ਮੇਰੇ ਬਾਬਾ ਜੀ ਸਰਦਾਰ ਲਛਮਣ ਸਿੰਘ 6 ਫੁੱਟ ਦੇ ਉੱਚੇ ਲੰਮੇ , ਨਰੋਏ ਸਰੀਰ ਤੇ ਮਿਲਣਸਾਰ ਸੁਭਾਅ ਦੇ ਇਨਸਾਨ ਸਨ। ਉਹ
ਬਹੁਤ ਹੀ ਰੋਹਬਦਾਰ ਸਖ਼ਸ਼ੀਅਤ ਦੇ ਮਾਲਿਕ ਸਨ।
ਖੁੱਲ੍ਹੀ ਦਾੜ੍ਹੀ,ਹਮੇਸ਼ਾਂ ਹੀ ਸਾਫ਼ – ਸੁਥਰੇ ਚਿੱਟੇ ਰੰਗ ਦੇ ਕੁੜਤੇ ਪਜਾਮੇ ਨਾਲ ਹੀ ਚਿੱਟੀ ਪੱਗ ਵਿੱਚ ਤਿਆਰ ਬਰ ਤਿਆਰ ਉਹ
ਉਰਦੂ ਦੀ ਅਖ਼ਬਾਰ ਪੜ੍ਹਦੇ ਹੁੰਦੇ ਸਨ। ਉਹ ਵੱਖਰੇ ਮਕਾਨ ਵਿੱਚ ਰਹਿੰਦੇ ਸਨ ਤਾਂ ਜੋ ਉਹਨਾਂ ਦੇ ਕਾਰਨ ਕਿਸੇ ਵੀ ਨੂੰਹ ਜਾਂ ਪੁੱਤ ਜਾਂ ਪੋਤੇ ਪੋਤੀਆਂ ਨੂੰ ਕੋਈ ਔਖ ਨਾ ਹੋਵੇ।ਉਹ ਆਪਣੀ ਖੁਸ਼ੀ ਨਾਲ ਅਲੱਗ ਰਹਿੰਦੇ ਸਨ।ਪੈਸਿਆਂ ਦੀ ਕੋਈ ਤੰਗੀ ਨਹੀਂ ਸੀ।ਸਮਾਂ ਬਿਤਾਉਣ ਲਈ ਕਰਿਆਨੇ ਦੀ ਦੁਕਾਨ ਪਾਈ ਹੋਈ ਸੀ। ਹਕੀਮੀ ਵੀ ਕਰਦੇ ਸਨ ।ਮੁਫ਼ਤ ਵਿੱਚ ਦੇਸੀ ਦਵਾਈ ਨਾਲ ਇਲਾਜ ਕਰਦੇ ਹੁੰਦੇ ਸਨ।
ਛੋਟੇ ਹੁੰਦੇ ਪਿਤਾ ਜੀ ਨੇ ਰੋਟੀ ਦੇਣ ਜਾਣਾ ਤਾਂ ਮੈਨੂੰ ਵੀ ਨਾਲ ਲੇ ਜਾਣਾ। ਪਿਤਾ ਜੀ ਨੇ ਸਭ ਤੋਂ ਪਹਿਲਾਂ ਉਹਨਾਂ ਦੇ ਪੈਰਾਂ ਨੂੰ ਹੱਥ ਲਗਾ ਕੇ ਮੱਥਾ ਟੇਕਣਾ।ਮੈਨੂੰ ਕਹਿਣਾ ,”ਪੁੱਤ ਬਾਬਾ ਜੀ ਨੂੰ ਹੱਥ ਜੋੜੋ।”ਮੇਰੇ ਹੱਥ ਜੋੜਨ ਤੋਂ ਪਹਿਲਾਂ ਹੀ ਉਹਨਾਂ ਨੇ ਮੇਰੇ ਹੱਥ ਕਿੰਨੇ ਹੀ ਲਿਫ਼ਾਫ਼ੇ ਫੜਾ ਦੇਣੇ, ਚੀਜ਼ੀਆਂ ਨਾਲ ਭਰ ਕੇ।”
ਦਿਨ ਵਿੱਚ ਜਿੰਨੀ ਵਾਰ ਦੁਕਾਨ ਤੇ ਜਾਣਾ। ਉਹਨਾਂ ਨੇ ਕਦੇ ਖਾਲੀ ਨਹੀਂ ਸੀ ਮੋੜਿਆ ਮੈਨੂੰ। ਇੱਕ ਵਾਰ ਇੱਕ ਬੰਦਾ ਉਹਨਾਂ ਅੱਗੇ ਹੱਥ ਜੋੜੇ,”ਬਾਬਾ ਜੀ ਤੁਸੀਂ ਮੇਰੇ ਰੱਬ ਓ। ਤੁਹਾਡੀ ਦਵਾਈ ਨੇ ਮੇਰੇ ਪੁੱਤ ਨੂੰ ਬਚਾ ਲਿਆ।ਡਾਕਦਾਰ ਨੇ ਤਾਂ ਜਵਾਬ ਦੇ ਦਿੱਤਾ ਸੀ।”
