ਦੁੱਧ ਉੱਬਲ ਗਿਆ..ਘਰੇ ਸੁਨਾਮੀਂ ਆ ਗਈ..
ਜਿੰਨੇ ਮੂੰਹ ਓਨੀਆਂ ਗੱਲਾਂ..ਕੀ ਫਾਇਦਾ ਏਨੀ ਪੜਾਈ ਦਾ..ਨਿੱਕੀ ਜਿੰਨੀ ਗੱਲ ਦਾ ਵੀ ਧਿਆਨ ਨਹੀਂ..!
ਸੋਹਣੀ ਸ਼ਕਲ ਦਾ ਅਚਾਰ ਥੋੜਾ ਪਾਉਣਾ..ਜੁੰਮੇਵਾਰੀ ਦਾ ਇਹਸਾਸ ਹੀ ਨਹੀਂ..ਏਨੀ ਲਾਪਰਵਾਹ..ਅਨਪੜ ਵੀ ਇਸਤੋਂ ਸੌ ਦਰਜੇ ਚੰਗੀਆਂ..!
ਅਤੀਤ ਵਿਚ ਜਾਣੇ ਅਣਜਾਣੇ ਹੋ ਗਈਆਂ ਗਲਤੀਆਂ ਦਾ ਵੀ ਜਿਕਰ ਹੋਣਾ ਸ਼ੁਰੂ ਹੋ ਗਿਆ!
ਇੱਕ ਇੱਕ ਗੱਲ ਮੇਰੇ ਸੀਨੇ ਵਿਚ ਖੰਜਰ ਬਣ ਚੁੱਭ ਰਹੀ ਸੀ..ਅੰਬਰ ਵਿਚ ਕਿਧਰੇ ਤਾਰਾ ਬਣ ਬੈਠਾ ਡੈਡੀ ਜੀ ਬੜਾ ਚੇਤੇ ਆਇਆ..!
ਅਖੀਰ ਹੰਝੂ ਵਗ ਤੁਰੇ..ਰਾਤਾਂ ਜਾਗ ਜਾਗ ਕੀਤੀ ਔਖੀ ਪੜਾਈ ਬਾਰੇ ਹੁੰਦੀਆਂ ਚੁਬਵੀਆਂ ਗੱਲਾਂ ਸੁਣ ਇੰਝ ਲੱਗਾ ਕੋਈ ਸਾਰੀਆਂ ਡਿਗਰੀਆਂ ਖੋਹ ਕੇ ਲੈ ਗਿਆ ਹੋਵੇ..!
ਸ਼ੀਸ਼ੇ ਮੂਹਰੇ ਖਲੋਤੀ ਨੂੰ ਆਪਣੀ ਸ਼ਕਲ ਤੋਂ ਵੀ ਨਫਰਤ ਹੋ ਗਈ..ਸਭ ਕੁਝ ਭੱਦਾ ਅਤੇ ਬੇਢੰਗਾ ਲੱਗਣ ਲੱਗਾ!
ਏਨੇ ਨੂੰ ਬਾਰ ਖੜਕਿਆ..ਕੰਮ ਵਾਲੀ ਬੀਜੀ ਸੀ..ਮੇਰੀਆਂ ਗਿੱਲੀਆਂ ਅੱਖਾਂ ਵੇਖ ਓਸੇ ਵੇਲੇ ਸਾਰੀ ਗੱਲ ਸਮਝ ਗਈ..ਮੈਨੂੰ ਝੱਟ ਆਪਣੇ ਗਲ਼ ਨਾਲ ਲਾ ਲਿਆ..ਮੇਰੇ ਹੰਝੂ ਪੂੰਝੇ..ਦੁਪੱਟਾ ਠੀਕ ਕੀਤਾ..ਪਾਣੀ ਪਿਲਾਇਆ ਅਤੇ ਫੇਰ ਗੈਸ ਤੋਂ ਡੁੱਲਿਆ ਦੁੱਧ ਸਾਫ ਕਰਦੀ ਹੋਈ ਆਖਣ ਲੱਗੀ..”ਫੇਰ ਕੀ ਹੋਇਆ ਧੀਏ..ਏਨੀਆਂ ਜੁੰਮੇਵਾਰੀਆਂ..ਇੱਕੋ ਵੇਲੇ ਕਿੰਨੇ ਪਾਸੇ ਦਾ ਧਿਆਨ..ਏਦਾਂ ਦੀ ਛੋਟੀ ਮੋਟੀ ਗੱਲ ਅਕਸਰ ਹੋ ਹੀ ਜਾਇਆ ਕਰਦੀ..ਦਿਲ ਤੇ ਬਿਲਕੁਲ ਨਾ ਲਾਵੀਂ..ਤੇਰੀ ਯਾਦਸ਼ਕਤੀ ਦਾ ਤੇ ਸਾਰਾ ਮੁਹੱਲਾ ਗਵਾਹੀ ਭਰਦਾ..ਕਿਸੇ ਦਾ ਜਨਮ ਦਿਨ..ਤਿੱਥ ਤਿਉਹਾਰ..ਜੰਮਣੇ-ਅਤੇ ਸ਼ਗਨ ਸਵਾਰਥ ਦਾ ਦਿਨ..ਸਭ ਤੋਂ ਪਹਿਲੋਂ ਤੇਰੀ ਵਧਾਈ ਵਾਲਾ ਸੁਨੇਹਾ ਹੀ ਤਾਂ ਅੱਪੜਦਾ ਏ”!
ਮਿਸ਼ਰੀ ਘੁਲੇ ਬੋਲ..ਸੁਕੂਨ ਦਾ ਛਿੱਟਾ ਦਿੰਦੇ ਦੋ ਹੱਥ..ਆਪਣੇਪਣ ਵਾਲੀ ਤਲਿੱਸਮੀ ਨਜਰ..ਚਾਰੇ ਪਾਸੇ ਇੱਕ ਠੰਡੀ ਮਿੱਠੀ ਚੁੱਪ ਜਿਹੀ ਪੱਸਰ ਗਈ..!
ਘੜੀਆਂ ਪਲਾਂ ਵਿੱਚ ਹੀ ਕੱਖੋਂ ਹੌਲੀ ਹੋ ਗਈ ਮੈਂ ਇੱਕ ਵਾਰ ਫੇਰ ਪੈਰਾਂ ਸਿਰ ਹੋ ਗਈ..ਇੰਝ ਲੱਗਾ ਕੋਈ ਚੋਰੀ ਹੋ ਗਈਆਂ ਮੇਰੀਆਂ ਸਾਰੀਆਂ ਡਿਗਰੀਆਂ ਉਂਝ ਦੀਆਂ ਉਂਝ ਹੀ ਵਾਪਿਸ ਮੋੜ ਗਿਆ ਹੋਵੇ!
ਹਰਪ੍ਰੀਤ ਸਿੰਘ ਜਵੰਦਾ