ਕੱਲ ਮੇਰੇ ਪਿੰਡ ਚੀਮਾਂ ਖੁੱਡੀ ਵਿੱਚ ਵਾਪਰੀ ਦੁਖਦ ਘਟਨਾ ਨੇ ਪੂਰੇ ਪਿੰਡ ਵਾਸੀਆਂ ਤੇ ਇਲਾਕਾ ਵਾਸੀਆਂ ਨੂੰ ਹਲੂਣ ਕੇ ਰੱਖ ਦਿੱਤਾ ਹੈ। ਇੱਕ ਨੰਨਾ ਜਿਹਾ ਬਾਲ ਜਿਹੜਾ ਹਾਲੇ ਆਪਣੀ ਉਮਰ ਦੀਆਂ ਕੁਝ ਕੁ ਪੌੜੀਆਂ ਹੀ ਚੜਿਆ ਸੀ, ਸਕੂਲ ਬੱਸ ਹੇਠ ਕੁਚਲਿਆ ਗਿਆ ਤੇ ਸਦਾ ਲਈ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਿਆ।
ਇਸਦੇ ਨਾਲ ਹੀ ਮਿਲਦੀ ਜੁਲਦੀ ਘਟਨਾ ਤਰਨਤਾਰਨ ਜਿਲੇ ਚੋ ਸੁਣਨ ਨੂੰ ਮਿਲੀ ਜਿੱਥੇ ਇੱਕ ਬਾਲ ਸਕੂਲ ਬੱਸ ਹੇਠ ਕੁਚਲਿਆ ਗਿਆ ਸੀ।
ਬਹੁਤ ਹੀ ਦੁਖਦ ਘਟਨਾ ਹੈ।
ਇਹਨਾਂ ਘਟਨਾਵਾਂ ਨੇ ਬਹੁਤ ਕੁਝ ਸੋਚਣ ਤੇ ਮਜ਼ਬੂਰ ਕਰ ਦਿੱਤਾ ਜੋ ਆਪ ਸਭ ਨਾਲ ਵੀ ਸਾਂਝਿਆਂ ਕਰਨਾ ਚਾਹੁੰਦੀ ਹਾਂ ਤਾਂ ਕਿ ਕਿਸੇ ਹੋਰਨਾਂ ਮਾਪਿਆਂ ਨੂੰ ਇਵੇਂ ਆਪਣੇ ਬੱਚਿਆਂ ਲਈ ਨਾ ਤੜਫਨਾ ਪਵੇ।
੧. ਸਕੂਲ ਇਹ ਸਬਕ ਲੈਂਦੇ ਹੋਏ ਬੱਚਿਆਂ ਨੂੰ ਹਫਤਾਵਾਰੀ ਜਾਗਰੂਕਤਾ ਸੈਮੀਨਾਰ ਰਾਹੀਂ ਸਿੱਖਿਆ ਦੇਵਣ ਕਿ ਬੱਚਿਆਂ ਨੂੰ ਪੂਰੀ ਤਰ੍ਹਾਂ ਬਸ ਰੁਕਣ ਤੇ ਹੀ ਹੇਠਾਂ ਉੱਤਰਨਾ ਚਾਹੀਦਾ ਹੈ।
੨. ਮਾਪਿਆਂ ਨੂੰ ਸਟੈਂਡ ਤੇ ਪਹਿਲਾਂ ਹੀ ਰੁਕਣ ਦੀ ਹਦਾਇਤ ਦਿੱਤੀ ਜਾਵੇ।
੩. ਜੇਕਰ ਮਾਪੇ ਕਿਸੇ ਵਜਾ ਕਰਕੇ ਨਹੀਂ ਪਹੁੰਚ ਪਾਉਂਦੇ ਤਾਂ ਕੰਡਕਟਰ ਦੀ ਡਿਊਟੀ ਲਗਾਈ ਜਾਵੇ ਕਿ ਬੱਚੇ ਨੂੰ ਸੁਰੱਖਿਅਤ ਜਗ੍ਹਾ ਤੇ ਪਹੁੰਚਾਇਆ ਜਾਵੇ।
੪. ਹਰ ਬਸ ਚ ਡਰਾਈਵਰ ਤੇ ਕੰਡਕਟਰ ਦੋਵਾਂ ਦੀ ਡਿਊਟੀ ਹੋਵੇ ਕਿ ਬਸ ਰੋਕ ਕੇ ਬੱਚੇ ਨੂੰ ਉਤਾਰ ਕੇ ਪੂਰੀ ਨਿਗਰਾਨੀ ਚ ਸੜਕ ਪਾਰ ਕਰਾਈ ਜਾਵੇ।