ਮੈਨੂੰ ਪੜ੍ਹਨ ਲਈ ਪਾ ਦਿੱਤਾ ਗਿਆ।ਸਕੂਲ ਵਿੱਚ “ਗੁਰੂ ਨਾਨਕ ਦੇਵ”ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਗਿਆ।
ਮਾਸਟਰ ਜੀ ਨੇ ਇੱਕ ਫੋਟੋ ਦਿਖਾਈ ਜੋ ਬਾਬੇ ਨਾਨਕ ਦੀ ਸੀ।ਮੈਨੂੰ ਨਹੀਂ ਸੀ ਪਤਾ।
ਉਹ ਕਹਿੰਦੇ ,”ਇਹ ਫੋਟੋ ਉਹਨਾਂ ਦੀ ਹੈ ਜੋ ਸਭ ਨੂੰ ਦਾਤਾਂ ਦੇਣ ਵਾਲਾ ਹੈ, ਜੋ ਆਪਣੇ ਦਰ ਤੇ ਆਏ ਕਿਸੇ ਬੰਦੇ ਨੂੰ ਖਾਲੀ ਨਹੀਂ ਮੋੜਦਾ।ਸਭ ਰੋਗਾਂ ਦਾ ਮੁਫ਼ਤ ਵਿੱਚ ਇਲਾਜ ਕਰਦਾ ਹੈ।
ਜਿਸ ਬੱਚੇ ਨੂੰ ਇਨ੍ਹਾਂ ਦਾ ਨਾਮ ਪਤਾ ਹੱਥ ਖੜ੍ਹਾ ਕਰੋ।”
ਮੈਂ ਫਟਾਫਟ ਹੱਥ ਖੜਾ ਕਰ ਦਿੱਤਾ।
“ਪੁੱਤ ਦੱਸੋ ਕੌਣ ਹਨ ਇਹ?”
ਮੈਂ ਕਿਹਾ,,”ਮੇਰਾ ਬਾਬਾ।”
ਸਭ ਸਮਝੇ ਮੈ ਬਾਬੇ ਨਾਨਕ ਦੀ ਗੱਲ ਕਰ ਰਹੀ।ਜਦ ਕਿ ਬਾਬੇ ਨਾਨਕ ਬਾਰੇ ਓਦੋਂ ਕੁੱਝ ਨਹੀਂ ਸੀ ਪਤਾ।ਅਸਲ ਚ ਜਿੱਦਾਂ ਦੀ ਫੋਟੋ ਬਾਬੇ ਨਾਨਕ ਦੀ ਸੀ ਉਸੇ ਤਰ੍ਹਾਂ ਦੇ ਮੇਰੇ ਬਾਬਾ ਜੀ ਦੀ ਸ਼ਕਲ ਸੂਰਤ ਸੀ।
“ਪੁੱਤ ਪੂਰਾ ਨਾਮ ਦੱਸੋ ਕਿਹੜਾ ਬਾਬਾ?”
“ਮੇਰਾ ਬਾਬਾ ਆ ਏ।ਪਰ ਪੀਲਾ ਕੁੜਤਾ ਪਤਾ ਨਹੀਂ ਕਿਸ ਦਾ ਪਾ ਲਿਆ ਉਸਨੇ। ਉਸ ਕੋਲ ਤਾਂ ਬਸ ਚਿੱਟੇ ਕੁੜਤੇ ਹਨ।”
ਸਭ ਹੈਰਾਨ ਹੋ ਗਏ ਤੇ ਮਾਸਟਰ ਜੀ ਨੇ ਬੈਠਣ ਨੂੰ ਕਹਿ ਦਿੱਤਾ।ਪਰ ਅੱਜ ਵੀ ਮੈਨੂੰ ਮੇਰੇ ਬਾਬਾ ਜੀ ਬਾਬਾ ਨਾਨਕ ਵਰਗੇ ਹੀ ਜਾਪਦੇ ਹਨ ਭਾਵੇਂ ਕਿ ਉਹ ਸਰੀਰਕ ਤੌਰ ਤੇ ਮੇਰੇ ਨਾਲ ਨਹੀਂ।
ਆਪ ਦੀ ਪਿਆਰੀ ਪੋਤੀ ਅੱਜ ਵੀ ਆਪਣੇ ਬਾਬੇ ਨਾਨਕ ਨੂੰ ਆਪਣੇ ਅੰਗ ਸੰਗ ਹੀ ਮਹਿਸੂਸ ਕਰਦੀ ਹੈ।
✍️ ਗੁਰਜੀਤ ਕੌਰ✍️