮੰਮੀ ਜੀ ਤੁਸੀਂ ਇਸ ਗੱਲੋਂ ਘਾਬਰ ਰਹੇ ਓ ਕਿ ਅੱਜ ਵੇਲਨਟਾਈਨਸ ਡੇ ਹੈ ਤੇ ਕੋਈ ਮੈਨੂੰ ————-
ਮੰਮੀ ਇੱਕ ਵੀਹ ਰੁਪਏ ਦੇ ਫੁੱਲ ਤੇ ਡੁੱਲਣ ਵਾਲੀਆਂ ਕੋਈ ਹੋਰ ਹੋਣਗੀਆਂ। ਸਾਰੀ ਜ਼ਿੰਦਗੀ ਦੀ ਤੁਹਾਡੀ ਮਿਹਨਤ ਨੂੰ ਇਕ ਫੁੱਲ ਦੇਣ ਵਾਲੇ ਮਜਨੂੰ ਦੇ ਲੇਖੇ ਕਿਵੇਂ ਲਾ ਦਿਆਂ।
ਹਾਂ ਨਾਲੇ ਕਾਹਲੀ ਇਸ ਗੱਲੋਂ ਕਰ ਰਹੀਂ ਆਂ ਕਿ ਅੱਜ ਸੁਮਨ ਵੀ ਮੇਰੇ ਨਾਲ ਹੀ ਜਾਵੇਗੀ ਓਹਦੀ ਮੰਮੀ ਨੂੰ ਵੀ ਇਹੀਓ ਧੜਕਾ ਲੱਗਿਆ ਜੋਂ ਤੁਹਾਨੂੰ ਲੱਗਿਆ। ਦੇਖਿਓ ਅੱਜ ਕਿਵੇਂ ਖੜਕਾ ਹੁੰਦਾ ਇਹਨਾਂ ਵਲੈਤੀ ਬਾਬੂਆਂ ਦਾ, ਵੱਡੇ ਰਾਂਝੇ ।
ਇਹ ਕਹਿੰਦੀ ਹੋਈ ਓਹ ਮਾਂ ਨੂੰ ਜੱਫੀ ਪਾ ਕੇ ਕਾਲਜ ਨੂੰ ਤੁਰ ਪਈ । ਅੰਦਰ ਪੱਗ ਬੰਨ ਰਿਹਾ ਜੀਤੀ ਦਾ ਡੈਡੀ ਇਹ ਸਭ ਸੁਣ ਕੇ ਆਪ ਮੁਹਾਰੇ ਬੋਲ ਪਿਆ “ਜੀਤੀ ਪੁੱਤ ਤੇਰੇ ਪਾਪਾ ਨੂੰ ਤੇਰੇ ਤੇ ਮਾਣ ਹੈ। ”
ਸੁਖਵਿੰਦਰ ਸਿੰਘ ਅਨਹਦ