੫. ਬਹੁਤ ਵਾਰ ਦੇਖਿਆ ਕਿ ਡਰਾਈਵਰ ਕਿਸੇ ਨਾ ਕਿਸੇ ਵਜਾ ਕਰਕੇ ਦੇਰੀ ਹੋ ਜਾਵਣ ਤੇ ਬਹੁਤ ਹੜਬੜੀ ਵਿੱਚ ਬੱਚਿਆਂ ਨੂੰ ਬੱਸ ਤੋਂ ਉਤਾਰ ਕੇ ਰਫੂ ਚੱਕਰ ਹੋ ਜਾਂਦੇ ਨੇ, ਇਹੋ ਜਿਹੇ ਵਰਤਾਓ ਬਾਰੇ ਡਰਾਈਵਰ ਨੂੰ ਪਹਿਲਾਂ ਤੋਂ ਹੀ ਸਖਤ ਤਾੜਨਾ ਕੀਤੀ ਜਾਵੇ।
੬. ਮਾਪਿਆਂ ਦਾ ਵੀ ਫਰਜ਼ ਬਣਦਾ ਕਿ ਓਹ ਆਪਣੇ ਬੱਚਿਆਂ ਨੂੰ ਜਿੰਮੇਵਾਰੀ ਨਾਲ ਸਮਝਾਉਣ ਕਿ ਚੱਲਦੀ ਬੱਸ ਤੇ ਸੀਟ ਤੇ ਹੀ ਬੈਠੇ ਰਹਿਣ।
੭. ਬਸ ਰੁਕਣ ਤੇ ਹੀ ਬੱਚੇ ਖਿੜਕੀ ਤੇ ਆਉਣ।
੮. ਜੇਕਰ ਮਾਪੇ ਨਾਲ ਨੇ ਤਾਂ ਇਸ ਗੱਲ ਦਾ ਖਾਸ ਧਿਆਨ ਰੱਖਣ ਕਿ ਬਸ ਚੱਲਣ ਦਿੱਤੀ ਜਾਵੇ ਫਿਰ ਹੀ ਸੜਕ ਪਾਰ ਕਰਨ।
੯. ਹਮੇਸ਼ਾ ਬੱਚਿਆਂ ਦਾ ਹੱਥ ਫੜ ਕੇ ਰੱਖੋ, ਬਹੁਤੇ ਕੇਸ ਇਹ ਵੀ ਹੋਏ ਕਿ ਬੱਚੇ ਮਾਪਿਆਂ ਤੋਂ ਪਹਿਲਾਂ ਸੜਕ ਪਾਰ ਕਰਨ ਲੱਗਿਆ ਦੁਰਘਟਨਾਵਾਂ ਦੇ ਸ਼ਿਕਾਰ ਹੋ ਗਏ।
੧੦. ਵੱਡੇ ਬੱਚੇ ਛੋਟੇ ਬੱਚਿਆਂ ਦੀ ਬਸ ਚੋਂ ਉੱਤਰਦੇ ਸਮੇਂ ਮਦਦ ਕਰਨ ਤੇ ਪਹਿਲਾਂ ਕੋਈ ਵੱਡਾ ਬੱਚਾ ਬਸ ਤੋਂ ਉੱਤਰ ਕੇ ਕੁਝ ਪਲ ਖਿੜਕੀ ਕੋਲ ਖੜ ਜਾਵੇ ਤਾਂ ਕਿ ਛੋਟੇ ਬੱਚੇ ਹੌਂਸਲੇ ਨਾਲ ਬਸ ਤੋਂ ਉੱਤਰ ਸਕਣ।
੧੧. ਸਮੇਂ ਸਮੇਂ ਤੇ ਬੱਚਿਆਂ ਨੂੰ ਹਦਾਇਤਾਂ ਯਾਦ ਕਰਵਾਈਆਂ ਜਾਣ ਤਾਂ ਕਿ ਕਿਸੇ ਵੀ ਅਣਸੁਖਾਵੀਂ ਘਟਨਾ ਤੋਂ ਬਚਿਆ ਜਾ ਸਕੇ।
ਡਰਾਈਵਰ ਵੀਰ ਇਹ ਧਿਆਨ ਜਰੂਰ ਰੱਖਿਆ ਕਰੋ ਕਿ ਕੁਝ ਪਲ ਲੇਟ ਹੋ ਜਾਵਣ ਨਾਲ ਤੁਹਾਡਾ ਕੋਈ ਨੁਕਸਾਨ ਨਹੀਂ ਹੋਣਾ ਪਰ ਕਈ ਮਾਪੇ ਵਿਲਕਣ ਤੋਂ ਬਚ ਜਾਣਗੇ। ਮਿਹਰਬਾਨੀ ਕਰਕੇ ਇੱਕ ਵਾਰ ਓਹਨਾਂ ਮਾਪਿਆਂ ਬਾਰੇ ਜਰੂਰ ਸੋਚਿਆ ਕਰੋ ਜਿਹਨਾਂ ਆਪਣੇ ਜਿਗਰ ਦੇ ਟੋਟੇ ਤੁਹਾਡੇ ਸਹਾਰੇ ਤੋਰੇ ਹੁੰਦੇ ਨੇ।
ਪਰਮਾਤਮਾ ਪਰਿਵਾਰਾਂ ਨੂੰ ਇਸ ਦੁੱਖ ਦੀ ਘੜੀ ਨਾਲ ਵਿਚਰਨ ਦਾ ਬਲ ਬਖਸਣ। 😔
✍️ਮਨਪ੍ਰੀਤ ਕੌਰ